ਮਾਲੇਰਕੋਟਲਾ(ਸ਼ਹਾਬੂਦੀਨ, ਜ਼ਹੂਰ)- ਦਿੱਲੀ ਗੇਟ ਨੇੜੇ ਸਥਿਤ ਸੰਤ ਰਾਮ ਸਟਰੀਟ ਦੇ ਵਸਨੀਕ ਭਜਨ ਸਿੰਘ ਪੁੱਤਰ ਨਰਾਇਣ ਸਿੰਘ ਦੇ ਪਰਿਵਾਰ 'ਤੇ ਦੀਵਾਲੀ ਦੀ ਰਾਤ ਉਸ ਸਮੇਂ ਭਾਰੀ ਕਹਿਰ ਬਣ ਕੇ ਟੁੱਟ ਪਈ ਜਦੋਂ ਉਸ ਵੱਲੋਂ ਸਾਰੀ ਉਮਰ ਡਰਾਈਵਰੀ 'ਚ ਹੱਡਭੰਨਵੀਂ ਮਿਹਨਤ ਨਾਲ ਤਿਣਕਾ-ਤਿਣਕਾ ਜੋੜ ਕੇ ਬਣਾਇਆ ਗਿਆ ਮਕਾਨ ਅੱਗ ਦੀਆਂ ਲਪਟਾਂ 'ਚ ਧੂ-ਧੂ ਕਰ ਕੇ ਸੜਨ ਲੱਗਾ। ਜਾਣਕਾਰੀ ਅਨੁਸਾਰ ਲੰਘੀ ਰਾਤ ਕਰੀਬ 10 ਵਜੇ ਭਜਨ ਸਿੰਘ ਦੇ ਪਰਿਵਾਰਕ ਮੈਂਬਰ ਦੀਵਾਲੀ ਦੀ ਪਾਠ-ਪੂਜਾ ਕਰਨ ਲਈ ਘਰ ਤੋਂ ਬਾਹਰ ਮੰਦਿਰ ਗਏ ਹੋਏ ਸਨ ਅਤੇ ਪਰਿਵਾਰ ਦਾ ਇਕਲੌਤਾ ਲੜਕਾ ਗਲੀ 'ਚ ਆਪਣੇ ਕਿਸੇ ਦੋਸਤ ਕੋਲ ਖੜ੍ਹਾ ਸੀ ਕਿ ਕਿਸੇ ਕਾਰਨ ਘਰ ਅੰਦਰਲੇ ਮੁੱਖ ਬੈਡਰੂਮ 'ਚ ਅੱਗ ਲੱਗ ਗਈ। ਜਦੋਂ ਤੱਕ ਅੱਗ ਲੱਗਣ ਦਾ ਘਰ ਦੇ ਬਾਹਰ ਖੜ੍ਹੇ ਲੜਕੇ ਨੂੰ ਪਤਾ ਲੱਗਾ ਉਦੋਂ ਤੱਕ ਅੱਗ ਦੀਆਂ ਲਪਟਾਂ ਭਿਆਨਕ ਰੂਪ ਧਾਰਨ ਕਰ ਚੁੱਕੀਆਂ ਸਨ। ਸੂਚਨਾ ਮਿਲਦਿਆਂ ਤੁਰੰਤ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਦੇ ਅਮਲੇ ਨੇ ਮੌਕੇ 'ਤੇ ਮੌਜੂਦ ਲੋਕਾਂ ਦੀ ਮਦਦ ਨਾਲ ਭਾਵੇਂ ਕੁਝ ਸਮੇਂ ਵਿਚ ਹੀ ਅੱਗ 'ਤੇ ਕਾਬੂ ਪਾ ਲਿਆ ਸੀ ਪਰ ਘਰ ਦਾ ਸਾਰਾ ਕੀਮਤੀ ਸਾਮਾਨ ਅੱਗ ਦੀ ਲਪੇਟ 'ਚ ਆਉਣ ਨਾਲ ਸੜ ਕੇ ਸੁਆਹ ਹੋ ਗਿਆ। ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਘਰ 'ਚ ਪਏ ਕੀਮਤੀ ਕੱਪੜਿਆਂ, ਕਾਗਜ਼ਾਤ, ਏ.ਸੀ., ਫਰਿੱਜ ਤੇ ਦੀਵਾਲੀ ਮੌਕੇ ਖਰੀਦੇ ਕੀਮਤੀ ਸਾਮਾਨ ਸਣੇ 50 ਹਜ਼ਾਰ ਰੁਪਏ ਅਤੇ ਸੋਨੇ ਦੇ ਗਹਿਣੇ ਸਭ ਕੁਝ ਅੱਗ ਦੀ ਭੇਟ ਚੜ੍ਹ ਗਏ। ਅੱਗ ਲੱਗਣ ਦੌਰਾਨ ਪਰਿਵਾਰ ਦੇ ਲੜਕੇ ਨੇ ਹਿੰਮਤ ਤੋਂ ਕੰਮ ਲੈਂਦਿਆਂ ਰਸੋਈ 'ਚੋਂ ਗੈਸ ਸਿਲੰਡਰ ਤੁਰੰਤ ਬਾਹਰ ਕੱਢ ਲਿਆਂਦਾ, ਜੇਕਰ ਗੈਸ ਸਿਲੰਡਰ ਅੰਦਰ ਹੀ ਰਹਿ ਜਾਂਦਾ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਘਟਨਾ ਦਾ ਪਤਾ ਲੱਗਦਿਆਂ ਹੀ ਜਿਥੇ ਦੋਵੇਂ ਥਾਣਾ ਮੁਖੀ ਮਜੀਦ ਖਾਂ ਅਤੇ ਜਤਿੰਦਰਪਾਲ ਸਿੰਘ ਭਾਰੀ ਪੁਲਸ ਫੋਰਸ ਸਣੇ ਅਤੇ ਨਗਰ ਕੌਂਸਲ ਪ੍ਰਧਾਨ ਮੁਹੰਮਦ ਇਕਬਾਲ ਫੌਜੀ ਆਪਣੇ ਸਾਥੀ ਕੌਂਸਲਰਾਂ ਸਣੇ ਮੌਕੇ 'ਤੇ ਪੁੱਜੇ। ਅੱਗ 'ਤੇ ਕਾਬੂ ਪਾਉਣ ਲਈ ਜਿਥੇ ਮੁਹੱਲਾ ਵਾਸੀ ਠੇਕੇਦਾਰ ਸੰਜੀਵ ਮੱਦੂ ਸਣੇ ਸ਼ਹਿਰ ਦੇ ਕਈ ਮੁਸਲਿਮ ਨੌਜਵਾਨਾਂ ਨੇ ਕਾਫੀ ਜੱਦੋ-ਜਹਿਦ ਕੀਤੀ ਉਥੇ ਹਾਦਸਾਗ੍ਰਸਤ ਘਰ ਦੇ ਨੇੜੇ ਹੀ ਰਹਿੰਦੇ ਡਾ. ਮੁਹੰਮਦ ਅਖਤਰ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਲਈ ਨਿਭਾਏ ਗਏ ਅਹਿਮ ਰੋਲ ਦੀ ਵੀ ਮੁਹੱਲਾ ਵਾਸੀਆਂ ਵੱਲੋਂ ਸ਼ਲਾਘਾ ਕੀਤੀ ਗਈ।
ਦੁੱਧ ਦੇ ਕਾਰੋਬਾਰੀ ਵੱਲੋਂ ਖੁਦਕੁਸ਼ੀ
NEXT STORY