ਫਗਵਾੜਾ, (ਹਰਜੋਤ)- ਸ਼ਹਿਰ 'ਚ ਰੇਲਵੇ ਰੋਡ, ਰਗੋਬਿੰਦ ਨਗਰ, ਸੁਭਾਸ਼ ਨਗਰ, ਗੁੜ ਮੰਡੀ ਰੋਡ, ਜੋਸ਼ੀਆਂ ਮੁਹੱਲਾ, ਡਾਕਘਰ ਰੋਡ, ਬੁਰੀ ਤਰ੍ਹਾਂ ਪਾਣੀ ਨਾਲ ਭਰ ਗਏ। ਸ਼ਹਿਰ 'ਚ ਪਾਣੀ ਦੀ ਨਿਕਾਸੀ ਨਾ ਹੋਣ ਕਰ ਕੇ ਲੋਕਾਂ ਨੂੰ ਖੜ੍ਹੇ ਪਾਣੀ 'ਚੋਂ ਹੀ ਗੁਜ਼ਰਨਾ ਪਿਆ। ਇਥੋਂ ਤਕ ਕਿ ਕੱਪੜਿਆਂ ਦੀਆਂ ਦੁਕਾਨਾਂ ਤੇ ਹੋਰ ਦੁਕਾਨਾਂ ਦੇ ਅੰਦਰ ਪਾਣੀ ਵੀ ਜਾ ਵੜਿਆ। ਚੱਢਾ ਮਾਰਕੀਟ 'ਚ ਪਿਛਲੇ ਦਿਨੀਂ ਨਗਰ ਨਿਗਮ ਵੱਲੋਂ ਬਣਾਈ ਸੜਕ ਦੇ ਬਾਵਜੂਦ ਵੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬੱਸ ਸਟੈਂਡ ਨੂੰ ਆਉਣ ਜਾਣ ਵਾਲੇ ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਨਗਰ ਕੌਂਸਲ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ
ਮਿਲੀਆਂ ਜਾਣਕਾਰੀਆਂ ਦੇ ਅਨੁਸਾਰ ਸ਼ਹਿਰ ਦੇ ਕਈ ਹਿੱਸਿਆਂ 'ਚ ਫਗਵਾੜਾ ਨਗਰ ਨਿਗਮ ਦੀ ਇਕ ਬਾਰ ਫਿਰ ਕਈ ਸੀਵਰੇਜ ਲਾਈਨਾਂ ਪੂਰੀ ਤਰ੍ਹਾਂ ਬੰਦ ਹੋ ਗਈਆਂ ਹਨ ਅਤੇ ਲੋਕਾਂ ਦੇ ਘਰਾਂ ਦੁਕਾਨਾਂ, ਫੈਕਟਰੀਆਂ ਆਦਿ 'ਚ ਗੰਦਾ ਤੇ ਬਦਬੂਦਾਰ ਪਾਣੀ ਆ ਵੜਿਆ ਹੈ।
ਸਾਨੂੰ ਬਰਸਾਤੀ ਮੌਸਮ 'ਚ ਕਿਸ਼ਤੀਆਂ ਲੈ ਦਿਓ ਸਰਕਾਰ ਜੀ!
