ਮਾਛੀਵਾੜਾ ਸਾਹਿਬ (ਟੱਕਰ) : ਭਾਰਤ ਮਾਲਾ ਸੜਕੀ ਪਰਿਯੋਜਨਾ ਤਹਿਤ ਰੋਪੜ ਤੋਂ ਲੈ ਕੇ ਲੁਧਿਆਣਾ ਤੱਕ ਬਣ ਰਹੇ ਹਾਈਵੇਜ਼ ਲਈ ਅੱਜ ਪੁਲਸ ਪ੍ਰਸ਼ਾਸਨ ਹਲਕਾ ਸਾਹਨੇਵਾਲ ਦੇ ਪਿੰਡ ਬੌਂਕੜ ਗੁੱਜਰਾਂ ਵਿਖੇ ਜ਼ਮੀਨ ਐਕਵਾਇਰ ਕਰਨ ਪੁੱਜਾ। ਕਿਸਾਨ ਜੱਥੇਬੰਦੀਆਂ ਲੱਖੋਵਾਲ, ਉਗਰਾਹਾਂ, ਜ਼ਮੀਨ ਮਾਲਕਾਂ ਅਤੇ ਰੋਡ ਸੰਘਰਸ਼ ਕਮੇਟੀ ਦੇ ਸਖ਼ਤ ਵਿਰੋਧ ਕਾਰਨ ਉਨ੍ਹਾਂ ਨੂੰ ਬਿਨ੍ਹਾਂ ਕਬਜ਼ੇ ਲਏ ਵਾਪਸ ਪਰਤਣਾ ਪਿਆ। ਜਾਣਕਾਰੀ ਮੁਤਾਬਕ ਅੱਜ ਸਵੇਰੇ ਪਿੰਡ ਬੌਂਕੜ ਗੁੱਜਰਾਂ ਵਿਖੇ ਭਾਰੀ ਗਿਣਤੀ 'ਚ ਪੁਲਸ ਫੋਰਸ ਸਮੇਤ ਮਾਲ ਵਿਭਾਗ ਜ਼ਮੀਨ ਐਕਵਾਇਰ ਕਰਨ ਲਈ ਪੁੱਜਾ ਤਾਂ ਕਿਸਾਨਾਂ ਨੂੰ ਇਸ ਦੀ ਪਹਿਲਾਂ ਹੀ ਭਿਣਕ ਸੀ, ਜਿਸ ਕਾਰਨ ਉੱਥੇ ਵੱਡੀ ਗਿਣਤੀ 'ਚ ਕਿਸਾਨ ਇਕੱਠੇ ਹੋ ਗਏ। ਪ੍ਰਸ਼ਾਸਨ ਵਲੋਂ ਜ਼ਮੀਨ ਐਕਵਾਇਰ ਕਰਨ ਲਈ ਜਿਉਂ ਹੀ ਬੁਲਡੋਜ਼ਰ ਤੇ ਜੇ. ਸੀ. ਬੀ. ਮਸ਼ੀਨਾਂ ਖੇਤਾਂ 'ਚ ਵਾੜੀਆਂ ਤਾਂ ਕਿਸਾਨਾਂ ਨੇ ਇਨ੍ਹਾਂ ਨੂੰ ਘੇਰ ਕੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਕੋਟਕਪੂਰਾ ਫਾਇਰਿੰਗ ਮਾਮਲੇ 'ਚ ਸਾਬਕਾ DGP ਸੈਣੀ ਨੂੰ ਸੰਮਨ ਜਾਰੀ, ਇਸ ਤਾਰੀਖ਼ ਨੂੰ ਪੇਸ਼ ਹੋਣ ਦੇ ਹੁਕਮ
ਇਸ ਮੌਕੇ ਰੋਡ ਸੰਘਰਸ਼ ਕਮੇਟੀ ਦੇ ਪ੍ਰਧਾਨ ਬਿੱਕਰ ਸਿੰਘ ਕਾਲਖ਼, ਅਵਤਾਰ ਸਿੰਘ, ਕਿਸਾਨ ਆਗੂ ਸੁਦਾਗਰ ਸਿੰਘ, ਗਿਆਨ ਸਿੰਘ ਮੰਡ, ਕੁਲਦੀਪ ਸਿੰਘ ਟੰਡੀ, ਸਾਧੂ ਸਿੰਘ ਪੰਜੇਟਾ, ਗੁਰਚਰਨ ਸਿੰਘ, ਤੇਜਾ ਸਿੰਘ, ਸੁਖਦੇਵ ਸਿੰਘ, ਸੁਰਜੀਤ ਸਿੰਘ, ਸੁਖਵਿੰਦਰ ਸਿੰਘ ਰਤਨਗੜ੍ਹ ਤੇ ਲਛਮਣ ਸਿੰਘ ਕੂੰਮਕਲਾਂ ਨੇ ਦੱਸਿਆ ਕਿ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਨਾਲ ਵਾਅਦੇ ਕਰ ਰਹੀ ਹੈ ਕਿ ਉਨ੍ਹਾਂ ਨੂੰ ਜ਼ਮੀਨ ਐਕਵਾਇਰ ਕਰਨ ਬਦਲੇ ਪੂਰਾ ਮੁਆਵਜ਼ਾ ਮਿਲੇਗਾ ਅਤੇ ਇਸ ਸਬੰਧੀ ਜੋ ਵੀ ਉਨ੍ਹਾਂ ਦੀਆਂ ਮੰਗਾਂ ਹਨ, ਉਹ ਪੂਰੀਆਂ ਕੀਤੀਆਂ ਜਾਣਗੀਆਂ। ਦੂਜੇ ਪਾਸੇ ਇਨ੍ਹਾਂ ਮੰਗਾਂ ਨੂੰ ਪੂਰਾ ਕਰਨ ਤੋਂ ਪਹਿਲਾਂ ਹੀ ਸਰਕਾਰ ਨੇ ਆਪਣਾ ਪ੍ਰਸ਼ਾਸਨ ਜ਼ਮੀਨ ਐਕਵਾਇਰ ਕਰਨ ਲਈ ਭੇਜ ਦਿੱਤਾ, ਜਿਸ ਕਾਰਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਿਸਾਨਾਂ ਪ੍ਰਤੀ ਦੋਗਲਾ ਚਿਹਰਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ 'ਡੇਂਗੂ' ਦੇ ਮਰੀਜ਼ਾਂ ਦੀ ਵਧੀ ਭੀੜ, ਹਸਪਤਾਲਾਂ 'ਚ ਦਾਖ਼ਲ ਹੋਣ ਲਈ ਕਰਨੀ ਪੈ ਰਹੀ ਉਡੀਕ
ਕਿਸਾਨ ਆਗੂਆਂ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਇਹ ਸਰਕਾਰ ਪ੍ਰਚਾਰ ਕਰਦੀ ਹੈ ਕਿ ਕਿਸਾਨ ਧਰਨੇ ਨਾ ਲਗਾਉਣ ਅਤੇ ਦੂਜੇ ਪਾਸੇ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਜ਼ਮੀਨ ਮਾਲਕਾਂ ਨੇ ਕਿਹਾ ਕਿ ਉਹ ਆਪਣੇ ਜਿਊਂਦੇ ਜੀਅ ਮੰਗਾਂ ਪ੍ਰਵਾਨ ਨਾ ਹੋਣ ਤੱਕ ਪ੍ਰਸ਼ਾਸਨ ਨੂੰ ਜ਼ਮੀਨਾਂ ’ਤੇ ਕਾਬਜ਼ ਨਹੀਂ ਲੈਣ ਦੇਣਗੇ। ਦੂਜੇ ਪਾਸੇ ਇਸ ਸਬੰਧੀ ਪੁਲਸ ਪ੍ਰਸ਼ਾਸਨ ਵਲੋਂ ਜ਼ਮੀਨ ਦਾ ਕਬਜ਼ਾ ਲੈਣ ਲਈ ਜੁਆਇੰਟ ਕਮਿਸ਼ਨਰ ਪੁਲਸ ਰਵਚਰਨ ਸਿੰਘ ਬਰਾੜ, ਡੀ. ਐੱਸ. ਪੀ. ਰਾਜੇਸ਼ ਕੁਮਾਰ, ਥਾਣਾ ਮੁਖੀ ਕੂੰਮਕਲਾਂ ਕੁਲਵੀਰ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਗੁਰਜਿੰਦਰ ਸਿੰਘ, ਤਹਿਸੀਲਦਾਰ ਜਗਦੀਪ ਇੰਦਰ ਸਿੰਘ ਸੋਢੀ ਪੁੱਜੇ ਸਨ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਬੌਂਕੜ ਗੁੱਜਰਾਂ ਵਿਖੇ ਜ਼ਮੀਨ ਐਕਵਾਇਰ ਕਰਨ ਪੁੱਜੇ ਸਨ ਪਰ ਕਿਸਾਨ ਜੱਥੇਬੰਦੀਆਂ ਤੇ ਲੋਕਾਂ ਦੇ ਵਿਰੋਧ ਕਾਰਨ ਇਹ ਪ੍ਰਕਿਰਿਆ ਮੁਕੰਮਲ ਨਾ ਹੋ ਸਕੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅਸਲਾ ਲਾਇਸੈਂਸ ਧਾਰਕਾਂ ਨੂੰ ਜਾਰੀ ਕੀਤੇ ਨਿਰਦੇਸ਼ਾਂ ਨੂੰ ਪ੍ਰਸ਼ਾਸਨ ਵੱਲੋਂ ਸਖ਼ਤੀ ਨਾਲ ਲਾਗੂ ਕਰਨ ਦੀ ਤਿਆਰੀ
NEXT STORY