ਲੁਧਿਆਣਾ (ਰਾਜ): ਥਾਣਾ ਡੇਹਲੋਂ ਦੀ ਅਧੀਨ ਪੈਂਦੇ ਪਿੰਡ ਖੇੜਾ ਵਿਚ ਮੰਗਲਵਾਰ ਦੇਰ ਰਾਤ ਉਸ ਵੇਲੇ ਦਹਿਸ਼ਤ ਫ਼ੈਲ ਗਈ, ਜਦੋਂ ਪੁਰਾਣੀ ਰੰਜਿਸ਼ ਦੇ ਚਲਦਿਆਂ ਅੱਧਾ ਦਰਜਨ ਹਮਲਾਵਰਾਂ ਨੇ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ। ਹਮਲਾਵਰਾਂ ਨੇ ਨਾ ਸਿਰਫ਼ ਬੇਸਬਾੱਲ ਦੇ ਬੈਟਾਂ ਨਾਲ ਦੋ ਭਰਾਵਾਂ ਤੇ ਉਸ ਦੇ ਦੋਸਤ 'ਤੇ ਹਮਲਾ ਕੀਤਾ, ਸਗੋਂ ਦਹਿਸ਼ਤ ਫ਼ੈਲਾਉਣ ਲਈ ਤਾਬੜਤੋੜ ਗੋਲ਼ੀਆਂ ਵੀ ਚਲਾਈਆਂ। ਇਸ ਵਾਰਦਾਤ ਵਿਚ ਇਕ ਨੌਜਵਾਨ ਦੀ ਲੱਤ ਵਿਚ ਗੋਲ਼ੀ ਲੱਗੀ ਹੈ, ਜਦਕਿ ਦੋ ਹੋਰ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਨ। ਪੁਲਸ ਨੇ ਮੁਸਤੈਦੀ ਦਿਖਾਉਂਦਿਆਂ ਹਮਲਾਵਰਾਂ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਵਿਚ ਜ਼ੇਰੇ ਇਲਾਜ ਨਵਜੋਤ ਸਿੰਘ ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਦੇ ਗੁਰਦੁਆਰਾ ਸਾਹਿਬ ਨੇੜੇ ਡੇਅਰੀ ਚਲਾਉਂਦੇ ਹਨ। ਕੰਮ ਦੇ ਕਾਰਨ ਪਿੰਡ ਦੇ ਹੀ ਕੁਝ ਹੋਰ ਡੇਅਰੀ ਸੰਚਾਲਕ ਉਨ੍ਹਾਂ ਤੋਂ ਪੁਰਾਣੀ ਰੰਜਿਸ਼ ਰੱਖਦੇ ਸਨ ਤੇ ਇਸੇ ਰੰਜਿਸ਼ ਦਾ ਬਦਲਾ ਲੈਣ ਲਈ ਮੰਗਲਵਾਰ ਰਾਤ ਇਸ ਖ਼ੂਨੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪਰਮਜੀਤ ਸਿੰਘ ਮੁਤਾਬਕ, ਉਨ੍ਹਾਂ ਦਾ ਵੱਡਾ ਪੁੱਤਰ ਡੇਅਰੀ 'ਤੇ ਦੁੱਧ ਦੇਣ ਮਗਰੋਂ ਜਦੋਂ ਬਾਜ਼ਾਰ ਤੋਂ ਸਾਮਾਨ ਲੈ ਕੇ ਘਰ ਪਰਤ ਰਿਹਾ ਸੀ, ਤਾਂ ਗੁਰਦੁਆਰਾ ਸਾਹਿਬ ਨੇੜੇ ਕਾਰ 'ਤੇ ਸਵਾਰ ਅੱਧਾ ਦਰਜਨ ਮੁੰਡਿਆਂ ਨੇ ਉਸ ਦਾ ਰਾਹ ਰੋਕ ਲਿਆ। ਹਮਲਾਵਰਾਂ ਨੇ ਉਸ 'ਤੇ ਬੇਸਬਾਲ ਦੇ ਬੈਟਾਂ ਨਾਲ ਹਮਲਾ ਕਰ ਦਿੱਤਾ ਤੇ ਉਸ ਨੂੰ ਜ਼ਬਰਦਸਤੀ ਗੱਡੀ ਵਿਚ ਪਾ ਕੇ ਕਿਡਨੈਪ ਕਰਨ ਦੀ ਕੋਸ਼ਿਸ਼ ਕਰਨ ਲੱਗੇ। ਜਦੋਂ ਪੁੱਤਰ ਦਾ ਦੋਸਤ ਗੋਲਡੀ ਉਸ ਨੂੰ ਬਚਾਉਣ ਲਈ ਅੱਗੇ ਆਇਆ ਤਾਂ ਹਮਲਾਵਰਾਂ ਨੇ ਉਸ ਨੂੰ ਵੀ ਬੇਰਹਿਮੀ ਨਾਲ ਕੁੱਟਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਜਦੋਂ ਪਰਮਜੀਤ ਸਿੰਘ ਆਪਣੇ ਛੋਟੇ ਪੁੱਤਰ ਨਵਜੋਤ ਦੇ ਨਾਲ ਮੌਕੇ 'ਤੇ ਪਹੁੰਚੇ ਤਾਂ ਹਮਲਾਵਰਾਂ ਦੇ ਸਿਰ 'ਤੇ ਖ਼ੂਨ ਸਵਾਰ ਸੀ। ਆਪਣੇ ਆਪ ਨੂੰ ਘਿਰਦਾ ਵੇਖ ਹਮਲਾਵਰਾਂ ਨੇ ਉਨ੍ਹਾਂ 'ਤੇ ਸਿੱਧੀ ਫ਼ਾਇਰਿੰਗ ਕਰ ਦਿੱਤੀ। ਤਕਰੀਬਨ 4-5 ਰਾਊਂਡ ਗੋਲ਼ੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿਚੋਂ ਇਕ ਗੋਲ਼ੀ ਨਵਜੋਤ ਦੀ ਖੱਬੀ ਲੱਤ ਵਿਚ ਜਾ ਲੱਗੀ। ਵਾਰਦਾਤ ਮਗਰੋਂ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪਿੰਡ ਵਾਸੀਆਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਤੁਰੰਤ ਡੇਹਲੋਂ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਵੱਡੇ ਭਰਾ ਤੇ ਦੋਸਤ ਗੋਲਡੀ ਨੂੰ ਮੁੱਢਲੇ ਇਲਾਜ ਮਗਰੋਂ ਛੁੱਟੀ ਦੇ ਦਿੱਤੀ, ਪਰ ਗੋਲੀ ਲੱਗਣ ਕਾਰਨ ਗੰਭੀਰ ਰੂਪ ਨਾਲ ਜ਼ਖ਼ਮੀ ਨਵਜੋਤ ਨੂੰ ਰਾਤ ਲੁਧਿਆਣਾ ਦੇ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ।
ਉੱਧਰ, ਸੂਚਨਾ ਮਿਲਦਿਆਂ ਹੀ ਹਰਕਤ ਵਿਚ ਆਈ ਡੇਲਹੋਂ ਪੁਲਸ ਨੇ ਤੁਰੰਤ ਨਾਕਾਬੰਦੀ ਕਰ ਕੇ ਹਮਲਾਵਰਾਂ ਨੂੰ ਪਿਸਤੌਲ ਸਮੇਤ ਹਿਰਾਸਤ ਵਿਚ ਲੈ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਡਾ. ਅੰਬੇਡਕਰ ਦੀ ਮੂਰਤੀ ਦੀ ਭੰਨਤੋੜ, ਪੰਜਾਬ 'ਚ ਅਮਨ-ਕਾਨੂੰਨ ਪੂਰੀ ਤਰ੍ਹਾਂ ਖਤਮ : ਭਾਜਪਾ
NEXT STORY