ਸ਼ਹਿਰ 'ਚ ਭਰੇ ਪਾਣੀ ਨੂੰ ਦੇਖਦੇ ਹੋਏ ਸਥਾਨਕ ਸ਼ਹਿਰ ਵਾਸੀਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਨਗਰ ਨਿਗਮ ਫਗਵਾੜਾ ਜੇਕਰ ਸ਼ਹਿਰ 'ਚ ਸੀਵਰੇਜ ਵਿਵਸਥਾ ਸਹੀ ਨਹੀਂ ਕਰਵਾ ਸਕਦੀ ਤਾਂ ਫਿਰ ਅਜਿਹੇ ਮੌਸਮ 'ਚ ਲੋਕਾਂ ਨੂੰ ਆਉਣ ਜਾਣ ਲਈ ਕਿਸ਼ਤੀਆਂ ਮੁਹੱਈਆ ਕਰਵਾ ਦੇਵੇ। ਲੋਕਾਂ ਨੇ ਕਿਹਾ ਕਿ ਸਿਰਫ ਲੀਡਰਾਂ ਦੇ ਬਿਆਨਾਂ 'ਚ ਵਿਕਾਸ ਹੋ ਰਿਹਾ ਹੈ ਅਤੇ ਵਿਕਾਸ ਕਾਰਜਾਂ ਦੇ ਰਿਕਾਰਡ ਬਣ ਰਹੇ ਹਨ ਪਰ ਅਸਲ ਸੱਚਾਈ ਇਸ ਸਭ ਤੋਂ ਪਰ੍ਹੇ ਹੈ। ਸ਼ਹਿਰ 'ਚ ਪਾਣੀ ਭਰ ਜਾਣ ਕਾਰਨ ਜਾਨਲੇਵਾ ਬੀਮਾਰੀਆਂ ਜਿਵੇਂ ਪੀਲੀਆ, ਹੈਜ਼ਾ ਆਦਿ ਫੈਲ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਉਹ ਫਗਵਾੜਾ 'ਚ ਸੱਤਾ ਸੁੱਖ ਭੋਗ ਰਹੇ ਰਾਜਨੇਤਾਵਾਂ ਤੋਂ ਇਹ ਪੁੱਛਣਾ ਚਾਹੁੰਦੇ ਹਨ ਸੂਬੇ ਭਰ 'ਚ ਸਮੇਂ ਦੀਆਂ ਸਰਕਾਰਾਂ ਦੇ ਆਗੂ ਜਿਸ ਵਿਕਾਸ ਦੇ ਦਾਅਵੇ ਕਰਦਿਆਂ ਫਗਵਾੜਾ ਨੂੰ ਮਾਡਲ ਸ਼ਹਿਰ ਦੱਸਦੇ ਹਨ, ਉਹ ਅਸਲ 'ਚ ਕਿਸ ਪਾਸਿਓਂ ਮਾਡਲ ਹੈ? ਇਸ ਬਾਰੇ ਇਹ ਲੀਡਰ ਫਗਵਾੜਾ ਵਾਸੀਆਂ ਨੂੰ ਵੀ ਦੱਸ ਦੇਣ। ਕਿਥੇ ਹਨ ਸਰਕਾਰ ਨੇ ਫਗਵਾੜਾ 'ਚ ਖਰਚ ਕੀਤੇ ਹਨ ਕਰੋੜਾਂ ਰੁਪਏ? ਉੱਧਰ ਸ਼ਹਿਰ ਦੇ ਮੁੱਖ ਬੱਸ ਸਟੈਂਡ ਅਤੇ ਨੈਸ਼ਨਲ ਹਾਈਵੇ ਦੇ ਨਜ਼ਦੀਕ ਰਹਿ ਰਹੇ ਲੋਕਾਂ ਨੇ 'ਜਗ ਬਾਣੀ' ਦੇ ਨਾਲ ਗੱਲਬਾਤ ਦੌਰਾਨ ਆਪਣਾ ਦਰਦ ਵੰਡਦੇ ਹੋਏ ਕਿਹਾ ਕਿ ਜਦੋਂ ਤੋਂ ਨੈਸ਼ਨਲ ਹਾਈਵੇ ਦਾ ਵਿਸਤਾਰ ਕਾਰਜ ਸ਼ੁਰੂ ਹੋਇਆ ਹੈ, ਉਨ੍ਹਾਂ ਦਾ ਜੀਵਨ ਨਰਕ ਬਣ ਚੁੱਕਾ ਹੈ।

