ਜਲੰਧਰ (ਖੁਰਾਣਾ)–ਅੱਜ ਤੋਂ ਲਗਭਗ 15 ਸਾਲ ਪਹਿਲਾਂ ਅਕਾਲੀ-ਭਾਜਪਾ ਸਰਕਾਰ ਦੌਰਾਨ ਤਤਕਾਲੀ ਮੇਅਰ ਰਾਕੇਸ਼ ਰਾਠੌਰ ਨੇ ਜਦੋਂ ਬਰਲਟਨ ਪਾਰਕ ਵਿਚ ਸਪੋਰਟਸ ਹੱਬ ਬਣਾਉਣ ਦਾ ਪ੍ਰਾਜੈਕਟ ਐਲਾਨਿਆ ਸੀ, ਉਦੋਂ ਖੇਡ ਪ੍ਰੇਮੀਆਂ ਅਤੇ ਸ਼ਹਿਰ ਨਿਵਾਸੀਆਂ ਨੂੰ ਆਸ ਬੱਝੀ ਸੀ ਕਿ ਹੁਣ ਬਰਲਟਨ ਪਾਰਕ ਵਿਚ ਦੁਬਾਰਾ ਪੁਰਾਣੇ ਦਿਨ ਪਰਤਣਗੇ ਅਤੇ ਇਥੇ ਲੋਕਾਂ ਨੂੰ ਆਈ. ਪੀ. ਐੱਲ., ਟੈਸਟ ਮੈਚ, ਵਨ-ਡੇ ਜਾਂ ਟਵੰਟੀ-20 ਵਰਗੇ ਟੂਰਨਾਮੈਂਟ ਦੇਖਣ ਨੂੰ ਮਿਲਣਗੇ। ਸਾਬਕਾ ਮੇਅਰ ਰਾਕੇਸ਼ ਰਾਠੌਰ ਨੇ ਇਸ ਪ੍ਰਾਜੈਕਟ ਦਾ ਸੁਫ਼ਾਨਾ ਲੈਂਦੇ ਹੀ ਬਰਲਟਨ ਪਾਰਕ ਦੇ ਪੁਰਾਣੇ ਢਾਂਚੇ ਨੂੰ ਤੁੜਵਾ ਦਿੱਤਾ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਆਲੋਚਨਾ ਦਾ ਸ਼ਿਕਾਰ ਵੀ ਹੋਣਾ ਪਿਆ। ਉਸ ਤੋਂ ਬਾਅਦ ਭਾਜਪਾ ਦੇ ਹੀ ਸੁਨੀਲ ਜੋਤੀ ਮੇਅਰ ਬਣੇ ਪਰ ਉਹ ਵੀ ਇਸ ਪ੍ਰਾਜੈਕਟ ਨੂੰ ਚਲਾ ਨਹੀਂ ਸਕੇ। 5 ਸਾਲ ਸਰਕਾਰ ਵਿਚ ਰਹੇ ਕਾਂਗਰਸੀਆਂ ਨੇ ਵੀ ਖੇਡ ਪ੍ਰੇਮੀਆਂ ਨੂੰ ਨਿਰਾਸ਼ ਹੀ ਕੀਤਾ ਅਤੇ ਸਪੋਰਟਸ ਹੱਬ ਪ੍ਰਤੀ ਕੋਈ ਦਿਲਚਸਪੀ ਨਹੀਂ ਦਿਖਾਈ।
ਅਕਾਲੀ-ਭਾਜਪਾ ਅਤੇ ਫਿਰ ਕਾਂਗਰਸੀ ਆਗੂਆਂ ਦੀ ਅਣਦੇਖੀ ਕਾਰਨ ਸਪੋਰਟਸ ਹੱਬ ਦਾ ਜਿਹੜਾ ਪ੍ਰਾਜੈਕਟ ਸਭ ਤੋਂ ਪਹਿਲਾਂ 500 ਕਰੋੜ ਰੁਪਏ ਦਾ ਬਣਿਆ ਸੀ, ਉਹ ਸਿਰਫ਼ 77 ਕਰੋੜ ਤਕ ਸਿਮਟ ਗਿਆ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਪ੍ਰਾਜੈਕਟ ਦਾ ਪਹਿਲਾ ਫੇਜ਼ ਸ਼ੁਰੂ ਕਰ ਸਕਦੀ ਹੈ, ਜਿਸ ਦੀਆਂ ਸੰਭਾਵਨਾਵਾਂ ਬਣਦੀਆਂ ਦਿਸ ਰਹੀਆਂ ਹਨ। ਇਹ ਫੇਜ਼ ਫਿਲਹਾਲ 33 ਕਰੋੜ ਦਾ ਹੋਵੇਗਾ, ਜਿਸ ਤਹਿਤ ਕ੍ਰਿਕਟ ਸਟੇਡੀਅਮ ਅਤੇ ਕੁਝ ਹੋਰ ਖੇਡਾਂ ਸਬੰਧੀ ਇਨਫਰਾਸਟਰੱਕਚਰ ਤਿਆਰ ਕੀਤਾ ਜਾ ਸਕਦਾ ਹੈ। ਪਤਾ ਲੱਗਾ ਹੈ ਕਿ ਸਮਾਰਟ ਸਿਟੀ ਦੇ ਮੌਜੂਦਾ ਸੀ. ਈ. ਓ. ਗੌਤਮ ਜੈਨ ਦੇ ਯਤਨਾਂ ਨਾਲ ਇਸ ਪ੍ਰਾਜੈਕਟ ਦੇ ਪਹਿਲੇ ਫੇਜ਼ ਸਬੰਧੀ ਸਾਰੀ ਤਿਆਰੀ ਕਰ ਲਈ ਗਈ ਹੈ ਅਤੇ ਸਬੰਧਤ ਫਾਈਲ ਪੰਜਾਬ ਦੇ ਐਡਵੋਕੇਟ ਜਨਰਲ ਕੋਲ ਭੇਜੀ ਗਈ ਹੈ। ਉਥੋਂ ਮਨਜ਼ੂਰੀ ਮਿਲਦੇ ਹੀ ਇਸ ਨੂੰ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਵਿਚ ਰੱਖਿਆ ਜਾਵੇਗਾ ਅਤੇ ਉਥੋਂ ਮਨਜ਼ੂਰ ਹੁੰਦੇ ਹੀ ਪ੍ਰਾਜੈਕਟ ’ਤੇ ਕੰਮ ਸ਼ੁਰੂ ਹੋ ਜਾਵੇਗਾ।
ਇਹ ਵੀ ਪੜ੍ਹੋ- ਅਮਰੀਕਾ 'ਚ ਪੰਜਾਬੀ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਮੰਜ਼ਰ ਵੇਖ ਸਹਿਮੇ ਲੋਕ
ਬਰਲਟਨ ਪਾਰਕ ਗਰਾਊਂਡ ’ਚ ਖੇਡ ਚੁੱਕੇ ਹਨ ਕਈ ਉੱਘੇ ਕ੍ਰਿਕਟਰ
ਬਰਲਟਨ ਪਾਰਕ ਵਿਚ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦਾ ਨਿਰਮਾਣ 1955 ਵਿਚ ਕੀਤਾ ਗਿਆ ਸੀ ਅਤੇ ਇਹ 2 ਭਾਰਤੀ ਘਰੇਲੂ ਕ੍ਰਿਕਟ ਟੀਮਾਂ ਪੰਜਾਬ ਅਤੇ ਨਾਰਥ ਜ਼ੋਨ ਦੀ ਹੋਮ ਗਰਾਊਂਡ ਹੁੰਦਾ ਸੀ। ਬਰਲਟਨ ਪਾਰਕ ਦੀ ਪ੍ਰਸਿੱਧ ਕ੍ਰਿਕਟ ਗਰਾਊਂਡ ਵਿਚ ਸੁਨੀਲ ਗਾਵਸਕਰ, ਸੰਦੀਪ ਪਾਟਿਲ, ਕਪਿਲ ਦੇਵ, ਮਹਿੰਦਰ ਅਮਰਨਾਥ, ਰੋਜਰ ਬਿੰਨੀ, ਯਸ਼ਪਾਲ ਸ਼ਰਮਾ, ਯੂਸੁਫ ਕਿਰਮਾਨੀ, ਜਾਵੇਦ ਮਿਆਂਦਾਦ, ਰਵੀ ਸ਼ਾਸਤਰੀ, ਦਲੀਪ ਵੈਂਗਸਰਕਰ, ਰਿੱਚੀ ਰਿਚਰਡਸਨ, ਅਮੀਰ ਮਲਿਕ, ਵੈਂਕਟਾਪਤੀ ਰਾਜੂ ਅਤੇ ਗ੍ਰਾਹਮ ਗੂਚ ਵਰਗੇ ਇੰਟਰਨੈਸ਼ਨਲ ਸਿਤਾਰੇ ਖੇਡ ਚੁੱਕੇ ਹਨ। ਫਿਰਕੀ ਗੇਂਦਬਾਜ਼ ਭੱਜੀ ਨੇ ਇਥੋਂ ਹੀ ਗੇਂਦਬਾਜ਼ੀ ਵਿਚ ਮੁਹਾਰਤ ਹਾਸਲ ਕੀਤੀ ਅਤੇ ਸਪਿਨ ਦੇ ਗੁਰ ਸਿੱਖੇ।
