ਜਲੰਧਰ (ਸੁਨੀਲ)– ਸ਼ਨੀਵਾਰ ਸਵੇਰੇ ਪੁਲਸ ਕਮਿਸ਼ਨਰ ਧੰਨਪ੍ਰੀਤ ਕੌਰ ਨੇ ਚਾਰਜ ਸੰਭਾਲਿਆ ਅਤੇ ਦੇਰ ਰਾਤ ਲਾਡੋਵਾਲੀ ਰੋਡ ਤੋਂ ਸਰ੍ਹੋਂ ਦੇ ਤੇਲ ਨਾਲ ਭਰੀ ਪਿਕਅਪ ਗੱਡੀ ਨੂੰ ਲੁੱਟ ਕੇ ਲੁਟੇਰੇ ਫ਼ਰਾਰ ਹੋ ਗਏ। ਲੁਟੇਰੇ ਨੂੰ ਫੈਕਟਰੀ ਦੇ ਮਾਲਕ ਨੇ ਜੀ.ਪੀ.ਐੱਸ. ਸਿਸਟਮ ਨਾਲ ਟਰੈਕ ਕਰ ਲਿਆ ਅਤੇ ਜਲੰਧਰ-ਅੰਮ੍ਰਿਤਸਰ ਹਾਈਵੇ ’ਤੇ ਸਥਿਤ ਵੇਰਕਾ ਮਿਲਕ ਪਲਾਂਟ ਤੋਂ ਅੱਗੇ ਡਬਲਯੂ.ਜੇ. ਗ੍ਰੈਂਡ ਹੋਟਲ ਦੇ ਸਾਹਮਣੇ ਲੁਟੇਰੇ ਨੂੰ ਕਾਬੂ ਕਰਨਾ ਚਾਹਿਆ, ਪਰ ਦੋਵਾਂ ਵਾਹਨਾਂ ਦੀ ਟੱਕਰ ਹੋ ਗਈ ਤੇ ਟੱਕਰ ਤੋਂ ਬਾਅਦ ਦੋਵੇਂ ਵਾਹਨ ਪਲਟ ਗਏ।
ਇਸ ਕਾਰਨ ਲੁਟੇਰੇ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਦੂਜਾ ਲੁਟੇਰਾ ਜਿਹੜਾ ਐਕਟਿਵਾ ’ਤੇ ਸਵਾਰ ਸੀ, ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਨੰਬਰ 1 ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪਛਾਣ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਹੈ।
ਜਾਣਕਾਰੀ ਦਿੰਦਿਆਂ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਅਮਨ ਨਗਰ ਵਿਚ ਹਰੀਸ਼ ਚੰਦਰ ਐਗਰੋ ਐਂਡ ਕੈਮੀਕਲ ਨਾਂ ਦੀ ਸਰ੍ਹੋਂ ਦਾ ਤੇਲ ਬਣਾਉਣ ਵਾਲੀ ਫੈਕਟਰੀ ਚਲਾਉਂਦੇ ਹਨ। ਉਨ੍ਹਾਂ ਦਾ ਡਰਾਈਵਰ ਆਲੋਕ ਕੁਮਾਰ, ਜਿਹੜਾ ਕਿ ਕਈ ਸਾਲਾਂ ਤੋਂ ਉਨ੍ਹਾਂ ਕੋਲ ਕੰਮ ਕਰਦਾ ਹੈ, ਰੋਜ਼ਾਨਾ ਫੈਕਟਰੀ ਵਿਚੋਂ ਪਿਕਅਪ ਗੱਡੀ ਵਿਚ ਸਰ੍ਹੋਂ ਦਾ ਤੇਲ ਲੋਡ ਕਰ ਕੇ ਬੂਟਾ ਮੰਡੀ ਸਥਿਤ ਘਰ ਲਿਜਾਂਦਾ ਹੈ। ਇਸ ਤੋਂ ਬਾਅਦ ਸਵੇਰੇ ਉਹ ਸਪਲਾਈ ਦੇਣ ਲਈ ਨਿਕਲ ਜਾਂਦਾ ਸੀ। ਸ਼ਨੀਵਾਰ ਸ਼ਾਮੀਂ ਵੀ ਉਹ ਪਿਕਅਪ ਗੱਡੀ ਵਿਚ ਸਰ੍ਹੋਂ ਦੇ ਤੇਲ ਦੀਆਂ ਪੇਟੀਆਂ ਲੱਦ ਕੇ ਫੈਕਟਰੀ ਵਿਚੋਂ ਨਿਕਲਿਆ ਸੀ।

