ਲੌਂਗੋਵਾਲ (ਵਸ਼ਿਸ਼ਟ, ਵਿਜੇ ) : ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 36 ਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਟ ਕਰਨ ਆਏ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੂੰ ਅੱਜ ਕਿਸਾਨਾਂ ਅਤੇ ਈ. ਟੀ. ਟੀ. ਬੇਰੁਜ਼ਗਾਰ ਅਧਿਆਪਕਾਂ ਦੇ ਜ਼ਬਰਦਸਤ ਰੋਹ ਦਾ ਸਾਹਮਣਾ ਕਰਨਾ ਪਿਆ। ਪੰਜਾਬ ਸਰਕਾਰ ਵੱਲੋਂ ਆਯੋਜਿਤ ਸਮਾਗਮ ’ਚ ਪੁੱਜੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਅਤੇ ਸਾਧੂ ਸਿੰਘ ਧਰਮਸੋਤ ਬਡਬਰ ਰੋਡ ’ਤੇ ਜਿਉਂ ਹੀ ਕੰਡੇ ਕੋਲ ਪੁੱਜੇ ਤਾਂ ਸੈਂਕੜੇ ਹੀ ਕਿਸਾਨਾਂ ਨੇ ਨਾਅਰੇਬਾਜ਼ੀ ਕਰਕੇ ਵਿਰੋਧ ਕੀਤਾ। ਕਿਸਾਨਾਂ ਨੇ ਜਿੱਥੇ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ, ਉੱਥੇ ਨਾਲ ਹੀ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਰਦੁਆਰਾ ਕੈਂਬੋਵਾਲ ਸਾਹਿਬ ਵਿਖੇ ਅਯੋਜਿਤ ਸਮਾਗਮ ’ਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਘਿਰਾਓ ਕਰਨ ਲਈ ਕਿਸਾਨਾਂ ਨੇ ਗੁਰਦੁਆਰੇ ਦੇ ਨੇੜੇ ਹੀ ਧਰਨਾ ਲਾ ਦਿੱਤਾ। ਕਿਸਾਨਾਂ ਦੇ ਵਿਰੋਧ ਦੇ ਚੱਲਦਿਆਂ ਹੀ ਸੁਖਬੀਰ ਬਾਦਲ ਨੇ ਅੱਜ ਲੌਂਗੋਵਾਲ ਦਾ ਆਪਣਾ ਦੌਰਾ ਰੱਦ ਕਰ ਦਿੱਤਾ।
ਸੁਖਬੀਰ ਬਾਦਲ ਦਾ ਦੌਰਾ ਰੱਦ ਹੋਣ ਸਬੰਧੀ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਨਰਜੀਤ ਗੋਲਡੀ ਨੇ ਐਮਰਜੈਂਸੀ ਕੰਮ ਦਾ ਹਵਾਲਾ ਦਿੱਤਾ ਹੈ ਪਰ ਲੋਕਾਂ ’ਚ ਇਹ ਚਰਚਾ ਹੈ ਕਿ ਕਿਸਾਨਾਂ ਦੇ ਵਿਰੋਧ ਦੇ ਕਾਰਨ ਹੀ ਸੁਖਬੀਰ ਬਾਦਲ ਨੇ ਆਪਣਾ ਦੌਰਾ ਰੱਦ ਕੀਤਾ ਹੈ। ਇਸੇ ਦੌਰਾਨ ਬਰਸੀ ਸਮਾਗਮ ਚ ਹਿੱਸਾ ਲੈਣ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੂੰਹ ਵੀ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਗੁਰਦੁਆਰੇ ਦੇ ਗੇਟ ਨੇੜਿਓਂ ਹੀ ਵਾਪਸ ਚਲੇ ਗਏ। ਕਿਰਤੀ ਕਿਸਾਨ ਯੂਨੀਅਨ (ਯੂਥ ਵਿੰਗ) ਦੇ ਵਰਕਰ ਅੱਜ ਸਵੇਰ ਤੋਂ ਹੀ ਇਸ ਵਿਰੋਧ ’ਚ ਡਟੇ ਹੋਏ ਸਨ।
ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਪੁਲਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਅਤੇ ਕਿਸਾਨਾਂ ਦੀ ਘੇਰਾਬੰਦੀ ਕਰਕੇ ਮੰਤਰੀ ਸਾਹਿਬਾਨਾਂ ਦੀਆਂ ਗੱਡੀਆਂ ਲੰਘਣ ਦਾ ਰਸਤਾ ਬਣਾਇਆ ਗਿਆ। ਇਸ ਤੋਂ ਬਾਅਦ ਜਦੋਂ ਅਨਾਜ ਮੰਡੀ ਵਾਲੇ ਸਮਾਗਮ ਦੀ ਸਮਾਪਤੀ ਤੋਂ ਬਾਅਦ ਮੰਤਰੀ ਸਾਹਿਬਾਨ ਅਤੇ ਅਧਿਕਾਰੀ ਆਪਣੀਆਂ ਗੱਡੀਆਂ ’ਚ ਸਵਾਰ ਹੋ ਕੇ ਰਵਾਨਾ ਹੋ ਰਹੇ ਸਨ ਤਾਂ ਵਿਰੋਧ ਕਰ ਰਹੇ ਸੈਂਕੜੇ ਲੋਕ ਉੱਥੇ ਵੀ ਆ ਪੁੱਜੇ ਅਤੇ ਜੱਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਕ ਸਰਕਾਰੀ ਗੱਡੀਆਂ 'ਤੇ ਰੋੜੇ ਮਾਰੇ ਜਾਣ ਦੀ ਵੀ ਖ਼ਬਰ ਹੈ। ਇਹ ਗੱਡੀ ਜ਼ਿਲ੍ਹੇ ਦੇ ਉੱਚ ਅਧਿਕਾਰੀ ਦੀ ਦੱਸੀ ਜਾਂਦੀ ਹੈ। ਸਮਾਗਮ ਵਿੱਚ ਪੁੱਜੇ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਇਕ ਪਾਇਲਟ ਗੱਡੀ ਨੂੰ ਵੀ ਪ੍ਰਦਰਸ਼ਨਕਾਰੀਆਂ ਵੱਲੋਂ ਘੇਰੇ ਜਾਣ ਦੀ ਖ਼ਬਰ ਹੈ।
ਚੰਡੀਗੜ੍ਹ ਦੇ ਨਵੇਂ DGP ਪਰਵੀਰ ਰੰਜਨ ਨੇ ਸੰਭਾਲਿਆ ਕਾਰਜਭਾਰ, ਅਫ਼ਸਰਾਂ ਨਾਲ ਕੀਤੀ ਮੀਟਿੰਗ
NEXT STORY