ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਚਲਾਈ ਜਾ ਰਹੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਇੱਕ ਮਹਿਲਾ ਸਰਪੰਚ, ਮਨਰੇਗਾ ਦੇ ਦੋ ਕਰਮਚਾਰੀਆਂ ਅਤੇ ਇੱਕ ਪ੍ਰਾਈਵੇਟ ਵਿਅਕਤੀ ਵਿਰੁੱਧ ਮਨਰੇਗਾ ਦੇ ਫੰਡਾਂ ਵਿੱਚ 2,16,510 ਰੁਪਏ ਦਾ ਗਬਨ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਇਸ ਕੇਸ ਵਿੱਚ ਅਮਨਦੀਪ ਕੌਰ ਸਰਪੰਚ ਗ੍ਰਾਮ ਪੰਚਾਇਤ ਕੋਟ ਜਸਪਤ ਜ਼ਿਲ੍ਹਾ ਤਰਨਤਾਰਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਬਾਕੀ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਵਿਜੀਲੈਂਸ ਵੱਲੋਂ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕੈਬਨਿਟ ਸਬ-ਕਮੇਟੀ ਵੱਲੋਂ ਬੇ-ਜ਼ਮੀਨੇ ਮਜ਼ਦੂਰਾਂ ਤੇ ਠੇਕਾ ਮੁਲਾਜ਼ਮਾਂ ਨਾਲ ਮੀਟਿੰਗ, ਮੰਗਾਂ ਦੇ ਹੱਲ ਦਾ ਦਿੱਤਾ ਭਰੋਸਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਕੋਟ ਜਸਪਤ ਜ਼ਿਲ੍ਹਾ ਤਰਨਤਾਰਨ ਦੀ ਸਰਪੰਚ ਅਮਨਦੀਪ ਕੌਰ, ਗ੍ਰਾਮ ਰੋਜ਼ਗਾਰ ਸਹਾਇਕ ਮਗਨਰੇਗਾ ਜੋਧਵੀਰ ਸਿੰਘ, ਕੋਟ ਜਸਪਤ ਗ੍ਰਾਮ ਪੰਚਾਇਤ ਦੇ ਮਨਰੇਗਾ ਤਕਨੀਕੀ ਸਹਾਇਕ ਤਰੁਨਪ੍ਰੀਤ ਸਿੰਘ ਅਤੇ ਸਰਕਾਰੀ ਫੰਡਾਂ ਨੂੰ ਹੜੱਪਣ ਵਿੱਚ ਉਕਤ ਦੋਸ਼ੀਆਂ ਦੀ ਮਦਦ ਕਰਨ ਵਾਲੇ ਇੱਕ ਨਿੱਜੀ ਵਿਅਕਤੀ ਪ੍ਰੇਮ ਸਿੰਘ ਖਿਲਾਫ਼ ਆਈ ਸ਼ਿਕਾਇਤ ਦੀ ਪੜਤਾਲ ਕਰਨ ਉਪਰੰਤ ਹੀ ਦੋਸ਼ੀਆਂ ਵਿਰੁੱਧ ਗਬਨ ਦਾ ਇਹ ਮਾਮਲਾ ਦਰਜ ਕੀਤਾ ਗਿਆ ਹੈ।
ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਦੋਸ਼ੀਆਂ ਨੇ ਆਪਸ ਵਿੱਚ ਮਿਲੀਭੁਗਤ ਕਰਕੇ ਪਿੰਡ ਵਿੱਚ ਮਗਨਰੇਗਾ ਸਕੀਮ ਤਹਿਤ ਮਜ਼ਦੂਰਾਂ ਦੇ ਫਰਜ਼ੀ ਮਸਟਰ ਰੋਲ ਤਿਆਰ ਕੀਤੇ ਅਤੇ ਆਪਣੀ ਜਾਣ-ਪਛਾਣ ਵਿਅਕਤੀਆਂ ਦੇ ਨਾਂ ’ਤੇ ਦਿਹਾੜੀਆਂ ਦੇ ਜਾਅਲੀ ਬਿੱਲ ਬਣਾ ਕੇ, ਬੈਂਕ ਵਿੱਚੋਂ ਤਨਖਾਹਾਂ ਕਢਵਾਈਆਂ। ਤਫ਼ਤੀਸ਼ ਵਿੱਚ ਇਹ ਗੱਲ ਸਿੱਧ ਹੋ ਗਈ ਹੈ ਕਿ ਉਕਤ ਮੁਲਜਮਾਂ ਨੇ ਆਪਣੇ ਸਰਕਾਰੀ ਅਹੁਦਿਆਂ ਦੀ ਦੁਰਵਰਤੋਂ ਕਰਕੇ ਆਪਣੇ ਸੌੜੇ ਹਿੱਤਾਂ ਲਈ ਸਰਕਾਰੀ ਫੰਡਾਂ ਵਿੱਚ ਧਾਂਦਲੀ ਕੀਤੀ ਹੈ।
ਇਹ ਵੀ ਪੜ੍ਹੋ : ਜ਼ੀਰਾ ਸ਼ਰਾਬ ਫੈਕਟਰੀ ਮਾਮਲਾ: ਪ੍ਰਦਰਸ਼ਨਕਾਰੀਆਂ ਦੇ ਹੱਕ 'ਚ ਆਏ ਸੁਖਬੀਰ ਬਾਦਲ, ਸਰਕਾਰ ਨੂੰ ਕੀਤੀ ਇਹ ਅਪੀਲ
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸਬੰਧ ਵਿੱਚ ਆਈਪੀਸੀ ਦੀ ਧਾਰਾ 409, 420, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1)ਏ, 13(2) ਤਹਿਤ ਥਾਣਾ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਵਿਖੇ ਕੇਸ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਮਾਲਬਰੋਸ ਸ਼ਰਾਬ ਫੈਕਟਰੀ ਮਾਮਲਾ: 23 ਦਸੰਬਰ ਦੇ ਹਾਈਕੋਰਟ ਦੇ ਫ਼ੈਸਲੇ ’ਤੇ ਟਿਕੀਆਂ ਸਭ ਦੀਆਂ ਨਜ਼ਰਾਂ
NEXT STORY