ਨਾਭਾ (ਭੁਪਿੰਦਰ ਭੂਪਾ) - ਬੀਤੀ ਸ਼ਾਮ ਪਿੰਡ ਅਲੋਹਰਾਂ ਖੁਰਦ ਦੇ ਪ੍ਰਸਿੱਧ ਗੁਰਦੁਆਰਾ ਸ੍ਰੀ ਸਿੱਧਸਰ ਸਾਹਿਬ ਵਿਖੇ ਹੋਈ ਦੋ ਧੜਿਆਂ ਦੀ ਲੜਾਈ ਵਿਚ 3 ਵਿਅਕਤੀ ਫੱਟੜ ਹੋ ਗਏ। ਜਾਣਕਾਰੀ ਅਨੁਸਾਰ ਗੁਰਦੁਆਰਾ ਸ੍ਰੀ ਸਿੱਧਸਰ ਸਾਹਿਬ ਦੀ ਦੇਖ-ਰੇਖ ਨੂੰ ਲੈ ਕੇ ਪ੍ਰਬੰਧਕੀ ਕਮੇਟੀ ਅਤੇ ਬਾਬਾ ਕਸ਼ਮੀਰਾ ਸਿੰਘ ਵਿਚਕਾਰ ਪਹਿਲਾਂ ਹੀ ਖਿੱਚੋਤਾਣ ਚੱਲ ਰਹੀ ਸੀ। ਇਸ ਦੇ ਕਾਰਨ ਕਥਿਤ ਤੌਰ 'ਤੇ ਬੀਤੀ ਸ਼ਾਮ ਬਾਬਾ ਕਸ਼ਮੀਰਾ ਸਿੰਘ ਦੇ ਕਥਿਤ ਸਮਰਥਕਾਂ ਨੇ ਬਾਬਾ ਨਰਿੰਦਰ ਸਿੰਘ ਦੇ ਸਮਰਥਕਾਂ 'ਤੇ ਮਾਰੂ ਹਥਿਆਰ ਲੈ ਕੇ ਹਮਲਾ ਕਰ ਦਿੱਤਾ।
ਹਮਲੇ ਵਿਚ ਦੋਵਾਂ ਧਿਰਾਂ ਦੇ 3 ਵਿਅਕਤੀ ਫੱਟੜ ਹੋ ਗਏ ਹਨ। ਫੱਟੜਾਂ ਵਿਚੋਂ ਇੱਕ ਵਿਅਕਤੀ ਨਾਭਾ ਸਿਵਲ ਹਸਪਤਾਲ ਵਿਖੇ ਦਾਖਲ ਹੈ, ਜਦਕਿ ਦੂਜੀ ਧਿਰ ਦੇ ਦੋ ਵਿਅਕਤੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਹੋ ਗਏ ਹਨ। ਦੂਜੇ ਪਾਸੇ ਬਾਬਾ ਕਸ਼ਮੀਰਾ ਸਿੰਘ ਦੇ ਅਮਰੀਕਾ ਹੋਣ ਦੀ ਸਥਿਤੀ ਵਿਚ ਉਨ੍ਹਾਂ ਦਾ ਮੋਬਾਇਲ ਫੋਨ ਬੰਦ ਆਉਂਦਾ ਰਿਹਾ ਜਿਸ ਕਾਰਨ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਉਪਰੋਕਤ ਕਾਰਵਾਈ ਦੀ ਪੁਸ਼ਟੀ ਕਰਦਿਆਂ ਸਦਰ ਥਾਣਾ ਦੇ ਐੈੱਸ. ਐੈੱਚ. ਓ. ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ। ਦੋਵਾਂ ਧਿਰਾਂ 'ਤੇ ਕ੍ਰਾਸ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੂਜੀ ਧਿਰ ਦੇ ਪ੍ਰਧਾਨ ਸੁਰਜੀਤ ਸਿੰਘ ਸੀਟੀ ਬਿਰੜਵਾਲ ਨੇ ਕਿਹਾ ਕਿ ਦੂਜੀਆਂ ਧਿਰਾਂ ਵੱਲੋਂ ਲਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ। ਜਥੇਦਾਰ ਕਸ਼ਮੀਰਾ ਸਿੰਘ ਤਾਂ ਦੇਸ਼ ਤੋਂ ਬਾਹਰ ਹਨ, ਜਿਨ੍ਹਾਂ ਦੀ ਗੈਰ-ਹਾਜ਼ਰੀ ਵਿਚ ਦੂਜੀ ਧਿਰ ਮਾਹੌਲ ਖਰਾਬ ਕਰ ਰਹੀ ਹੈ।
ਹਜ਼ਾਰਾਂ ਸੰਗਤਾਂ ਨੇ ਦਿੱਤੀਆਂ ਹਰਭਜਨ ਸਿੰਘ ਨੱਢਾ ਨੂੰ ਸ਼ਰਧਾਂਜਲੀਆਂ
NEXT STORY