ਲੁਧਿਆਣਾ (ਗੌਤਮ) : ਹੈਬੋਵਾਲ ਕਲਾਂ ਇਲਾਕੇ ਵਿੱਚ ਇੱਕ ਆੜ੍ਹਤੀ ਨਾਲ ਉਸਦੇ ਆਪਣੇ ਨੌਕਰ ਵੱਲੋਂ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਕਰ ਨੇ ਪਹਿਲਾਂ ਕਾਰੋਬਾਰ ਦੇ ਨਾਮ ’ਤੇ ਕਿਸਾਨਾਂ ਤੋਂ ਮਾਲ ਲੈ ਕੇ ਵੇਚਿਆ ਅਤੇ ਬਾਅਦ ਵਿੱਚ ਘਰੋਂ ਨਕਦੀ ਚੋਰੀ ਕਰਕੇ ਫਰਾਰ ਹੋ ਗਿਆ। ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਹੈਬੋਵਾਲ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ੇ
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸਿਵਲ ਸਿਟੀ ਹੈਬੋਵਾਲ ਦੇ ਰਹਿਣ ਵਾਲੇ ਗੋਬਿੰਦ ਆਹੂਜਾ ਨੇ ਦੱਸਿਆ ਕਿ ਉਸਨੇ ਆਪਣੇ ਪਿਤਾ ਜੁਗਲ ਕਿਸ਼ੋਰ ਦੀ ਦੇਖਭਾਲ ਲਈ ਫਾਜ਼ਿਲਕਾ ਨਿਵਾਸੀ ਅਮੀਰ ਚੰਦ ਉਰਫ਼ ਬਲਵੀਰ ਨੂੰ ਨੌਕਰ ਰੱਖਿਆ ਹੋਇਆ ਸੀ। ਅਮੀਰ ਚੰਦ ਕਾਰੋਬਾਰ ਵਿੱਚ ਵੀ ਉਸਦੀ ਮਦਦ ਕਰਦਾ ਸੀ ਅਤੇ ਆੜ੍ਹਤ ਦੇ ਕੰਮ ਬਾਰੇ ਪੂਰੀ ਜਾਣਕਾਰੀ ਹਾਸਲ ਕਰ ਚੁੱਕਾ ਸੀ। ਇਸ ਦੌਰਾਨ ਉਸਦੀ ਕਿਸਾਨਾਂ ਅਤੇ ਹੋਰ ਆੜ੍ਹਤੀਆਂ ਨਾਲ ਵੀ ਜਾਣ-ਪਛਾਣ ਬਣ ਗਈ।
ਇਸਦਾ ਫਾਇਦਾ ਚੁੱਕਦੇ ਹੋਏ ਦੋਸ਼ੀ ਨੇ ਗੋਬਿੰਦ ਆਹੂਜਾ ਦੇ ਨਾਮ ’ਤੇ ਕਿਸਾਨਾਂ ਤੋਂ ਆਲੂ ਅਤੇ ਹੋਰ ਸਾਮਾਨ ਲੈ ਕੇ ਆੜ੍ਹਤੀਆਂ ਨੂੰ ਵੇਚਿਆ ਅਤੇ ਮਿਲੀ ਰਕਮ ਆਪਣੀ ਪਤਨੀ ਦੇ ਖਾਤੇ ਵਿੱਚ ਜਮ੍ਹਾ ਕਰਵਾਉਂਦਾ ਰਿਹਾ। ਜਦੋਂ ਆੜ੍ਹਤੀ ਨੂੰ ਇਸ ਧੋਖਾਧੜੀ ਦਾ ਪਤਾ ਲੱਗਾ ਅਤੇ ਉਸਨੇ ਪੈਸਿਆਂ ਬਾਰੇ ਪੁੱਛਿਆ ਤਾਂ ਦੋਸ਼ੀ ਨੇ ਰਕਮ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਧਮਕੀਆਂ ਦੇਣ ਲੱਗ ਪਿਆ।
ਸ਼ਿਕਾਇਤ ਮੁਤਾਬਕ ਬਾਅਦ ਵਿੱਚ ਦੋਸ਼ੀ ਘਰ ਦੀ ਅਲਮਾਰੀ ਦੇ ਲਾਕਰ ਵਿਚੋਂ 3 ਲੱਖ 80 ਹਜ਼ਾਰ ਰੁਪਏ ਨਕਦ ਚੋਰੀ ਕਰਕੇ ਫਰਾਰ ਹੋ ਗਿਆ। ਸਬ-ਇੰਸਪੈਕਟਰ ਮੱਖਣ ਸਿੰਘ ਨੇ ਦੱਸਿਆ ਕਿ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਟਿਊਸ਼ਨ ਪੜ੍ਹਨ ਵਾਲੇ ਦੋ ਮੁੰਡਿਆਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
NEXT STORY