ਇਥੇ ਹੁੰਦੇ ਰਹੇ ਹਨ ਟੈਸਟ ਮੈਚ ਅਤੇ ਵਨ-ਡੇ
ਇੰਟਰਨੈਸ਼ਨਲ ਟੈਸਟ ਮੈਚ
-24 ਸਤੰਬਰ 1983
-ਭਾਰਤ-ਪਾਕਿਸਤਾਨ
ਪਹਿਲਾ ਵਨ-ਡੇ ਮੈਚ
-20 ਸਤੰਬਰ 1981
-ਭਾਰਤ-ਇੰਗਲੈਂਡ
ਦੂਜਾ ਵਨ-ਡੇ ਮੈਚ
-20 ਫਰਵਰੀ 1994
-ਭਾਰਤ-ਸ਼੍ਰੀਲੰਕਾ
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਕੰਬਿਆ ਜਲੰਧਰ, ਕੈਮਿਸਟ ਸ਼ਾਪ ’ਤੇ ਕੰਮ ਕਰਨ ਵਾਲੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਇੰਝ ਹੁੰਦੀ ਚਲੀ ਗਈ ਸਪੋਰਟਸ ਹੱਬ ਬਣਨ ’ਚ ਦੇਰੀ
26 ਸਤੰਬਰ 2008 : ਬਰਲਟਨ ਪਾਰਕ ਵਿਚ ਇੰਟਰਨੈਸ਼ਨਲ ਲੈਵਲ ਦਾ ਸਪੋਰਟਸ ਹੱਬ ਬਣਾਉਣ ਦਾ ਪ੍ਰਸਤਾਵ ਨਗਰ ਨਿਗਮ ਦੇ ਕੌਂਸਲਰ ਹਾਊਸ ਵਿਚ ਪਾਸ ਹੋਇਆ। ਤਤਕਾਲੀ ਮੰਤਰੀ ਮਨੋਰੰਜਨ ਕਾਲੀਆ ਤੇ ਮੇਅਰ ਰਾਕੇਸ਼ ਰਾਠੌਰ ਨੇ ਰਸਮੀ ਰੂਪ ਵਿਚ ਇਸ ਸਬੰਧੀ ਐਲਾਨ ਕੀਤਾ।
ਦਸੰਬਰ 2008 : ਬੀ. ਸੀ. ਸੀ. ਆਈ. ਨੇ ਬ੍ਰਿਟਿਸ਼ ਆਰਕੀਟੈਕਟ ਬੁਲਾ ਕੇ ਇਸ ਪ੍ਰਾਜੈਕਟ ਦੇ ਮਾਮਲੇ ਵਿਚ ਸੁਝਾਅ ਆਦਿ ਲੈਣ ਦੀ ਸਲਾਹ ਜਲੰਧਰ ਨਗਰ ਨਿਗਮ ਨੂੰ ਲਿਖਤੀ ਰੂਪ ਵਿਚ ਦਿੱਤੀ, ਜਿਸ ਤੋਂ ਲੱਗਣ ਲੱਗਾ ਕਿ ਇਹ ਪ੍ਰਾਜੈਕਟ ਬੀ. ਸੀ. ਸੀ. ਆਈ. ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਏਜੰਡੇ ਵਿਚ ਵੀ ਹੈ।
