ਲੁਧਿਆਣਾ (ਰਾਜ): ਥਾਣਾ ਮਾਡਲ ਟਾਊਨ ਦੇ ਅਧੀਨ ਪੈਂਦੇ ਅੰਬੇਡਕਰ ਨਗਰ ਵਿਚ ਕੁਝ ਦਿਨ ਪਹਿਲਾਂ ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ ਵਿਚ ਇਕ ਨਵਾਂ ਮੋੜ ਆਇਆ ਹੈ। ਇਲਾਕੇ ਵਿਚ ਸਥਾਨਕ ਆਗੂ ਅਤੇ ਨਸ਼ਾ ਮੁਕਤੀ ਮੋਰਚਾ ਦੇ ਜ਼ਿਲ੍ਹਾ ਕੋ-ਆਰਡੀਨੇਟਰ ਬੀ.ਕੇ. ਬੋਨੀ ਵੱਲੋਂ ਅੰਨ੍ਹੇਵਾਹ ਫਾਇਰਿੰਗ ਕਰਨ ਦੀ ਇਕ ਬੇਹੱਦ ਸਨਸਨੀਖੇਜ਼ ਨਵੀਂ ਵੀਡੀਓ ਸਾਹਮਣੇ ਆਈ ਹੈ। ਟਰੱਕ ਪਾਰਕਿੰਗ ਨੂੰ ਲੈ ਕੇ ਸ਼ੁਰੂ ਹੋਏ ਮਾਮੂਲੀ ਵਿਵਾਦ ਤੋਂ ਬਾਅਦ ਉਕਤ ਆਗੂ ਨੇ ਇਲਾਕੇ ਵਿਚ ਦਹਿਸ਼ਤ ਫੈਲਾਉਣ ਲਈ ਕਰੀਬ 5 ਰਾਊਂਡ ਫਾਇਰ ਕੀਤੇ ਸਨ। ਇਲਾਕੇ ਦੇ ਲੋਕਾਂ ਦਾ ਦੋਸ਼ ਹੈ ਕਿ ਇਕ ਗੋਲੀ ਉੱਥੇ ਮੌਜੂਦ ਇਕ ਮਾਸੂਮ ਬੱਚੇ ਨੂੰ ਛੂਹ ਕੇ ਨਿਕਲ ਗਈ, ਕਿਸੇ ਦੀ ਜਾਨ ਦਾ ਨੁਕਸਾਨ ਨਹੀਂ ਹੋਇਆ। ਵਾਰਦਾਤ ਦੀ ਇਹ ਨਵੀਂ ਅਤੇ ਪੁਖ਼ਤਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਖ਼ੁਦ ਨੂੰ ਪਾਕ-ਸਾਫ਼ ਦੱਸਣ ਵਾਲੇ ਆਗੂ ਦੀ ਪੋਲ ਪੂਰੀ ਤਰ੍ਹਾਂ ਖੁੱਲ੍ਹ ਗਈ ਹੈ, ਜਿਸ ਨਾਲ ਪੁਲਸ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ 'ਤੇ ਵੀ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ।
ਪੀੜਤ ਲਖਬੀਰ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਪੂਰਾ ਵਿਵਾਦ ਉਨ੍ਹਾਂ ਦੇ 12-ਟਾਇਰੀ ਭਾਰੀ-ਭਰਕਮ ਟਰੱਕ ਨੂੰ ਗਲੀ ਵਿਚ ਪਾਰਕ ਕਰਨ ਨੂੰ ਲੈ ਕੇ ਸ਼ੁਰੂ ਹੋਇਆ ਸੀ। ਬੀਤੇ ਐਤਵਾਰ ਸਵੇਰੇ ਟਰੱਕ ਖੜ੍ਹਾ ਕਰਨ ''ਤੇ ਉਕਤ ਆਗੂ ਦੀ ਪਤਨੀ ਨਾਲ ਉਨ੍ਹਾਂ ਦੀ ਮਾਮੂਲੀ ਬਹਿਸ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਵਿਵਾਦ ਨਾ ਵਧਾਉਂਦੇ ਹੋਏ ਤੁਰੰਤ ਆਪਣਾ ਟਰੱਕ ਉੱਥੋਂ ਹਟਾ ਲਿਆ ਸੀ। ਲਖਬੀਰ ਸਿੰਘ ਦਾ ਦੋਸ਼ ਹੈ ਕਿ ਇਸੇ ਗੱਲ ਦੀ ਰੰਜਿਸ਼ ਦਿਲ ਵਿੱਚ ਰੱਖਦਿਆਂ ਰਾਤ ਦੇ ਸਮੇਂ ਬੋਨੀ ਦੇ ਪਿਤਾ ਰਵੀ ਨੇ ਉਨ੍ਹਾਂ ਦੇ ਘਰ ਦੇ ਬਾਹਰ ਆ ਕੇ ਅਚਾਨਕ ਗਾਲੀ-ਗਲੋਚ ਸ਼ੁਰੂ ਕਰ ਦਿੱਤੀ ਅਤੇ ਦੇਖਦਿਆਂ ਹੀ ਦੇਖਦਿਆਂ ਮਕਾਨ ''ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ ਸੀ। ਪੀੜਤ ਪਰਿਵਾਰ ਅਨੁਸਾਰ, ਸ਼ੋਰ-ਸ਼ਰਾਬਾ ਵਧਣ ''ਤੇ ਬੀ.