ਜਲਾਲਾਬਾਦ (ਸੇਤੀਆ,ਸੁਮਿਤ ) ਪਿੰਡ ਘਾਂਗਾ ਖੁਰਦ 'ਚ ਰੰਜਿਸ਼ ਕਾਰਣ ਹੋਏ ਝਗੜੇ ਵਿਚ ਗੋਲੀਆਂ ਚੱਲਣ ਨਾਲ ਇਕ ਔਰਤ ਸਮੇਤ 2 ਲੋਕ ਜ਼ਖਮੀ ਹੋ ਗਏ। ਜ਼ਖਮੀ ਮਹਿਲ ਸਿੰਘ ਪੁੱਤਰ ਚੰਨਣ ਸਿੰਘ ਅਤੇ ਮਨਪ੍ਰੀਤ ਕੌਰ ਪਤਨੀ ਜਸਵੀਰ ਸਿੰਘ ਨੂੰ ਇਲਾਜ ਲਈ ਸ਼ਹਿਰ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਅਤੇ ਬਾਅਦ 'ਚ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਦਿੰਦੇ ਹੋਏ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਸਹੁਰੇ ਪਰਿਵਾਰ ਨਾਲ ਪਿੰਡ 'ਚ ਨਸ਼ਾ ਵੇਚਣ ਵਾਲੇ ਲੋਕ ਰੰਜਿਸ਼ ਰੱਖਦੇ ਸਨ ਅਤੇ ਘਰ ਦੇ ਬਾਹਰ ਆ ਕੇ ਲੋਕਾਂ ਨੂੰ ਨਸ਼ਾ ਵੇਚਦੇ ਸਨ। ਐਤਵਾਰ ਸ਼ਾਮ ਨੂੰ ਕਰੀਬ 6 ਵਜੇ ਜਦ ਉਸ ਦਾ ਸਹੁਰਾ ਮਹਿਲ ਸਿੰਘ ਘਰ ਦੇ ਬਾਹਰ ਬੈਠਾ ਸੀ ਤਾਂ ਵੱਡੀ ਗਿਣਤੀ ਵਿਚ ਹਥਿਆਰਬੰਦ ਲੋਕਾਂ ਨੇ ਹਮਲਾ ਕਰ ਦਿੱਤਾ ਅਤੇ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ।

ਇਸ ਹਮਲੇ ਦੌਰਾਨ ਮੁਲਜ਼ਮਾਂ ਨੇ ਗੋਲੀਆਂ ਚਲਾਈਆਂ, ਜੋ ਇਕ ਗੋਲੀ ਉਸ ਦੇ ਸਹੁਰੇ ਦੀ ਕੂਹਨੀ ਨੂੰ ਛੂਹ ਕੇ ਚਲੀ ਗਈ ਅਤੇ ਇਸ ਹਮਲੇ ਵਿਚ ਮਨਪ੍ਰੀਤ ਕੌਰ ਵੀ ਜ਼ਖਮੀ ਹੋ ਗਈ। ਗੋਲੀਆਂ ਘਰ ਦੀਆਂ ਦੀਵਾਰਾਂ ਨੂੰ ਆਰ-ਪਾਰ ਕਰ ਕੇ ਕਰਾਸ ਕਰ ਗਈਆਂ ਅਤੇ ਕਈ ਥਾਵਾਂ 'ਤੇ ਡਿੱਗੇ ਗੋਲੀਆਂ ਦੇ ਖੋਲ ਵੀ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਬੜੀ ਹੀ ਮੁਸ਼ਕਲ ਨਾਲ ਅੰਦਰ ਦਾਖਲ ਹੋ ਕੇ ਆਪਣੀ ਜਾਨ ਬਚਾਈ। ਇਹ ਹੀ ਨਹੀਂ ਮੁਲਜ਼ਮਾਂ ਨੇ ਘਰ ਵਿਚ ਖੜ੍ਹੀਆਂ 2 ਕਾਰਾਂ ਅਤੇ ਇਕ ਮੋਟਰਸਾਈਕਲ ਵੀ ਭੰਨ ਦਿੱਤਾ। ਇਥੇ ਦੱਸਣਯੋਗ ਹੈ ਕਿ ਪੁਲਸ ਵੱਲੋਂ ਪਿੰਡ ਵਿਚ ਦੋ-ਤਿੰਨ ਘਰਾਂ ਵਿਚ ਰੇਡ ਕੀਤੀ ਗਈ ਸੀ ਅਤੇ ਜਰਮਲ ਸਿੰਘ ਦੇ ਘਰ ਵੀ ਰੇਡ ਕੀਤਾ ਸੀ ਗਈ।

ਇਸ ਸਬੰਧੀ ਜਦੋਂ ਥਾਣਾ ਅਮੀਰ ਖਾਸ ਦੇ ਮੁਖੀ ਗੁਰਜੰਟ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਦੋਵੇਂ ਧਿਰਾਂ ਦੇ ਲੋਕ ਹਸਪਤਾਲ ਵਿਚ ਦਾਖਲ ਹੋਏ ਹਨ ਪਰ ਜਦੋਂ ਉਨ੍ਹਾਂ ਨੂੰ ਘਰ 'ਚ ਦਾਖਲ ਹੋ ਕੇ ਗੋਲੀਆਂ ਚਲਾਉਣ ਅਤੇ ਕਾਰਾਂ ਭੰਨਣ ਬਾਰੇ ਜਾਰੀ ਵੀਡੀਓ ਸਬੰਧੀ ਪੁੱਛਿਆ ਤਾਂ ਉਨ੍ਹਾਂ ਮੌਕੇ ਦਾ ਜਾਇਜ਼ਾ ਲੈਣ ਦੀ ਗੱਲ ਕਹੀ। ਇਸ ਸਬੰਧੀ ਜਦੋਂ ਜ਼ਿਲਾ ਸੀਨੀਅਰ ਪੁਲਸ ਕਪਤਾਨ ਭੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਡੀ. ਐੱਸ. ਪੀ. ਨੂੰ ਕੇਸ ਰਜਿਸਟਰਡ ਕਰਨ ਲਈ ਨਿਰਦੇਸ਼ ਦਿੱਤਾ ਗਿਆ ਹੈ ਅਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ
NEXT STORY