ਇਹ ਵੀ ਪੜ੍ਹੋ- 'ਡੌਂਕੀ' ਨੇ ਨਿਗਲ਼ ਲਿਆ ਇਕ ਹੋਰ ਮਾਂ ਦਾ ਸੋਹਣਾ ਪੁੱਤ, ਅਮਰੀਕਾ ਜਾਂਦੇ ਨੂੰ ਰਸਤੇ 'ਚੋਂ ਹੀ ਲੈ ਗਿਆ 'ਕਾਲ਼'
ਪੀੜਤ ਡਰਾਈਵਰ ਆਲੋਕ ਨੇ ਦੱਸਿਆ ਕਿ ਉਹ ਪਿਕਅਪ ਗੱਡੀ ਵਿਚ ਸਾਮਾਨ ਲੋਡ ਕਰ ਕੇ ਨਿਕਲਿਆ ਅਤੇ ਜਿਉਂ ਹੀ ਉਹ ਲਾਡੋਵਾਲੀ ਰੋਡ ’ਤੇ ਕਿਸੇ ਕੰਮ ਲਈ ਦੁਕਾਨ ’ਤੇ ਰੁਕਿਆ ਤਾਂ ਗੱਡੀ ਦੀ ਚਾਬੀ ਅੰਦਰ ਹੀ ਸੀ। ਪੀੜਤ ਅਨੁਸਾਰ ਜਦੋਂ ਉਹ ਵਾਪਸ ਮੁੜਿਆ ਤਾਂ ਐਕਟਿਵਾ ਸਵਾਰ 2 ਨੌਜਵਾਨ ਆਏ, ਜਿਨ੍ਹਾਂ ਵਿਚੋਂ ਇਕ ਨੌਜਵਾਨ ਹੇਠਾਂ ਉਤਰਿਆ ਅਤੇ ਇਕਦਮ ਪਿਕਅਪ ਗੱਡੀ ਨੂੰ ਸਟਾਰਟ ਕਰ ਕੇ ਫ਼ਰਾਰ ਹੋ ਗਿਆ। ਦੂਜਾ ਲੁਟੇਰਾ ਐਕਟਿਵਾ ’ਤੇ ਉਸ ਦੇ ਪਿੱਛੇ-ਪਿਛੇ ਚਲਾ ਗਿਆ।
ਆਲੋਕ ਨੇ ਦੱਸਿਆ ਕਿ ਉਸਨੇ ਬਹੁਤ ਰੌਲਾ ਪਾਇਆ ਪਰ ਕਿਸੇ ਨੇ ਵੀ ਲੁਟੇਰਿਆਂ ਦਾ ਪਿੱਛਾ ਨਹੀਂ ਕੀਤਾ। ਇਸ ਤੋਂ ਬਾਅਦ ਗੱਡੀ ਲੁੱਟੇ ਜਾਣ ਦੀ ਸੂਚਨਾ ਉਸ ਨੇ ਆਪਣੇ ਮਾਲਕ ਸੁਰਿੰਦਰ ਕੁਮਾਰ ਨੂੰ ਦਿੱਤੀ ਤਾਂ ਉਹ ਆਪਣੀ ਇਨੋਵਾ ਗੱਡੀ ਲੈ ਕੇ ਮੌਕੇ ’ਤੇ ਪੁੱਜੇ। ਇਸ ਦੌਰਾਨ ਉਨ੍ਹਾਂ ਆਪਣੀ ਗੱਡੀ ’ਤੇ ਲੱਗੇ ਜੀ.ਪੀ.ਐੱਸ. ਸਿਸਟਮ ਨੂੰ ਟਰੈਕ ਕੀਤਾ ਤਾਂ ਲੁੱਟੀ ਹੋਈ ਗੱਡੀ ਜਲੰਧਰ-ਅੰਮ੍ਰਿਤਸਰ ਹਾਈਵੇ ਵੱਲ ਜਾਂਦੀ ਦਿਖਾਈ ਦਿੱਤੀ।
ਉਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਗੱਡੀ ਨੂੰ ਟਰੈਕ ਕਰ ਲਿਆ ਤਾਂ ਲੁਟੇਰੇ ਨੂੰ ਗੱਡੀ ਰੋਕਣ ਦਾ ਇਸ਼ਾਰਾ ਕੀਤਾ ਪਰ ਉਸ ਨੇ ਉਨ੍ਹਾਂ ਦੀ ਗੱਡੀ ਵਿਚ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਨੋਵਾ ਅਤੇ ਪਿਕਅਪ ਗੱਡੀ ਦੋਵੇਂ ਪਲਟ ਗਈਆਂ। ਇਨੋਵਾ ਪਲਟਣ ਨਾਲ ਸੁਰਿੰਦਰ ਕੁਮਾਰ ਅਤੇ ਡਰਾਈਵਰ ਆਲੋਕ ਨੂੰ ਮਾਮੂਲੀ ਸੱਟਾਂ ਲੱਗੀਆਂ, ਜਦੋਂ ਕਿ ਪਿਕਅਪ ਗੱਡੀ ਪਲਟਣ ਨਾਲ ਲੁਟੇਰੇ ਦਾ ਸਿਰ ਡਿਵਾਈਡਰ ਨਾਲ ਟਕਰਾ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਪੁਲਸ ਥਾਣਾ ਨੰਬਰ 1 ਦੀ ਪੁਲਸ ਨੂੰ ਦਿੱਤੀ ਗਈ ਤਾਂ ਐੱਸ.ਐੱਚ.ਓ. ਅਜਾਇਬ ਸਿੰਘ ਪੁਲਸ ਪਾਰਟੀ ਨਾਲ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ।

