ਦਿੜ੍ਹਬਾ ਮੰਡੀ(ਅਜੈ)-ਲਿੰਕ ਰੋਡ 'ਤੇ ਗੀਤਾ ਭਵਨ ਮੰਦਰ ਨੇੜੇ ਸਥਿਤ ਦੁਕਾਨ ਅਜੈ ਜਨਰਲ ਸਟੋਰ ਅਤੇ ਬੰਬੇ ਬਿਊਟੀ ਪਾਰਲਰ 'ਚ ਬੀਤੀ ਸ਼ਾਮ 7.30 ਵਜੇ ਸਪਾਰਕਿੰਗ ਕਾਰਨ ਅੱਗ ਲੱਗ ਗਈ, ਜਿਸ ਕਰ ਕੇ ਦੁਕਾਨ 'ਚ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਪੁਲਸ ਨੇ ਸ਼ਹਿਰ ਵਾਸੀਆਂ ਅਤੇ ਸੁਨਾਮ ਅਤੇ ਸੰਗਰੂਰ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਮਦਦ ਨਾਲ ਭਾਰੀ ਮੁਸ਼ੱਕਤ ਕਰ ਕੇ ਅੱਗ 'ਤੇ ਕਾਬੂ ਪਾਇਆ। ਦੁਕਾਨ ਮਾਲਕ ਪੀੜਤ ਰਾਮ ਲਾਲ ਪੁੱਤਰ ਮਿਲਖੀ ਰਾਮ ਦਿੜ੍ਹਬਾ ਨੇ ਦੱਸਿਆ ਕਿ ਸਾਡੀ ਡਬਲ ਸਟੋਰੀ ਦੁਕਾਨ ਪੂਰੀ ਤਰ੍ਹਾਂ ਕੀਮਤੀ ਸਾਮਾਨ ਨਾਲ ਭਰੀ ਪਈ ਸੀ, ਜਿਸ ਅੰਦਰ ਮਨਿਆਰੀ ਦਾ ਸਾਮਾਨ, ਕੀਮਤੀ ਲਹਿੰਗੇ, ਆਰਟੀ-ਫੀਸ਼ੀਅਲ ਗਹਿਣੇ ਆਦਿ ਸਾਮਾਨ ਸੀ। ਦੁਕਾਨ ਵਿਚ ਹੀ ਮੇਰੀ ਨੂੰਹ ਬਿਊਟੀ ਪਾਰਲਰ ਦਾ ਕੰਮ ਵੀ ਕਰਦੀ ਸੀ, ਉਸਦਾ ਸਾਰਾ ਸਾਮਾਨ ਅਤੇ ਮਹਿੰਗੀਆਂ ਮਸ਼ੀਨਾਂ ਵੀ ਸੜ ਗਈਆਂ, ਜਿਸ ਨਾਲ ਸਾਡਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਦੁਕਾਨ ਮਾਲਕ ਨੇ ਪੰਜਾਬ ਸਰਕਾਰ ਤੋਂ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਸ਼ਹਿਰ ਵਿਚ ਫਾਇਰ ਬ੍ਰਿਗੇਡ ਨਾ ਹੋਣ ਕਾਰਨ ਲੋਕਾਂ 'ਚ ਰੋਸ
ਸ਼ਹਿਰ 'ਚ ਫਾਇਰ ਬ੍ਰਿਗੇਡ ਦਾ ਪ੍ਰਬੰਧ ਨਾ ਹੋਣ ਕਰ ਕੇ ਲੋਕਾਂ 'ਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਜਤਿੰਦਰ ਸ਼ਰਮਾ, ਪਵਨ ਕੁਮਾਰ ਗੋਇਲ, ਪ੍ਰਧਾਨ ਧਰਮਪਾਲ ਗਰਗ, ਰਾਜੇਸ਼ ਕੁਮਾਰ, ਭੀਮ ਸੈਨ, ਅਮਰਜੀਤ ਗਰਗ, ਗੋਗੀ ਬਾਸੀਅਰਕ, ਸੁਖਵਿੰਦਰ ਵਿਰਕ, ਅਸ਼ੋਕ ਖਨਾਲੀਆਂ, ਪੋਨੀ ਬਾਗੜੀ ਆਦਿ ਨੇ ਕਿਹਾ ਕਿ ਜੇਕਰ ਸ਼ਹਿਰ ਵਿਚ ਫਾਇਰ ਬ੍ਰਿਗੇਡ ਦਾ ਸਥਾਈ ਪ੍ਰਬੰਧ ਹੁੰਦਾ ਤਾਂ ਖੇਤਾਂ ਵਿਚ ਲੱਗੀ ਅੱਗ ਅਤੇ ਦੁਕਾਨ ਨੂੰ ਲੱਗੀ ਨਾਲ ਨੁਕਸਾਨ ਜ਼ਿਆਦਾ ਨਹੀਂ ਹੋਣਾ ਸੀ। ਸ਼ਹਿਰ ਵਾਸੀਆਂ ਨੇ ਅੱਗ ਨਾਲ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ ਦਿੜ੍ਹਬਾ ਵਿਖੇ ਫਾਇਰ ਬ੍ਰਿਗੇਡ ਸਟੇਸ਼ਨ ਸਥਾਪਤ ਕਰਨ ਦੀ ਮੰਗ ਕੀਤੀ ਹੈ।
ਰਿਸ਼ਤੇਦਾਰਾਂ ਤੋਂ ਪ੍ਰੇਸ਼ਾਨ ਨੌਜਵਾਨ ਨੇ ਲਿਆ ਫਾਹਾ
NEXT STORY