ਅੰਮ੍ਰਿਤਸਰ (ਨੀਰਜ) - ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਵਲੋਂ ਆਮ ਲੋਕਾਂ ਨੂੰ ਪਟਾਕੇ ਚਲਾਉਣ ਲਈ ਸ਼ਾਮ 7.30 ਤੋਂ ਰਾਤ 10.30 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ। ਇਸ ਵਾਰ ਦੀਵਾਲੀ ’ਤੇ ਸਰਕਾਰੀ ਹੁਕਮਾਂ ’ਤੇ ਪਟਾਕਿਆਂ ਦੇ ਸਾਰੇ ਰਿਕਾਰਡ ਟੁੱਟ ਗਏ ਅਤੇ ਸਰਕਾਰੀ ਹੁਕਮਾਂ ਦੀ ਜੰਮ ਕੇ ਉਲੰਘਣਾ ਹੋਈ। ਮਹਾਨਗਰ ਵਿਚ ਹਾਲਾਤ ਅਜਿਹੇ ਸਨ ਕਿ ਲੋਕ ਰਾਤ 2 ਵਜੇ ਤੱਕ ਪਟਾਕੇ ਚਲਾਉਂਦੇ ਰਹੇ ਅਤੇ ਮਾਹੌਲ ਵੀ ਬੁਰੀ ਤਰ੍ਹਾਂ ਦੂਸ਼ਿਤ ਹੋ ਗਿਆ। ਦੀਵਾਲੀ ਵਾਲੇ ਦਿਨ ਰਾਤ 12 ਵਜੇ ਤੋਂ ਬਾਅਦ ਅੰਮ੍ਰਿਤਸਰ ਜ਼ਿਲ੍ਹੇ ਦਾ ਏ. ਕਿਊ. ਆਈ. (ਏਅਰ ਕੁਆਲਿਟੀ ਇੰਡੈਕਸ) 500 ਦੇ ਕਰੀਬ ਪਹੁੰਚ ਗਿਆ ਸੀ, ਜਦੋਂ ਕਿ ਮੰਗਲਵਾਰ ਸ਼ਾਮ ਨੂੰ ਏ. ਕਿਊ. ਆਈ. 283 ਤੱਕ ਪਹੁੰਚ ਗਿਆ ਸੀ, ਜੋ ਸਿਹਤ ਲਈ ਬੇਹੱਦ ਖ਼ਤਰਨਾਕ ਮੰਨਿਆ ਜਾਂਦਾ ਹੈ। ਦਮੇ ਦੇ ਰੋਗੀਆਂ ਲਈ ਦੀਵਾਲੀ ਦਾ ਦਿਨ ਬਹੁਤ ਖ਼ਤਰਨਾਕ ਹੋ ਜਾਂਦਾ ਹੈ, ਕਿਉਂਕਿ ਪਟਾਕਿਆਂ ਤੋਂ ਨਿਕਲਣ ਵਾਲੇ ਪ੍ਰਦੂਸ਼ਣ ਕਾਰਨ ਸਾਹ ਲੈਣਾ ਔਖਾ ਹੋ ਜਾਂਦਾ ਹੈ ਅਤੇ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ। ਅਜਿਹੇ ਵਿਚ ਡਾਕਟਰਾਂ ਵਲੋਂ ਲੋਕਾਂ ਨੂੰ ਮਾਸਕ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ।
ਪਰਾਲੀ ਅਤੇ ਪਟਾਕਿਆਂ ਦਾ ਪ੍ਰਦੂਸ਼ਣ ਹੋਇਆ ਮਿਕਸ
ਜ਼ਿਲ੍ਹੇ ਵਿਚ ਕਿਸਾਨਾਂ ਵਲੋਂ ਝੋਨੇ ਦੀ ਫ਼ਸਲ ਦੀ ਪਰਾਲੀ ਨੂੰ ਸਾੜਿਆ ਜਾ ਰਿਹਾ, ਜਿਸ ਕਾਰਨ ਪਹਿਲਾਂ ਹੀ ਪ੍ਰਦੂਸ਼ਣ ਆਮ ਨਾਲੋਂ ਚਾਰ ਗੁਣਾ ਵੱਧ ਰਿਹਾ ਸੀ। ਹੁਣ ਪਟਾਕਿਆਂ ਦਾ ਪ੍ਰਦੂਸ਼ਣ ਵੀ ਪਰਾਲੀ ਦੇ ਪ੍ਰਦੂਸ਼ਣ ਵਿਚ ਰਲ ਗਿਆ ਹੈ, ਜਿਸ ਕਾਰਨ ਜਲਵਾਯੂ ਇਹ ਬਹੁਤ ਖ਼ਤਰਨਾਕ ਬਣ ਗਿਆ ਹੈ। ਇਨ੍ਹਾਂ ਹਾਲਾਤਾਂ ਵਿੱਚ ਵਿਡੰਬਨਾ ਇਹ ਹੈ ਕਿ ਪ੍ਰਦੂਸ਼ਣ ਨੂੰ ਖ਼ਤਮ ਕਰਨ ਲਈ ਨਾ ਤਾਂ ਪ੍ਰਸ਼ਾਸਨ ਕੋਲ ਅਤੇ ਨਾ ਹੀ ਸਰਕਾਰ ਕੋਲ ਕੋਈ ਉਪਕਰਨ ਹੈ, ਜਿਸ ਨਾਲ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕੇ।
ਧੁੰਦ ਦਾ ਰੂਪ ਧਾਰ ਲੈਂਦਾ ਹੈ ਪ੍ਰਦੂਸ਼ਣ
ਪਰਾਲੀ ਅਤੇ ਪਟਾਕਿਆਂ ਕਾਰਨ ਹੋਣ ਵਾਲਾ ਪ੍ਰਦੂਸ਼ਣ ਧੁੰਦ ਦਾ ਰੂਪ ਧਾਰਨ ਕਰ ਲੈਂਦਾ ਹੈ। ਸਵੇਰ ਵੇਲੇ ਅਜਿਹਾ ਲੱਗਦਾ ਹੈ ਜਿਵੇਂ ਧੁੰਦ ਹੈ ਅਤੇ ਦੁਪਹਿਰ ਵੇਲੇ ਅਸਮਾਨ ਸਾਫ਼ ਨਹੀਂ ਹੁੰਦਾ ਹੈ। ਧੁੰਦ ਕਾਰਨ ਸਰਹੱਦ ’ਤੇ ਬੀ. ਐੱਸ. ਐੱਫ. ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਪਾਕਿਸਤਾਨ ਵਾਲੇ ਪਾਸਿਓਂ ਉਡਾਏ ਗਏ ਡਰੋਨ ਵੀ ਨਜ਼ਰ ਨਹੀਂ ਆਉਂਦੇ ਹਨ।
ਪਟਾਕਿਆਂ ਦੀ ਵਿਕਰੀ ਨੇ ਵੀ ਤੋੜਿਆ ਰਿਕਾਰਡ