2009 : ਪ੍ਰਾਜੈਕਟ ਕਾਰਨ ਗ੍ਰੀਨਰੀ ਨੂੰ ਨਸ਼ਟ ਹੋਣ ਤੋਂ ਬਚਾਉਣ ਲਈ ਇਕ ਵੈੱਲਫੇਅਰ ਸੋਸਾਇਟੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸ਼ਰਨ ਵਿਚ ਚਲੀ ਗਈ ਅਤੇ ਪੀ. ਆਈ. ਐੱਲ. ਦਾਖਲ ਕੀਤੀ, ਜਿਸ ਕਾਰਨ ਪ੍ਰਾਜੈਕਟ ਕੁਝ ਦੇਰ ਲਈ ਰੁਕ ਗਿਆ। ਬਾਅਦ ਵਿਚ ਇਹ ਪਟੀਸ਼ਨ ਖਾਰਜ ਹੋ ਗਈ।
ਮਈ 2010 : ਪ੍ਰਾਜੈਕਟ ਦੀ ਡੀ. ਪੀ. ਆਰ. ਬਣਾਉਣ ਲਈ ਚੇਨਈ ਦੇ ਪ੍ਰਸਿੱਧ ਆਰਕੀਟੈਕਟ ਸੀ. ਆਰ. ਨਾਰਾਇਣ ਰਾਵ ਦੀਆਂ ਸੇਵਾਵਾਂ ਲਈਆਂ ਗਈਆਂ ਅਤੇ ਉਨ੍ਹਾਂ ਨੂੰ ਪ੍ਰਾਜੈਕਟ ਲਈ ਆਰਕੀਟੈਕਟ ਚੁਣਿਆ ਗਿਆ। ਉਨ੍ਹਾਂ ਨੂੰ ਕਰੋੜਾਂ ਰੁਪਏ ਫੀਸ ਵੀ ਅਦਾ ਕੀਤੀ ਗਈ।
ਜੂਨ 2012 : ਹੁਡਕੋ ਨੇ ਇਸ ਪ੍ਰਾਜੈਕਟ ਲਈ ਜਲੰਧਰ ਨਗਰ ਨਿਗਮ ਨੂੰ 130 ਕਰੋੜ ਰੁਪਏ ਦਾ ਲੋਨ ਦੇਣ ਦਾ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ-ਮੇਰੇ ਕੋਲੋਂ ਨਹੀਂ ਹੁੰਦਾ ਕੰਮ ਆਖ ਘਰੋਂ ਗਈ ਕੁੜੀ, ਹੁਣ ਇਸ ਹਾਲ 'ਚ ਵੇਖ ਮਾਪਿਆਂ ਦੇ ਉੱਡੇ ਹੋਸ਼
ਅਪ੍ਰੈਲ 2013 : ਨਗਰ ਨਿਗਮ ਨੇ ਇਹ ਪ੍ਰਾਜੈਕਟ ਹੈਦਰਾਬਾਦ ਦੀ ਫਰਮ ਨਾਗਾਰਜੁਨ ਕੰਸਟਰੱਕਸ਼ਨ ਕੰਪਨੀ ਨੂੰ 135 ਕਰੋੜ ਰੁਪਏ ਵਿਚ ਅਲਾਟ ਕਰ ਦਿੱਤਾ ਪਰ ਐਨ ਮੌਕੇ ’ਤੇ ਹੁਡਕੋ ਨੇ ਲੋਨ ਦੇਣ ਦੇ ਮਾਮਲੇ ਵਿਚ ਹੱਥ ਪਿੱਛੇ ਖਿੱਚ ਲਏ, ਜਿਸ ਕਾਰਨ ਪ੍ਰਾਜੈਕਟ ’ਤੇ ਲੰਮੀ ਬ੍ਰੇਕ ਲੱਗ ਗਈ।
2017-2022 : ਪੰਜਾਬ ਵਿਚ ਕਾਂਗਰਸ ਸਰਕਾਰ ਦਾ ਗਠਨ ਹੋ ਗਿਆ ਪਰ ਕਾਂਗਰਸੀਆ ਨੇ ਪ੍ਰਾਜੈਕਟ ਵਿਚ ਕਮੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਸਿਰਫ ਫਾਈਲ ਵਰਕ ਕੀਤਾ। ਪ੍ਰਾਜੈਕਟ ਨੂੰ 135 ਕਰੋੜ ਤੋਂ ਵੀ ਘਟਾ ਕੇ 77 ਕਰੋੜ ਕਰ ਦਿੱਤਾ ਗਿਆ। ਸਰਕਾਰ ਜਦੋਂ ਜਾਣ ਲੱਗੀ ਅਤੇ ਿਵਧਾਨ ਸਭਾ ਦੀਆਂ ਚੋਣਾਂ ਸਬੰਧੀ ਕੋਡ ਆਫ ਕੰਡਕਟ ਲੱਗਣ ਲੱਗਾ, ਉਸ ਤੋਂ ਕੁਝ ਹੀ ਘੰਟੇ ਪਹਿਲਾਂ ਇਕ ਉਦਘਾਟਨੀ ਪੱਥਰ ਰਖਵਾ ਦਿੱਤਾ ਗਿਆ।
