ਜ਼ੀਰਕਪੁਰ, (ਮੇਸ਼ੀ)-ਪਾਵਰਕਾਮ ਦੇ ਬਿਜਲੀ ਮੀਟਰਾਂ ਨੂੰ ਲਾਉਣ ਸਮੇਂ ਬਿਜਲੀ ਨਿਯਮਾਂ ਤਹਿਤ ਠੋਸ ਪ੍ਰਬੰਧਾਂ ਦੇ ਦਾਅਵਿਆਂ ਦੀ ਫੂਕ ਉਸ ਸਮੇ ਨਿਕਲ ਗਈ ਜਦੋਂ ਪਿੰਡ ਰਾਮਗੜ੍ਹ ਭੁੱਡਾ ਦੀ ਸੰਘਣੀ ਅਾਬਾਦੀ ’ਚ ਲੱਗੇ ਬਿਜਲੀ ਮੀਟਰਾਂ ਦੇ ਵੱਡੇ ਬਕਸੇ ਨੂੰ ਅਚਾਨਕ ਅੱਗ ਲਗ ਗਈ ਪਰ ਲੋਕਾਂ ਦੀ ਸੂਚਨਾ ਨੂੰ ਨਜ਼ਰਅੰਦਾਜ਼ ਕਰਦਿਆਂ ਪਾਵਰਕਾਮ ਅਮਲਾ ਸੁੱਤਾ ਰਿਹਾ, ਜਿਸ ਕਾਰਨ ਬਕਸੇ ’ਚ ਲੱਗੇ 15 ਮੀਟਰ ਸੁਅਾਹ ਹੋ ਗਏ ਤੇ ਬਿਜਲੀ ਬੰਦ ਹੋਣ ਕਾਰਨ ਲੋਕਾਂ ਨੂੰ ਕਾਫੀ ਸਮਾਂ ਗਰਮੀ ’ਚ ਕੱਟਣਾ ਪਿਆ। ਪਿੰਡ ਵਾਸੀ ਕੇਸਰ ਸਿੰਘ, ਬਲਦੇਵ ਸਿੰਘ ਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਇਨ੍ਹਾਂ ਮੀਟਰਾਂ ਨੂੰ ਅੱਗ ਲੱਗੀ ਤਾਂ ਜ਼ੋਰਦਾਰ ਧਮਾਕੇ ਦੀ ਆਵਾਜ਼ ਅਾਈ, ਜਿਸ ’ਤੇ ਪਿੰਡ ਵਾਸੀਆਂ ਨੇ ਜਦੋਂ ਘਰੋਂ ਬਾਹਰ ਨਿਕਲ ਕੇ ਵੇਖਿਆ ਤਾਂ ਬਿਜਲੀ ਦੇ ਬਕਸੇ ਨੂੰ ਅੱਗ ਲੱਗੀ ਹੋਈ ਸੀ। ਇਸ ਦੀ ਸੂਚਨਾ ਦੇਣ ਲਈ ਉਨ੍ਹਾਂ ਨੇ ਤੁਰੰਤ ਸਬੰਧਤ ਪਾਵਰਕਾਮ ਦੇ ਐੱਸ. ਡੀ. ਓ., ਜੇ. ਈ. ਤੇ ਐਕਸੀਅਨ ਨੂੰ ਫ਼ੋਨ ਕੀਤਾ ਪਰ ਕਿਸੇ ਵੀ ਅਧਿਕਾਰੀ ਨੇ ਫ਼ੋਨ ਨਹੀਂ ਚੁੱਕਿਆ। ਉਨ੍ਹਾਂ ਖ਼ੁਦ ਭਬਾਤ ਸਥਿਤ ਪਾਵਰਕਾਮ ਗਰਿੱਡ ਦੇ ਮੁਲਾਜ਼ਮਾਂ ਨੂੰ ਸੂਚਨਾ ਦੇ ਕੇ ਪਿੰਡ ਦੀ ਬਿਜਲੀ ਬੰਦ ਕਰਵਾਈ ਤੇ ਇਸ ਤੋਂ ਬਾਅਦ ਮਹਿਕਮੇ ਦੀ ਜ਼ਿੰਮੇਵਾਰੀ ਨੂੰ ਸਮਝਦਿਆਂ ਰੇਤ ਆਦਿ ਨਾਲ ਅੱਗ ’ਤੇ ਕਾਬੂ ਪਾਇਆ। ਘਟਨਾ ਸਬੰਧੀ ਪਾਵਰਕਾਮ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਪਰ ਉਨ੍ਹਾਂ ਨੇ ਮੀਡੀਅਾ ਦੇ ਫੋਨ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ।
ਡੀ. ਐੱਮ. ਯੂ. ਸ਼ੈੱਡ ਤੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
NEXT STORY