ਕੇ. ਬੋਨੀ ਆਪਣੇ ਲਾਇਸੰਸੀ ਹਥਿਆਰ ਨਾਲ ਬਾਹਰ ਆਇਆ ਅਤੇ ਉਸ ਨੇ ਸ਼ਰੇਆਮ ਉਨ੍ਹਾਂ ਦੇ ਪਰਿਵਾਰ ''ਤੇ ਪਿਸਤੌਲ ਤਾਣ ਦਿੱਤੀ ਸੀ। ਬੋਨੀ ਨੇ ਇੱਕ ਤੋਂ ਬਾਅਦ ਇਕ ਕਰੀਬ 5 ਰਾਊਂਡ ਸਿੱਧੀ ਫਾਇਰਿੰਗ ਕੀਤੀ। ਇਸ ਦੌਰਾਨ ਉੱਥੇ ਮੌਜੂਦ ਇੱਕ ਛੋਟਾ ਬੱਚਾ ਉਸ ਵੇਲੇ ਵਾਲ-ਵਾਲ ਬਚ ਗਿਆ, ਜਦੋਂ ਇੱਕ ਗੋਲੀ ਉਸ ਨੂੰ ਛੂਹੰਦੀ ਹੋਈ ਸਨਸਨਾਉਂਦੀ ਹੋਈ ਨਿਕਲ ਗਈ। ਸ਼ਰੇਆਮ ਹੋਈ ਇਸ ਫਾਇਰਿੰਗ ਨਾਲ ਪੂਰੇ ਮੁਹੱਲੇ ਵਿਚ ਚੀਕ-ਚਿਹਾੜਾ ਮਚ ਗਿਆ ਅਤੇ ਲੋਕ ਜਾਨ ਬਚਾਉਣ ਲਈ ਘਰਾਂ ਵਿੱਚ ਲੁਕ ਗਏ।
ਇਸ ਵਾਰਦਾਤ ਤੋਂ ਬਾਅਦ ਪਹਿਲਾਂ ਇਕ ਸੀਸੀਟੀਵੀ ਫੁਟੇਜ ਵਾਇਰਲ ਹੋਈ ਸੀ, ਜਿਸ ਵਿੱਚ ਰਾਤ ਦਾ ਹਨ੍ਹੇਰਾ ਹੋਣ ਕਾਰਨ ਗੋਲੀ ਚਲਾਉਣ ਵਾਲੇ ਦਾ ਚਿਹਰਾ ਪੂਰੀ ਤਰ੍ਹਾਂ ਸਾਫ਼ ਨਹੀਂ ਹੋ ਰਿਹਾ ਸੀ। ਇਸੇ ਦਾ ਫਾਇਦਾ ਚੁੱਕਦਿਆਂ ਥਾਣਾ ਮਾਡਲ ਟਾਊਨ ਪੁਲਿਸ ਨੇ ਕਿਹਾ ਸੀ ਕਿ ਗੋਲੀ ਚੱਲਣ ਦੀ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਪਰ ਹੁਣ ਸਥਾਨਕ ਨਿਵਾਸੀਆਂ ਵੱਲੋਂ ਪੁਲਸ ਨੂੰ ਸੌਂਪੀ ਗਈ ਇੱਕ ਨਵੀਂ ਅਤੇ ਸਾਫ਼ ਵੀਡੀਓ ਨੇ ਸੱਚ ਸਾਹਮਣੇ ਲਿਆ ਦਿੱਤਾ ਹੈ।
ਦੂਜੇ ਪਾਸੇ, ਨਸ਼ਾ ਮੁਕਤੀ ਮੋਰਚਾ ਦੇ ਜ਼ਿਲ੍ਹਾ ਕੋ-ਆਰਡੀਨੇਟਰ ਬੀ.ਕੇ. ਬੋਨੀ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ। ਬੋਨੀ ਨੇ ਬਾਕਾਇਦਾ ਮੀਡੀਆ ਦੇ ਸਾਹਮਣੇ ਸਫ਼ਾਈ ਦਿੰਦੇ ਹੋਏ ਦਾਅਵਾ ਕੀਤਾ ਸੀ ਕਿ ਉਨ੍ਹਾਂ ਕੋਲ ਲਾਇਸੰਸੀ ਹਥਿਆਰ ਜ਼ਰੂਰ ਹੈ, ਪਰ ਉਨ੍ਹਾਂ ਨੇ ਕੋਈ ਗੋਲੀ ਨਹੀਂ ਚਲਾਈ।
ਵੱਡੀ ਖ਼ਬਰ : ਟਰਾਂਸਪੋਰਟ ਵਿਭਾਗ ਦੀ ਸਖ਼ਤੀ, ਪੰਜਾਬ ਦੇ ਇਹ ਵਹੀਕਲ ਕੀਤੇ ਗਏ ਬਲੈਕਲਿਸਟ
NEXT STORY