ਮੋਹਾਲੀ, (ਕੁਲਦੀਪ)— ਪੁਲਸ ਸਟੇਸ਼ਨ ਮਟੌਰ ਅਧੀਨ ਆਉਂਦੇ ਖੇਤਰ ਫੇਜ਼-3 ਬੀ2 ਦੀ ਮਾਰਕੀਟ 'ਚ ਸ਼ੁੱਕਰਵਾਰ ਤੇ ਸ਼ਨੀਵਾਰ ਅੱਧੀ ਰਾਤ ਨੂੰ ਇਕੱਠੇ ਹੋਏ ਨੌਜਵਾਨਾਂ ਦੇ 2 ਗੁੱਟਾਂ 'ਚ ਹੋਈ ਕਿਹਾ-ਸੁਣੀ ਤੋਂ ਬਾਅਦ ਇਕ ਗੁੱਟ ਵਲੋਂ ਫਾਇਰਿੰਗ ਕੀਤੇ ਜਾਣ ਦਾ ਸਮਾਚਾਰ ਹੈ। ਭਾਵੇਂ ਹੀ ਇਸ ਫਾਇਰਿੰਗ ਵਿਚ ਕੋਈ ਅਣਹੋਣੀ ਘਟਨਾ ਹੋਣ ਦੀ ਸੂਚਨਾ ਨਹੀਂ ਹੈ ਪਰ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਇਕ ਨੌਜਵਾਨ ਨੂੰ ਦਬੋਚ ਲਿਆ, ਜਦੋਂ ਕਿ ਉਸ ਦੇ 2 ਸਾਥੀ ਫਰਾਰ ਦੱਸੇ ਜਾਂਦੇ ਹਨ। ਗ੍ਰਿਫਤਾਰ ਕੀਤੇ ਗਏ ਨੌਜਵਾਨ ਦਾ ਨਾਂ ਜਸਵੀਰ ਸਿੰਘ ਹੈ, ਜੋ ਕਿ ਮੋਹਾਲੀ ਦੇ ਸੈਕਟਰ-91 'ਚ ਆਪਣੇ ਪਰਿਵਾਰ ਸਮੇਤ ਰਹਿੰਦਾ ਹੈ ਤੇ ਮੂਲ ਰੂਪ ਵਿਚ ਉਹ ਅੰਬਾਲਾ (ਹਰਿਆਣਾ) ਦਾ ਵਸਨੀਕ ਹੈ।
ਨੌਜਵਾਨਾਂ ਦੇ ਦੋ ਗੁੱਟਾਂ ਵਿਚ ਬਹਿਸ ਤੋਂ ਬਾਅਦ ਚੱਲੀ ਗੋਲੀ
ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਪਿਛਲੀ ਰਾਤ ਡੇਢ ਵਜੇ ਦੇ ਕਰੀਬ ਪੁਲਸ ਨੂੰ ਸੂਚਨਾ ਮਿਲੀ ਕਿ ਫੇਜ਼-3 ਬੀ2 ਦੀ ਮਾਰਕੀਟ ਵਿਚ ਨੌਜਵਾਨਾਂ ਦੇ 2 ਗੁੱਟਾਂ ਦੇ ਵਿਚ ਕਿਸੇ ਗੱਲ ਨੂੰ ਲੈ ਕੇ ਕਿਹਾ-ਸੁਣੀ ਹੋ ਗਈ ਸੀ, ਜਿਸ ਤੋਂ ਬਾਅਦ ਇਕ ਨੌਜਵਾਨ ਪਿਸਤੌਲ ਨਾਲ ਫਾਇਰਿੰਗ ਕਰ ਰਿਹਾ ਹੈ। ਪੁਲਸ ਮੌਕੇ 'ਤੇ ਪਹੁੰਚੀ ਤਾਂ ਬਾਕੀ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਅਤੇ ਪੁਲਸ ਨੇ ਇਕ ਮਰਸਿਡੀਜ਼ ਕਾਰ ਵਿਚ ਮੌਜੂਦ ਨੌਜਵਾਨ ਜਸਵੀਰ ਸਿੰਘ ਨੂੰ ਦਬੋਚ ਲਿਆ। ਮੌਕੇ ਦੇ ਗਵਾਹਾਂ ਮੁਤਾਬਕ ਪਿਛਲੀ ਰਾਤ ਮਾਰਕੀਟ 'ਚ ਨੌਜਵਾਨ ਨੇ ਪਿਸਤੌਲ ਨਾਲ 6 ਹਵਾਈ ਫਾਇਰ ਕੀਤੇ ਜਿਸ ਦੌਰਾਨ ਬਾਕੀ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਸਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹਵਾਈ ਫਾਇਰ ਕਰਨ ਵਾਲਾ ਨੌਜਵਾਨ ਸ਼ਰਾਬੀ ਹਾਲਤ 'ਚ ਲੱਗ ਰਿਹਾ ਸੀ।
