ਹੁਸ਼ਿਆਰਪੁਰ (ਅਮਰਿੰਦਰ) : ਥਾਣਾ ਮਾਡਲ ਟਾਊਨ ਦੀ ਪੁਲਸ ਨੇ ਐਤਵਾਰ ਨੂੰ ਸ਼ੱਕੀ ਹਾਲਤ 'ਚ 17 ਸਾਲਾ ਕੁੜੀ ਦੀ ਮੌਤ ਦੇ ਬਾਅਦ ਪੁਲਸ ਨੂੰ ਜਾਣਕਾਰੀ ਦਿੱਤੇ ਬਿਨਾਂ ਅੰਤਿਮ ਸੰਸਕਾਰ ਕਰਨ ’ਤੇ ਹੁਣ ਗੁਆਂਢੀਆਂ ਦੀ ਸ਼ਿਕਾਇਤ 'ਤੇ ਪੁਲਸ ਨੇ ਮਤਰੇਏ ਪਿਤਾ ਅਤੇ ਸਕੀ ਮਾਂ ਖਿਲਾਫ਼ ਕਤਲ ਦੀ ਧਾਰਾ ਅਧੀਨ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਫਰਵਰੀ, 2020 'ਚ ਹੀ ਕੁੜੀ ਦੀ ਸ਼ਿਕਾਇਤ ’ਤੇ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਮਤਰੇਏ ਪਿਤਾ ’ਤੇ ਜਬਰ-ਜ਼ਿਨਾਹ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਸੀ, ਜਿਸ ਕਾਰਨ ਉਸ ਨੂੰ ਜੇਲ ਜਾਣਾ ਪਿਆ ਸੀ। ਇਸ ਦੌਰਾਨ 29 ਮਈ, 2020 ਨੂੰ ਉਹ ਜੇਲ ’ਚੋਂ ਜ਼ਮਾਨਤ ’ਤੇ ਬਾਹਰ ਆ ਗਿਆ ਸੀ।
ਪੁਲਸ ਅਤੇ ਮੁਹੱਲੇ ਦੇ ਲੋਕਾਂ ਨੂੰ ਗਲੇ ਨਹੀਂ ਉੱਤਰ ਰਹੀ ਸੀ ਗੱਲ
ਐਤਵਾਰ ਨੂੰ ਨਾਬਾਲਗ ਕੁੜੀ ਦੀ ਸ਼ੱਕੀ ਹਾਲਤ 'ਚ ਮੌਤ ਦੇ ਬਾਅਦ ਉਸ ਦੀ ਮਾਂ ਅਤੇ ਮਤਰੇਏ ਪਿਤਾ ਦਾ ਕਹਿਣਾ ਸੀ ਕਿ ਧੀ ਰਾਤ ਨੂੰ ਬੀਮਾਰ ਹੋਈ ਸੀ। ਰਾਤ ਨੂੰ ਢਿੱਡ 'ਚ ਦਰਦ ਦੀ ਸ਼ਿਕਾਇਤ ਕਰ ਰਹੀ ਸੀ ਪਰ ਦਵਾਈ ਦੇਣ ’ਤੇ ਠੀਕ ਹੋ ਗਈ ਸੀ। ਤੜਕੇ ਫਿਰ ਜਦੋਂ ਉਸਦੀ ਸਿਹਤ ਵਿਗੜਣ ਲੱਗੀ ਤਾਂ ਅਸੀਂ ਉਸ ਨੂੰ ਹਸਪਤਾਲ ਲੈ ਕੇ ਜਾ ਹੀ ਰਹੇ ਸੀ ਕਿ 5 ਵਜੇ ਦੇ ਕਰੀਬ ਕੁੜੀ ਦੀ ਮੌਤ ਹੋ ਗਈ। ਕੁੜੀ ਦੀ ਸੁਭਾਵਿਕ ਮੌਤ ਹੋਣ ਕਾਰਨ ਅਸੀਂ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ। ਨਾਬਾਲਗ ਕੁੜੀ ਦੀ ਮੌਤ ਅਤੇ ਬਿਨਾਂ ਪੁਲਸ ਅਤੇ ਲੋਕਾਂ ਨੂੰ ਦੱਸੇ ਅੰਤਿਮ ਸੰਸਕਾਰ ਕਰ ਦੇਣਾ ਨਾ ਤਾਂ ਇਹ ਗੱਲ ਪੁਲਸ ਅਤੇ ਨਾ ਹੀ ਮੁਹੱਲੇ ਦੇ ਲੋਕਾਂ ਨੂੰ ਹਜ਼ਮ ਹੋ ਰਹੀ ਸੀ।
