ਮਾਲੇਰਕੋਟਲਾ (ਜ਼ਹੂਰ/ਸ਼ਹਾਬੂਦੀਨ) - ਐਸ. ਡੀ. ਐਮ. ਮਾਲੇਰਕੋਟਲਾ ਵਿਕਰਮਜੀਤ ਸਿੰਘ ਪਾਂਥੇ ਨੇ ਅੱਜ ਇਕ ਸੂਚਨਾ ਦੇ ਆਧਾਰ ’ਤੇ ਪਿੰਡ ਮਾਣਕਵਾਲ ਵਿਖੇ ਚੌਹਾਨ ਫਿਲਿੰਗ ਸਟੇਸ਼ਨ ਵਿਖੇ ਅਚਨਚੇਤਛਾਪਾ ਮਾਰ ਕੇ ਉਥੇ ਨਾਜਾਇਜ਼ ਤੌਰ ’ਤੇ ਪੈਟਰੋਲ ਅਤੇ ਡੀਜ਼ਲ ਵੇਚਣ ਦਾ ਪਰਦਾਫਾਸ਼ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਂਥੇ ਨੇ ਦੱਸਿਆ ਕਿ ਉਨ੍ਹਾਂ ਨੁੰ ਸੂਚਨਾ ਮਿਲੀ ਸੀ ਕਿ ਪਿੰਡ ਮਾਣਕਵਾਲ ਵਿਖੇ ਇੰਡੀਅਨ ਆਇਲ ਦਾ ਪੈਟਰੋਲ ਪੰਪ ਚੌਹਾਨ ਫਿਲਿੰਗ ਸਟੇਸ਼ਨ ਜੋ ਪਿਛਲੇ 5 ਮਹੀਨਿਆਂ ਤੋਂ ਇੰਡੀਅਨ ਆਇਲ ਵੱਲੋਂ ਸੀਲ ਕੀਤਾ ਹੋਇਆ ਸੀ, ਪ੍ਰੰਤੂ ਇਸ ਪੰਪ ਵਿਖੇ ਪ੍ਰਦੀਪ ਫਿਲਿੰਗ ਸਟੇਸ਼ਨ, ਭੁਰਥਲਾ ਮੰਡੇਰ ਤੋਂ ਟੈਂਕਰ ਰਾਹੀਂ ਪੈਟਰੋਲ ਅਤੇ ਡੀਜ਼ਲ ਮੰਗਵਾ ਕੇ ਆਮ ਲੋਕਾਂ ਨੂੰ ਨਾਜਾਇਜ਼ ਤੌਰ ’ਤੇ ਵੇਚਿਆ ਜਾ ਰਿਹਾ ਸੀ। ਪਾਂਥੇ ਨੇ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਅੱਜ ਉਨ੍ਹਾਂ ਨੇ ਅਚਨਚੇਤ ਫਿਲਿੰਗ ਸਟੇਸ਼ਨ ਦਾ ਅਚਨਚੇਤ ਦੌਰਾ ਕੀਤਾ। ਇਸ ਸਮੇਂ ਪੈਟਰੋਲ ਪੰਪ ਉਪਰ ਕੁੱਝ ਲੋਕ ਪੈਟਰੋਲ ਅਤੇ ਡੀਜ਼ਲ ਪੁਆ ਰਹੇ ਸਨ।
ਉਨ੍ਹਾਂ ਦੱਸਿਆ ਕਿ ਚੈਕਿੰਗ ਸਮੇਂ ਪਿੰਡ ਮਾਣਕਵਾਲ ਦੇ ਮਨਪ੍ਰੀਤ ਸਿੰਘ ਨੇ ਆਪਣੀ ਮਾਰੂਤੀ ਕਾਰ (ਪੀ.ਬੀ 11 ਪੀ 3754) 'ਚ 170 ਰੁਪਏ ਦਾ ਪੈਟਰੋਲ ਅਤੇ ਗੁਰਪ੍ਰੀਤ ਸਿੰਘ ਨੇ ਵੀ ਆਪਣੇ ਮੋਟਰਸਾਇਕਲ (ਪੀ.