ਮੁੱਢਲੀ ਜਾਂਚ 'ਚ ਪਾਇਆ ਗਿਆ ਕਿ ਮਾਮਲਾ ਐਕਸੀਡੈਂਟ ਦਾ ਨਹੀਂ, ਲੁੱਟ ਦਾ ਹੈ। ਪੁਲਸ ਵੱਲੋਂ ਜ਼ਖ਼ਮੀ ਫੈਕਟਰੀ ਦੇ ਮਾਲਕ ਅਤੇ ਡਰਾਈਵਰ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪੁਲਸ ਨੇ ਪੀੜਤ ਫੈਕਟਰੀ ਮਾਲਕ ਅਤੇ ਡਰਾਈਵਰ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਹਾਲਾਂਕਿ ਐੱਸ.ਐੱਚ.ਓ. ਵੱਲੋਂ ਦੇਰ ਰਾਤ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪਛਾਣ ਲਈ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਭਿਜਵਾ ਦਿੱਤਾ ਗਿਆ।
ਪੁਲਸ ਦੀ ਮੰਨੀਏ ਤਾਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਘੋਖਿਆ ਜਾ ਿਰਹਾ ਹੈ ਅਤੇ ਇਸ ਮਾਮਲੇ ਨੂੰ ਹੱਲ ਕਰਨ ਲਈ ਟੈਕਨੀਕਲ ਵਿਭਾਗ ਦੀ ਮਦਦ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਲੁਟੇਰੇ ਅਤੇ ਉਸਦੇ ਫ਼ਰਾਰ ਸਾਥੀ ਦੀ ਪਛਾਣ ਜਲਦ ਕਰ ਲਈ ਜਾਵੇਗੀ। ਯਾਦ ਰਹੇ ਕਿ ਕੁਝ ਮਹੀਨੇ ਪਹਿਲਾਂ ਥਾਣਾ ਨੰਬਰ 8 ਦੀ ਪੁਲਸ ਅਤੇ ਸਬੰਧਤ ਵਿਭਾਗ ਨੇ ਸਾਂਝੇ ਤੌਰ ’ਤੇ ਉਕਤ ਸਰ੍ਹੋਂ ਦੇ ਤੇਲ ਦੀ ਫੈਕਟਰੀ ਵਿਚ ਰੇਡ ਕੀਤੀ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਹੋਈ ਵੱਡੀ ਘਟਨਾ ; ਸਿਵਲ ਹਸਪਤਾਲ ਦੇ ਮੇਨ ਕੰਟਰੋਲ ਰੂਮ 'ਚ ਲੱਗ ਗਈ ਅੱਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਹੋਈ ਵੱਡੀ ਘਟਨਾ ; ਸਿਵਲ ਹਸਪਤਾਲ ਦੇ ਮੇਨ ਕੰਟਰੋਲ ਰੂਮ 'ਚ ਲੱਗ ਗਈ ਅੱਗ
NEXT STORY