ਮਾਛੀਵਾੜਾ ਸਾਹਿਬ (ਟੱਕਰ) : ਸਥਾਨਕ ਬਲੀਬੇਗ ਬਸਤੀ ਵਿਖੇ ਬੀਤੀ ਰਾਤ ਇੱਕ ਝੁੱਗੀ 'ਚ ਅੱਗ ਲੱਗਣ ਕਾਰਨ ਉਸ 'ਚ ਸੁੱਤੇ ਪਏ 3 ਬੱਚੇ ਸ਼ਬਨਮ, ਵਿਸ਼ਾਲ ਤੇ ਗੋਪਾਲ ਅਤੇ ਉਨ੍ਹਾਂ ਦਾ ਪਿਤਾ ਇੰਦਰ ਸਾਹਨੀ ਬੁਰੀ ਤਰ੍ਹਾਂ ਝੁਲਸ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਚਿਆਂ ਦੀ ਮਾਂ ਸੁਨੀਤਾ ਦੇਵੀ ਨੇ ਦੱਸਿਆ ਕਿ ਉਹ ਰੋਟੀ ਪਕਾਉਣ ਤੋਂ ਬਾਅਦ ਆਪਣੇ ਪਰਿਵਾਰ ਸਮੇਤ ਸੌਂ ਗਏ ਸਨ। ਉਸ ਨੇ ਦੱਸਿਆ ਕਿ ਉਹ ਤੇ ਉਸਦਾ ਪਤੀ ਅੱਗੇ ਝੁੱਗੀ 'ਚ ਸੁੱਤੇ ਪਏ ਸਨ, ਜਦੋਂ ਕਿ ਪਿਛਲੇ ਪੱਕੇ ਬਣੇ ਕਮਰੇ ਵਿਚ ਉਨ੍ਹਾਂ ਦੇ ਤਿੰਨ ਬੱਚੇ ਸੌਂ ਰਹੇ ਸਨ।
ਸੁਨੀਤਾ ਦੇਵੀ ਨੇ ਦੱਸਿਆ ਕਿ ਉਸ ਦਾ ਪਤੀ ਖੇਤਾਂ ਵਿਚ ਫ਼ਸਲਾਂ ’ਤੇ ਸਪਰੇਅ ਕਰਨ ਦਾ ਕੰਮ ਕਰਦਾ ਹੈ ਅਤੇ ਉਸਲੇ ਸਪਰੇਅ ਵਾਲਾ ਪੰਪ ਚੁੱਲ੍ਹੇ ਨੇੜੇ ਰੱਖ ਦਿੱਤਾ। ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਚੁੱਲ੍ਹੇ ਦੀ ਰਾਖ਼ ਤੋਂ ਪੰਪ 'ਚ ਪਏ ਪੈਟਰੋਲ ਨੂੰ ਅੱਗ ਲੱਗ ਗਈ, ਜਿਸ ਨੇ ਸਾਰੀ ਝੁੱਗੀ ਨੂੰ ਆਪਣੀ ਚਪੇਟ 'ਚ ਲੈ ਲਿਆ। ਅੱਗ ਦੀਆਂ ਲਪਟਾਂ ਦੇਖ ਅਤੇ ਰੌਲਾ ਸੁਣ ਕੇ ਆਸ-ਪਾਸ ਦੇ ਗੁਆਂਢੀ ਵੀ ਉੱਠ ਖੜ੍ਹੇ, ਜਿਨ੍ਹਾਂ ਨੇ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ।
ਸੁਨੀਤਾ ਦੇਵੀ ਦੇ ਤਿੰਨ ਬੱਚੇ ਜੋ ਪਿਛਲੇ ਕਮਰੇ ’ਚ ਪਏ ਸਨ ਉਹ ਅੱਗ ਦੀਆਂ ਲਪਟਾਂ ’ਚ ਘਿਰ ਗਏ ਅਤੇ ਧੂੰਏ ਕਾਰਨ ਉਹ ਬੇਹਾਲ ਹੋ ਗਏ ਅਤੇ ਬੜੀ ਮੁਸ਼ੱਕਤ ਤੋਂ ਬਾਅਦ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ। ਇਸ ਹਾਦਸੇ ਵਿਚ 3 ਬੱਚੇ ਸ਼ਬਨਮ, ਵਿਸ਼ਾਲ ਤੇ ਗੋਪਾਲ ਅਤੇ ਉਨ੍ਹਾਂ ਦਾ ਪਿਤਾ ਇੰਦਰ ਸਾਹਨੀ ਝੁਲਸੇ ਗਏ, ਜਿਨ੍ਹਾਂ ਨੂੰ ਇਲਾਜ ਲਈ ਪਹਿਲਾਂ ਮਾਛੀਵਾੜਾ ਹਸਪਤਾਲ ਲਿਆਂਦਾ ਗਿਆ ਪਰ ਹਾਲਤ ਗੰਭੀਰ ਦੇਖਦਿਆਂ ਪੀ. ਜੀ. ਆਈ. ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ।
ਨਗਰ ਨਿਗਮ ਨੇ ਟੈਕਸ ਨਾ ਭਰਨ ਕਾਰਨ 4 ਜਾਇਦਾਦਾਂ ਨੂੰ ਕੀਤਾ ਸੀਲ
NEXT STORY