ਬੀ 28 ਡੀ 8399) ‘ਚ 70ਰੁਪਏ ਦਾ ਪੈਟਰੋਲ ਪੁਆਇਆ ਸੀ। ਇਸ ਮੌਕੇ ਪਰਦੀਪ ਫਿਲਿੰਗ ਸਟੇਸ਼ਨ, ਭੁਰਥਲਾ ਮੰਡੇਰ ਤੋਂ ਟੈਕਰ ਰਾਹੀਂ ਪੈਟਰੋਲ ਅਤੇ ਡੀਜ਼ਲ ਲੈ ਕੇ ਆਏ ਡਰਾਇਵਰ ਗੁਰਦੀਪ ਸਿੰਘ ਵਾਸੀ ਪਿੰਡ ਰੁੜਕੀ ਖੁਰਦ ਨੇ ਦੱਸਿਆ ਕਿ ਉਹ 2000 ਲਿਟਰ ਪੈਟਰੋਲ ਅਤੇ 2000 ਲਿਟਰ ਡੀਜ਼ਲ ਲੈ ਕੇ ਆਏ ਹਨ ਅਤੇ ਉਹ ਹਰ 15 ਦਿਨ ਬਾਅਦ ਇਸ ਪੈਟਰੋਲ ਪੰਪ ਤੇ ਪੈਟਰੋਲ ਅਤੇ ਡੀਜ਼ਲ ਲੈ ਕੇ ਆਉਂਦੇ ਹਨ। ਇਸ ਮੌਕੇ ਪੈਟਰੋਲ ਪੰਪ ਤੇ ਕੰਮ ਕਰਨ ਵਾਲੇ ਦਿਲਬਰ ਵਾਸੀ ਪਿੰਡ ਧਲੇਰ, ਹਰਦੀਪ ਸਿੰਘ ਵਾਸੀ ਪਿੰਡ ਮਾਣਕਵਾਲ ਅਤੇ ਲਵਪ੍ਰੀਤ ਵਾਸੀ ਪਿੰਡ ਮਾਣਕਵਾਲ ਨੇ ਦੱਸਿਆ ਕਿ ਉਹ ਆਮ ਵਾਂਗ ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਦੇ ਰਹੇ ਹਨ।
ਇਸ ਮੌਕੇ ਪਾਂਥੇ ਨੇ ਟੈਂਕਰ ਦੀ ਚਾਬੀ ਅਤੇ ਦਸਤਾਵੇਜ਼ ਜ਼ਬਤ ਕਰਦੇ ਹੋਏ ਪੈਟਰੋਲ ਪੰਪ ਦੇ ਕਰਿੰਦਿਆਂ ਨੂੰ ਤੁਰੰਤ ਪੈਟਰੋਲ ਅਤੇ ਡੀਜ਼ਲ ਬੰਦ ਕਰਨ ਦੀ ਸਖ਼ਤ ਹਦਾਇਤ ਕੀਤੀ ਅਤੇ ਥਾਣਾ ਸੰਦੌੜ ਪੁਲਸ ਨੂੰ ਤੁਰੰਤ ਮੌਕੇ ’ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਪਾਂਥੇ ਨੇ ਦੱਸਿਆ ਕਿ ਮੌਕੇ ’ਤੇ ਮੌਜੂਦ ਸਟਾਫ ਦੇ ਦੱਸਣ ਅਨੁਸਾਰ ਚੌਹਾਨ ਫਿਲਿੰਗ ਸਟੇਸ਼ਨ, ਪਿੰਡ ਮਾਣਕਵਾਲ ਸਬੰਧਤ ਕੰਪਨੀ ਇੰਡੀਅਨ ਆਇਲ ਵੱਲੋਂ ਪੰਜ ਮਹੀਨੇ ਪਹਿਲਾਂ ਸੀਲ ਕਰ ਦਿੱਤਾ ਗਿਆ ਸੀ ਪਰੰਤੂ ਇਹ ਪੰਪ ਨਾਜਾਇਜ਼ ਤੌਰ ’ਤੇ ਪੈਟਰੋਲ ਅਤੇ ਡੀਜ਼ਲ ਵੇਚ ਕੇ ਕੰਪਨੀ ਨੂੰ ਚੂਨਾ ਲਗਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲਿਖਤੀ ਰਿਪੋਰਟ ਉਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ।
ਪੰਜਾਬ ਸਰਕਾਰ ਨੇ ਰੈਗੂਲਰ ਅਧਾਰ ’ਤੇ 124 ਮੈਡੀਕਲ ਅਫ਼ਸਰਾਂ (ਜਨਰਲ) ਦੀ ਕੀਤੀ ਨਿਯੁਕਤੀ
NEXT STORY