ਕੋਰੋਨਾ ਦੇ ਦੌਰ ਤੋਂ ਬਾਅਦ ਆਰਥਿਕ ਮੰਦੀ ਅਤੇ ਮੌਜੂਦਾ ਸਰਕਾਰ ਦੀਆਂ ਨੀਤੀਆਂ ਕਾਰਨ ਕਾਰੋਬਾਰ ਵਿਚ ਭਾਰੀ ਗਿਰਾਵਟ ਆਈ ਹੈ ਪਰ ਜਿਸ ਤਰ੍ਹਾਂ ਪਟਾਕਿਆਂ ਦੀ ਵਿਕਰੀ ਨੇ ਰਿਕਾਰਡ ਤੋੜਿਆ ਹੈ, ਉਹ ਵੀ ਇਕ ਸਵਾਲੀਆ ਨਿਸ਼ਾਨ ਖੜ੍ਹਾ ਕਰ ਰਿਹਾ ਹੈ। ਨਿਊ ਅੰਮ੍ਰਿਤਸਰ ਮਾਰਕੀਟ ਵਿਚ ਪਟਾਕਿਆਂ ਦੇ ਖੋਖਿਆਂ ਵਿਚ ਜੰਮ ਕੇ ਪਟਾਕਿਆਂ ਦੀ ਧੜੱਲੇ ਨਾਲ ਵਿਕਰੀ ਹੋਈ, ਸਾਰੇ ਵਪਾਰੀਆਂ ਦਾ ਮਾਲ ਖਾਲੀ ਹੋ ਗਿਆ। ਪਿੰਡ ਰਾਜੇਵਾਲ ਵਿਚ ਸਥਿਤ ਪਟਾਕਿਆਂ ਦੇ ਥੋਕ ਵਪਾਰੀਆਂ ਦੇ ਗੋਦਾਮ ਵੀ ਖਾਲੀ ਹੋ ਗਏ ਹਨ, ਜਿਸ ਕਾਰਨ ਪ੍ਰਦੂਸ਼ਣ ਹੋਣਾ ਸੁਭਾਵਿਕ ਹੈ।
ਪ੍ਰਦੂਸ਼ਣ ਤੋਂ ਨਿਜ਼ਾਤ ਪਾਉਣ ’ਚ ਮੀਂਹ ਹੀ ਇੱਕੋ-ਇੱਕ ਤਰੀਕਾ
ਪਟਾਕਿਆਂ ਅਤੇ ਪਰਾਲੀ ਦੀ ਅੱਗ ਨਾਲ ਪੈਦਾ ਹੋਏ ਹਵਾ ਪ੍ਰਦੂਸ਼ਣ ਤੋਂ ਮੀਹ ਹੀ ਨਿਜ਼ਾਤ ਦਿਵਾ ਸਕਦਾ ਹੈ। ਵਾਤਾਵਰਣ ਮਾਹਿਰਾਂ ਅਨੁਸਾਰ ਜੇਕਰ ਬਿਨ੍ਹਾਂ ਤੇਜ਼ ਹਵਾ ਤੋਂ ਮੀਂਹ ਪੈਂਦਾ ਹੈ ਤਾ ਹਵਾ ਵਿਚ ਫੈਲਿਆ ਪ੍ਰਦੂਸ਼ਣ ਪਾਣੀ ਵਿਚ ਮਿਲ ਕੇ ਹੇਠਾਂ ਡਿੱਗਦਾ ਹੈ ਅਤੇ ਹਵਾ ਸ਼ੁੱਧ ਹੋ ਜਾਂਦੀ ਹੈ। ਵਿਦੇਸ਼ਾਂ ਵਿਚ ਹਵਾ ਪ੍ਰਦੂਸ਼ਣ ਤੋਂ ਛੁਟਕਾਰਾ ਪਾਉਣ ਲਈ ਅਸਮਾਨ ਵਿਚ ਰਾਕੇਟ ਛੱਡ ਕੇ ਮੀਂਹ ਵਰ੍ਹਾਇਆ ਜਾਂਦਾ ਹੈ ਪਰ ਸਾਡੇ ਇੱਥੇ ਅਜਿਹਾ ਸਿਸਟਮ ਨਹੀਂ ਹੈ।
ਨਸ਼ੇ 'ਚ ਟੱਲੀ ਨੌਜਵਾਨਾਂ ਦੀ ਹਸਪਤਾਲ 'ਚ ਗੁੰਡਾਗਰਦੀ, ਡਾਕਟਰ ਕੁੱਟਦਿਆਂ ਪਾੜੇ ਕੱਪੜੇ, ਹੱਥ 'ਤੇ ਵੱਢੀ ਦੰਦੀ (ਤਸਵੀਰਾਂ)
NEXT STORY