ਨਾਭਾ (ਜੈਨ) : ਸਥਾਨਕ ਥਾਣਾ ਸਦਰ ਪੁਲਸ ਨੇ ਪਤਨੀ ਦੀ ਕੁੱਟਮਾਰ ਕਰਨ ’ਤੇ ਪਤੀ, ਸੱਸ-ਸਹੁਰੇ ਅਤੇ ਨਨਾਣ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਹਰਜੋਤ ਕੌਰ ਪਤਨੀ ਅਰਵਿੰਦਰ ਸਿੰਘ ਵਾਸੀ ਪਿੰਡ ਅਗੌਲ ਨੇ ਦੱਸਿਆ ਕਿ ਉਸ ਦਾ ਵਿਆਹ 20 ਨਵੰਬਰ, 2017 ਨੂੰ ਅਰਵੰਦਰ ਸਿੰਘ ਪੁੱਤਰ ਹਰਬੰਸ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਸਹੁਰਾ ਪਰਿਵਾਰ ਤੰਗ-ਪਰੇਸ਼ਾਨ ਕਰਦਾ ਸੀ ਅਤੇ ਉਸ ਦੀ ਕੁੱਟਮਾਰ ਵੀ ਕੀਤੀ ਗਈ।
ਹਰਜੋਤ ਕੌਰ ਅਨੁਸਾਰ ਉਸ ਦੇ ਗਲੇ ’ਚ ਚੁੰਨੀ ਪਾ ਕੇ ਪੱਖੇ ਨਾਲ ਲਟਕਾ ਦਿੱਤਾ ਗਿਆ। ਅਚਾਨਕ ਉਸ ਦੇ ਪਿਤਾ ਜੁਗਿੰਦਰ ਸਿੰਘ ਅਤੇ ਤਾਇਆ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਨੇ ਉਸ ਨੂੰ ਹੇਠਾਂ ਉਤਾਰਿਆ। ਪੁਲਸ ਨੇ ਹਰਜੋਤ ਕੌਰ ਦੇ ਬਿਆਨਾਂ ਅਨੁਸਾਰ ਉਸ ਦੇ ਪਤੀ ਅਰਵਿੰਦਰ ਸਿੰਘ, ਸੱਸ ਪਰਮਜੀਤ ਕੌਰ, ਸਹੁਰੇ ਹਰਬੰਸ ਸਿੰਘ ਵਾਸੀ ਪਿੰਡ ਅਗੌਲ ਅਤੇ ਨਨਾਣ ਰਣਦੀਪ ਕੌਰ ਪਤਨੀ ਗੁਰਜੀਤ ਸਿੰਘ ਵਾਸੀ ਪਿੰਡ ਲਲੋੜਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।
ਸ਼ਿਕਾਇਤਕਰਤਾ ਨੇ ਰੋਂਦੇ ਹੋਏ ਦੱਸਿਆ ਕਿ ਉਸ ਦੇ ਵਿਆਹ ਤੋਂ ਕੁੱਝ ਮਹੀਨਿਆਂ ਬਾਅਦ ਉਸ ਦੀ ਮਾਂ ਦਾ ਦਿਹਾਂਤ ਹੋ ਗਿਆ। ਉਸ ਦੀ 9 ਮਹੀਨਿਆਂ ਦੀ ਬੇਟੀ ਹੈ। ਸਹੁਰਾ ਪਰਿਵਾਰ ਵੱਲੋਂ ਜ਼ਮੀਨ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਕੁੱਟਮਾਰ ਕਰ ਕੇ ਕਿਹਾ ਜਾਂਦਾ ਸੀ ਕਿ ਦਾਜ ਹੋਰ ਲੈ ਕੇ ਆ ਨਹੀਂ ਤਾਂ ਮਾਰ ਦੇਵਾਂਗੇ। ਉਸ ਨੇ ਪੁਲਸ ਤੋਂ ਮੰਗ ਕੀਤੀ ਕਿ ਸਹੁਰੇ ਪਰਿਵਾਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਉਸ ਨੂੰ ਇਨਸਾਫ ਮਿਲ ਸਕੇ। ਡੀ. ਐੱਸ. ਪੀ. ਰਾਜੇਸ਼ ਛਿੱਬੜ ਨੇ ਐੱਸ. ਐੱਚ. ਓ. ਨੂੰ ਨਿਰਦੇਸ਼ ਦਿੱਤਾ ਹੈ ਕਿ ਗ੍ਰਿਫ਼ਤਾਰੀਆਂ ਕੀਤੀਆਂ ਜਾਣ ਅਤੇ ਬਿਆਨਾਂ ਅਨੁਸਾਰ ਲੋੜ ਪੈਣ ’ਤੇ ਧਾਰਾ ’ਚ ਵਾਧਾ ਵੀ ਕੀਤਾ ਜਾ ਸਕਦਾ ਹੈ। ਸ਼ਿਕਾਇਤ ਕਰਤਾ ਦੇ ਬਿਆਨਾਂ ਅਨੁਸਾਰ ਪੁਲਸ ਨੇ ਧਾਰਾ 498 ਨਹੀਂ ਲਾਈ, ਜਿਸ ਨੇ ਪੁਲਸ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ।
ਦਲ ਖ਼ਾਲਸਾ ਵਲੋਂ ਪੰਜਾਬ ਬੰਦ ਦੇ ਸੱਦੇ ਨੂੰ ਹਿਮਾਇਤ
NEXT STORY