ਪਰਿਵਾਰ ਸਬੰਧੀ ਬੁਰਾ-ਭਲਾ ਨਹੀਂ ਸੁਣ ਸਕਿਆ ਨੌਜਵਾਨ
ਦੂਜੇ ਪਾਸੇ ਗੋਲੀਆਂ ਚਲਾਉਣ ਵਾਲੇ ਨੌਜਵਾਨ ਨੇ ਪੁਲਸ ਵਲੋਂ ਕੀਤੀ ਗਈ ਪੁੱਛਗਿੱਛ 'ਚ ਦੱਸਿਆ ਕਿ ਪਿਛਲੀ ਰਾਤ ਉਹ ਆਪਣੇ ਪਰਿਵਾਰ ਸਮੇਤ ਕਾਰ 'ਚ ਸਵਾਰ ਹੋ ਕੇ ਮਾਰਕੀਟ ਵਿਚ ਆਇਆ ਸੀ। ਇਸ ਦੌਰਾਨ ਕੁਝ ਨੌਜਵਾਨਾਂ ਨੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਬੁਰਾ-ਭਲਾ ਕਹਿਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਮਜਬੂਰ ਹੋ ਕੇ ਉਸ ਨੂੰ ਗੋਲੀਆਂ ਚਲਾਉਣੀਆਂ ਪਈਆਂ। ਉਸ ਨੇ ਦੱਸਿਆ ਕਿ ਇਹ ਪਿਸਤੌਲ ਉਸ ਦੇ ਪਿਤਾ ਦਾ ਲਾਇਸੈਂਸੀ ਪਿਸਤੌਲ ਹੈ।
ਪੁਲਸ ਨੇ ਨੌਜਵਾਨ ਤੋਂ ਅਸਲਾ ਕੀਤਾ ਬਰਾਮਦ
ਜਾਣਕਾਰੀ ਮੁਤਾਬਕ ਪੁਲਸ ਨੇ ਮਰਸਿਡੀਜ਼ ਕਾਰ 'ਚ ਆਏ ਨੌਜਵਾਨ ਨੂੰ ਪਿਸਤੌਲ ਤੇ ਕਾਰਤੂਸਾਂ ਸਮੇਤ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਪੁਲਸ ਸਟੇਸ਼ਨ ਮਟੌਰ ਰਾਜੀਵ ਕੁਮਾਰ ਨੇ ਦੱਸਿਆ ਕਿ ਇਕ ਨੌਜਵਾਨ ਜਸਵੀਰ ਸਿੰਘ ਤੇ 2 ਅਣਪਛਾਤੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਕੇ ਜਸਵੀਰ ਸਿੰਘ ਨੂੰ ਮਰਸਿਡੀਜ਼ ਕਾਰ ਸਮੇਤ ਫੜ ਲਿਆ ਹੈ। ਉਸ ਨੂੰ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ, ਜਿਸ ਦੌਰਾਨ ਉਸ ਨੂੰ ਕਾਨੂੰਨੀ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਪੁਲਸ ਨੇ ਉਸ ਦੇ ਕਬਜ਼ੇ 'ਚੋਂ ਪਿਸਤੌਲ ਤੇ 6 ਕਾਰਤੂਸ ਵੀ ਬਰਾਮਦ ਕਰ ਲਏ ਹਨ। ਇਹ ਪਿਸਤੌਲ ਮੁਲਜ਼ਮ ਦੇ ਪਿਤਾ ਦੇ ਨਾਮ 'ਤੇ ਲਾਇਸੈਂਸੀ ਹੈ।
ਸੜਕ ਹਾਦਸੇ 'ਚ ਇਕ ਦੀ ਮੌਤ, ਇਕ ਜ਼ਖਮੀ
NEXT STORY