ਗੁਆਂਢੀਆਂ ਨੇ ਜਤਾਇਆ ਕਤਲ ਦਾ ਖ਼ਦਸ਼ਾ
ਨਾਬਾਲਗ ਕੁੜੀ ਦੀ ਭੇਤਭਰੀ ਹਾਲਤ ’ਚ ਹੋਈ ਮੌਤ ਨੂੰ ਲੈ ਕੇ ਗੁਆਂਢੀਆਂ ਨੇ ਪੁਲਸ ਨੂੰ ਦੱਸਿਆ ਕਿ ਮਤਰੇਆ ਪਿਤਾ 29 ਮਈ ਨੂੰ ਜੇਲ 'ਚੋਂ ਜ਼ਮਾਨਤ ’ਤੇ ਬਾਹਰ ਆਇਆ ਸੀ। ਕੁੱਝ ਦਿਨ ਇਧਰ-ਉੱਧਰ ਰਹਿਣ ਦੇ ਬਾਅਦ ਉਹ ਫਿਰ ਆ ਕੇ ਆਪਣੇ ਘਰ 'ਚ ਰਹਿਣ ਲੱਗਾ ਸੀ। ਗੁਆਂਢੀਆਂ ਨੇ ਸ਼ੱਕ ਜਤਾਇਆ ਕਿ ਨਾਬਾਲਗ ਕੁੜੀ ਦੇ ਘਰ ਵਾਲਿਆਂ ਨੇ ਹੀ ਸਾਜ਼ਿਸ਼ ਤਹਿਤ ਉਸ ਦਾ ਕਤਲ ਕੀਤਾ ਹੈ।
ਪੁਲਸ ਦੋਸ਼ੀ ਮਾਤਾ-ਪਿਤਾ ਨੂੰ ਛੇਤੀ ਹੀ ਕਰ ਲਵੇਗੀ ਗ੍ਰਿਫਤਾਰ
ਸੰਪਰਕ ਕਰਨ ’ਤੇ ਥਾਣਾ ਮਾਡਲ ਟਾਊਨ ਦੇ ਐੱਸ. ਐੱਚ. ਓ. ਇੰਸਪੈਕਟਰ ਬਲਵਿੰਦਰ ਸਿੰਘ ਜੌੜਾ ਨੇ ਦੱਸਿਆ ਕਿ ਮਾਮਲਾ ਸ਼ੱਕੀ ਹੋਣ ਕਾਰਨ ਮ੍ਰਿਤਕਾ ਦੀ ਮੌਤ ਦੇ ਮਾਮਲੇ 'ਚ ਟਿੱਬਾ ਸਾਹਿਬ ਦੇ ਹੀ ਰਹਿਣ ਵਾਲੇ ਇੰਦਰ ਦੇ ਬਿਆਨ ’ਤੇ ਪੁਲਸ ਨੇ ਹੁਣ ਦੋਸ਼ੀ ਮਤਰੇਏ ਪਿਤਾ ਸੁਰਿੰਦਰ ਸਿੰਘ ਦੇ ਨਾਲ ਮਾਂ ਅਮਨਦੀਪ ਕੌਰ ਦੇ ਖਿਲਾਫ ਧਾਰਾ-302 ਅਤੇ 201 ਦੇ ਅਧੀਨ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਮ੍ਰਿਤਕਾ ਦੀ ਚਿਖਾ ਦੀ ਰਾਖ ਦਾ ਨਮੂਨਾ ਲੈ ਕੇ ਉਸਦੀ ਫੋਰੈਂਸਿਕ ਜਾਂਚ ਲਈ ਅੰਮ੍ਰਿਤਸਰ ਲੈਬਾਰਟਰੀ ਭੇਜ ਦਿੱਤਾ ਹੈ। ਦੋਸ਼ੀ ਪਿਤਾ ’ਤੇ ਥਾਣੇ 'ਚ ਪਹਿਲਾਂ ਵੀ ਮਾਮਲਾ ਦਰਜ ਹੈ। ਪੁਲਸ ਛੇਤੀ ਹੀ ਦੋਸ਼ੀ ਮਾਤਾ-ਪਿਤਾ ਨੂੰ ਗ੍ਰਿਫ਼ਤਾਰ ਕਰ ਲਵੇਗੀ।
ਵੱਡੀ ਵਾਰਦਾਤ: ਬਜ਼ੁਰਗ ਕਿਸਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਮੂੰਹ ਤੇ ਪ੍ਰਾਈਵੇਟ ਅੰਗ ਵੱਢਿਆ
NEXT STORY