ਮਹਿਲ ਕਲਾਂ (ਹਮੀਦੀ): ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਕਲਾਲਾ ਨੇੜੇ ਇਕ ਕਿਸਾਨ ਦੇ ਖੇਤ ਵਿਚ ਕੱਟੀ ਹੋਈ ਕਣਕ ਦੇ ਟਾਂਗਰ ਨੂੰ ਅਚਾਨਕ ਅੱਗ ਲੱਗਣ ਕਾਰਨ ਕਰੀਬ 7 ਤੋਂ 8 ਏਕੜ ਰਕਬੇ ਵਿਚ ਪਿਆ ਟਾਂਗਰ ਸੜ ਕੇ ਸੁਆਹ ਹੋ ਗਿਆ। ਹਾਲਾਂਕਿ ਪਿੰਡਾਂ ਦੇ ਕਿਸਾਨਾਂ ਦੀ ਸਮੇਂ-ਸਿਰ ਇਕਜੁੱਟ ਕੋਸ਼ਿਸ਼ ਨਾਲ ਨਾਲ ਲੱਗਦੇ ਖੇਤਾਂ ਵਿਚ ਖੜੀਆਂ ਕਣਕ ਦੀਆਂ ਫਸਲਾਂ ਨੂੰ ਵੱਡੇ ਨੁਕਸਾਨ ਤੋਂ ਬਚਾ ਲਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਕਲਾਲਾ ਦੇ ਸਰਪੰਚ ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ ਅੱਜ ਦੁਪਹਿਰ ਕਰੀਬ 1 ਵਜੇ ਪਿੰਡ ਕਲਾਲਾ ਤੋਂ ਚੰਨਣਵਾਲ ਨੂੰ ਜਾਂਦੀ ਲਿੰਕ ਸੜਕ ਨੇੜੇ ਕਿਸਾਨ ਧਰਮਿੰਦਰ ਸਿੰਘ ਦੇ ਖੇਤ ਵਿਚ ਚਾਹ ਬਣਾਉਂਦੇ ਸਮੇਂ ਬੱਚੇ ਤੋਂ ਉੱਡੀ ਅੱਗ ਦੀ ਚਿੰਗਾਰੀ ਹਵਾ ਨਾਲ ਕਣਕ ਦੇ ਸੁੱਕੇ ਟਾਂਗਰ ’ਤੇ ਡਿੱਗ ਪਈ, ਜਿਸ ਨਾਲ ਅੱਗ ਨੇ ਤੁਰੰਤ ਭਿਆਨਕ ਰੂਪ ਧਾਰ ਲਿਆ। ਉਨ੍ਹਾਂ ਦੱਸਿਆ ਕਿ ਅੱਗ ਦੀ ਘਟਨਾ ਦਾ ਪਤਾ ਲੱਗਦੇ ਹੀ ਸਤਿਕਾਰ ਕਮੇਟੀ ਚੰਨਣਵਾਲ ਦੇ ਪ੍ਰਬੰਧਕ ਦਲਬੀਰ ਸਿੰਘ, ਹਰਵਿੰਦਰ ਸਿੰਘ, ਹਰਦੀਪ ਸਿੰਘ ਸਿੱਧੂ ਅਤੇ ਪੰਚ ਬਲਵਿੰਦਰ ਸਿੰਘ ਫੌਜੀ ਆਪਣੇ ਸਾਥੀਆਂ ਸਮੇਤ ਪਾਣੀ ਵਾਲੀ ਟੈਂਕੀ ਲੈ ਕੇ ਮੌਕੇ ’ਤੇ ਪੁੱਜ ਕੇ ਪਿੰਡ ਕਲਾਲਾ, ਚੰਨਣਵਾਲ ਅਤੇ ਰਾਏਸਰ ਦੇ ਕਿਸਾਨਾਂ ਨੇ ਆਪਣੇ ਟਰੈਕਟਰਾਂ, ਪਾਣੀ, ਮਿੱਟੀ ਅਤੇ ਹੋਰ ਜੰਤਰਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਉਣ ਲਈ ਜ਼ੋਰਦਾਰ ਯਤਨ ਕੀਤੇ। ਸਰਪੰਚ ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ ਕਿਸਾਨਾਂ ਦੀ ਲਗਾਤਾਰ ਮਿਹਨਤ ਨਾਲ ਕੁਝ ਘੰਟਿਆਂ ਵਿੱਚ ਅੱਗ ’ਤੇ ਕਾਬੂ ਪਾ ਲਿਆ ਗਿਆ ਅਤੇ ਨੇੜਲੇ ਖੇਤਾਂ ਵਿੱਚ ਖੜੀਆਂ ਕਣਕ ਦੀਆਂ ਫਸਲਾਂ ਨੂੰ ਵੱਡੇ ਨੁਕਸਾਨ ਤੋਂ ਬਚਾ ਲਿਆ ਗਿਆ। ਉਨ੍ਹਾਂ ਕਿਹਾ ਕਿ ਜੇ ਸਮੇਂ-ਸਿਰ ਅੱਗ ’ਤੇ ਕਾਬੂ ਨਾ ਪਾਇਆ ਜਾਂਦਾ ਤਾਂ ਵੱਡੀ ਤਬਾਹੀ ਹੋ ਸਕਦੀ ਸੀ।
ਸੂਚਨਾ ਮਿਲਦੇ ਹੀ ਥਾਣਾ ਮਹਿਲ ਕਲਾਂ ਦੇ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਆਪਣੀ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਗ੍ਰਾਮ ਪੰਚਾਇਤ ਦੀ ਹਾਜ਼ਰੀ ਵਿਚ ਘਟਨਾ ਦਾ ਜਾਇਜ਼ਾ ਲੈ ਕੇ ਪੂਰੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਪੰਜ ਜਗਤਾਰ ਸਿੰਘ, ਲਖਵਿੰਦਰ ਸਿੰਘ, ਲਾਲੀ ਸਿੰਘ, ਜਗਰਾਜ ਸਿੰਘ ਧਾਲੀਵਾਲ ਸਮੇਤ ਵੱਖ-ਵੱਖ ਪਿੰਡਾਂ ਦੇ ਕਿਸਾਨ, ਮਜ਼ਦੂਰ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿਚ ਮੌਜੂਦ ਸਨ। ਅੰਤ ਵਿਚ ਸਰਪੰਚ ਰਣਜੀਤ ਸਿੰਘ ਰਾਣਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਗਰਮੀ ਦੇ ਮੌਸਮ ਦੌਰਾਨ ਖੇਤਾਂ ਵਿਚ ਅੱਗ ਤੋਂ ਬਚਾਅ ਲਈ ਵਧੇਰੇ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੈ।
ਪੰਜਾਬ 'ਚ ਪਵੇਗਾ 'ਸੋਕਾ' ! ਗਰਮੀ ਕੱਢੇਗੀ ਵੱਟ, ਬੇਅਸਰ ਰਹੇਗਾ ਮਾਨਸੂਨ, ਜਾਣੋ ਕੀ ਹੈ ਮੌਸਮ ਵਿਭਾਗ ਦੀ ਭਵਿੱਖਬਾਣੀ
NEXT STORY