2023 : ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਪ੍ਰਾਜੈਕਟ ਦੇ ਡਿਜ਼ਾਈਨ ਵਿਚ ਤਬਦੀਲੀ ਕੀਤੀ। ਪੁਰਾਣੇ ਠੇਕੇਦਾਰ ਨੂੰ ਕੰਮ ਸ਼ੁਰੂ ਕਰਨ ਵਾਸਤੇ ਮਨਾਉਣ ਦੇ ਯਤਨ ਕੀਤੇ। ਪੀ. ਡਬਲਿਊ. ਡੀ. ਤਕ ਤੋਂ ਕੰਮ ਕਰਵਾਉਣ ਦੀ ਪਲਾਨਿੰਗ ਬਣਾਈ। ਹੁਣ ਪਹਿਲਾ ਪੜਾਅ ਸ਼ੁਰੂ ਕਰਨ ਦੀ ਯੋਜਨਾ ਬਣੀ ਹੈ।
ਸਪੋਰਟਸ ਹੱਬ ਪ੍ਰਾਜੈਕਟ ’ਤੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿਚ ਵਿਚਾਰ ਹੋਇਆ ਹੈ। ਇਕ ਕਾਨੂੰਨੀ ਨੁਕਤੇ ’ਤੇ ਸਲਾਹ ਲੈਣ ਲਈ ਏ. ਜੀ. ਆਫਿਸ ਵਿਚ ਫਾਈਲ ਭੇਜੀ ਗਈ ਹੈ। ਉਥੋਂ ਵਾਪਸ ਆਉਂਦੇ ਹੀ ਫਾਈਲ ਦੁਬਾਰਾ ਬੋਰਡ ਆਫ ਡਾਇਰੈਕਟਰਜ਼ ਵਿਚ ਪ੍ਰਾਜੈਕਟ ਰੱਖਿਆ ਜਾਵੇਗਾ। ਸਮਾਰਟ ਸਿਟੀ ਮਿਸ਼ਨ ਦੀ ਜੋ ਡੈੱਡਲਾਈਨ ਮਿਲੀ ਹੈ, ਉਸੇ ਨੂੰ ਧਿਆਨ ਵਿਚ ਰੱਖਦੇ ਹੋਏ ਪਹਿਲਾ ਪੜਾਅ ਤਿਆਰ ਕੀਤਾ ਗਿਆ ਹੈ। ਪ੍ਰਾਜੈਕਟ ਦਾ ਕੋਈ ਹਿੱਸਾ ਅਜੇ ਡਰਾਪ ਨਹੀਂ ਕੀਤਾ ਗਿਆ ਹੈ।-ਗੌਤਮ ਜੈਨ (ਆਈ. ਏ. ਐੱਸ.) ਸੀ. ਈ. ਓ. ਜਲੰਧਰ ਸਮਾਰਟ ਸਿਟੀ।
ਇਹ ਵੀ ਪੜ੍ਹੋ-ਪੰਜਾਬੀਆਂ ਨੂੰ ਲਗਾ ਕੇ ਦਿੰਦੇ ਸੀ ਕੈਨੇਡਾ ਦੇ ਜਾਅਲੀ ਵੀਜ਼ੇ, ਫੜਿਆ ਗਿਆ ਪੂਰਾ ਗਿਰੋਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਪਹਿਲਾਂ ਰੇਡ ਕਰ ਕੇ ਸਮੱਗਲਰਾਂ ਨੂੰ ਫੜਦੇ ਸੀ ਪਿਓ-ਪੁੱਤ, ਮੁਨਾਫ਼ਾ ਵੇਖ ਆਪ ਹੀ ਬਣ ਗਏ ਤਸਕਰ
NEXT STORY