ਬਰਨਾਲਾ: ਬਰਨਾਲਾ ਦੇ ਤਰਕਸ਼ੀਲ ਚੌਂਕ ਨੇੜੇ ਸਥਿਤ ਇਕ ਕਬਾੜ ਦੇ ਗੋਦਾਮ ਵਿਚ ਅੱਜ ਤੜਕਸਾਰ ਭਿਆਨਕ ਅੱਗ ਲੱਗ ਗਈ। ਇਹ ਘਟਨਾ ਸਵੇਰੇ ਕਰੀਬ 3 ਵਜੇ ਵਾਪਰੀ, ਜਿਸ ਨੇ ਕੁਝ ਹੀ ਸਮੇਂ ਵਿਚ ਭਿਆਨਕ ਰੂਪ ਧਾਰਨ ਕਰ ਲਿਆ।
25 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਾਇਆ ਕਾਬੂ
ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਫਾਇਰ ਵਿਭਾਗ ਹਰਕਤ ਵਿਚ ਆਇਆ ਅਤੇ ਬਰਨਾਲਾ ਜ਼ਿਲ੍ਹੇ ਦੀਆਂ ਲਗਭਗ 25 ਫਾਇਰ ਬ੍ਰਿਗੇਡ ਗੱਡੀਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਰਾਹਤ ਕਾਰਜ ਵਿਚ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾਵਾਂ ਅਤੇ ਡੇਰਾ ਸਿਰਸਾ ਪ੍ਰੇਮੀਆਂ ਨੇ ਵੀ ਆਪਣੀਆਂ ਟੀਮਾਂ ਸਮੇਤ ਅੱਗ ਬੁਝਾਉਣ ਵਿਚ ਵੱਡਾ ਸਹਿਯੋਗ ਦਿੱਤਾ।
15 ਲੱਖ ਦਾ ਮਾਲੀ ਨੁਕਸਾਨ
ਗੋਦਾਮ ਦੇ ਮਾਲਕ ਕ੍ਰਿਸ਼ਨ ਕੁਮਾਰ ਉਰਫ਼ ਪੱਪੂ ਨੇ ਦੱਸਿਆ ਕਿ ਇਸ ਅੱਗ ਕਾਰਨ ਉਨ੍ਹਾਂ ਦਾ ਲਗਭਗ 15 ਲੱਖ ਰੁਪਏ ਦਾ ਭਾਰੀ ਨੁਕਸਾਨ ਹੋਇਆ ਹੈ। ਅੱਗ ਇੰਨੀ ਭਿਆਨਕ ਸੀ ਕਿ ਇਸ ਦੀ ਲਪੇਟ ਵਿਚ ਆਉਣ ਕਾਰਨ ਆਸ-ਪਾਸ ਦੇ ਘਰਾਂ ਅਤੇ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ। ਗੋਦਾਮ ਮਾਲਕ ਅਨੁਸਾਰ, ਇਕ ਮਹੀਨੇ ਪਹਿਲਾਂ ਵੀ ਉਨ੍ਹਾਂ ਦੇ ਗੋਦਾਮ ਵਿਚ ਅੱਗ ਲੱਗਣ ਦੀ ਘਟਨਾ ਵਾਪਰੀ ਸੀ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਅੱਗ ਕਿਸੇ ਸ਼ਰਾਰਤੀ ਅਨਸਰ ਵੱਲੋਂ ਜਾਣਬੁੱਝ ਕੇ ਤਾਂ ਨਹੀਂ ਲਗਾਈ ਗਈ।
ਪੰਜਾਬ 'ਚ ਫ਼ਿਰ ਵੱਜਿਆ ਚੋਣ ਬਿਗੁਲ! 31 ਜਨਵਰੀ ਤੋਂ ਪਹਿਲਾਂ ਪੈਣਗੀਆਂ ਵੋਟਾਂ
NEXT STORY