ਨੈਸ਼ਨਲ ਹਾਈਵੇ ਨੰਬਰ-1 'ਤੇ ਬਣੇ ਕਈ ਅੰਡਰਪਾਸ ਹੋਏ 'ਜਲਮਗਨ'
ਉੱਥੇ ਨੈਸ਼ਨਲ ਹਾਈਵੇ ਨੰਬਰ-1 'ਤੇ ਹੋ ਰਹੇ ਵਿਸਤਾਰ ਕਾਰਜ ਕਿਸ ਤਰ੍ਹਾਂ ਜਨਤਾ ਦੇ ਲਈ ਮੁਸੀਬਤ ਬਣ ਗਏ ਹਨ, ਇਸ ਦੀ ਤਾਜ਼ਾ ਮਿਸਾਲ ਅੱਜ ਉਦੋਂ ਦੇਖਣ ਨੂੰ ਮਿਲੀ, ਜਦੋਂ ਸਬੰਧਿਤ ਇਲਾਕੇ ਪਾਣੀ ਨਾਲ ਪੂਰੀ ਤਰ੍ਹਾਂ ਭਰੇ ਹੋਏ ਦਿਖਾਈ ਦਿੱਤੇ। ਆਲਮ ਇਹ ਰਿਹਾ ਕਿ ਹਾਈਵੇ 'ਤੇ ਬਣੇ ਕਈ ਅੰਡਰਪਾਸ ਪੂਰੀ ਤਰ੍ਹਾਂ ਨਾਲ ਛੱਪੜ ਦਾ ਰੂਪ ਧਾਰ ਗਏ। ਇਸ ਦੇ ਨਾਲ ਲੱਗਦੀਆਂ ਸਰਵਿਸ ਸੜਕਾਂ ਨਦੀਆਂ 'ਚ ਤਬਦੀਲ ਹੋਈਆਂ ਦਿਖਾਈ ਦਿੱਤੀਆਂ। ਟਰੈਫਿਕ ਜਾਮ ਲੱਗਦੇ ਦਿਖਾਈ ਦਿੱਤੇ ਅਤੇ ਕਈ ਲੋਕਾਂ ਨੂੰ ਭਾਰੀ ਜਲਭਰਾਵ ਹੋਇਆ ਰਿਹਾ। ਫਗਵਾੜਾ ਵਾਸੀਆਂ ਨੇ ਕਿਹਾ ਕਿ ਹਾਈਵੇ ਦਾ ਵਿਸਤਾਰ ਕਰ ਰਹੀ ਕੰਪਨੀ ਦੀ ਹੌਲੀ ਚਾਲ ਕਾਰਨ ਸਥਾਨਕ ਗੋਲ ਚੌਕ ਸਣੇ ਫਗਵਾੜਾ–ਜਲੰਧਰ ਅਤੇ ਫਗਵਾੜਾ-ਲੁਧਿਆਣਾ ਰਸਤਿਆਂ ਤੇ ਵਾਹਨ ਸਣੇ ਗੁਜਰਣ ਵਾਲਿਆਂ ਨੂੰ ਕਈ ਦਿਕੱਤਾਂ ਦਾ ਸਾਹਮਣਾ ਕਰਨਾ ਪਿਆ।
ਇਨ੍ਹਾਂ ਇਲਾਕਿਆਂ 'ਚ ਭਰਿਆ ਪਾਣੀ
ਕਪੂਰਥਲਾ, (ਗੌਰਵ)-ਸ਼ਹਿਰ 'ਚ ਪਿਛਲੇ 2 ਦਿਨ ਤੋਂ ਲਗਾਤਾਰ ਹੋ ਰਹੀ ਬੂੰਦਾ ਬਾਂਦੀ ਤੇ ਹਲਕੀ-ਹਲਕੀ ਤੇਜ਼ ਬਾਰਿਸ਼ ਨੇ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦੇ ਦਿੱਤੀ ਹੈ। ਉਥੇ ਹੀ ਸ਼ਹਿਰ 'ਚ ਬਰਸਾਤੀ ਪਾਣੀ ਦੇ ਨਿਕਾਸੀ ਪ੍ਰਬੰਧਾਂ ਦੇ ਦਰੁਸਤ ਨਾ ਹੋਣ ਕਾਰਨ ਵੱਖ-ਵੱਖ ਥਾਵਾਂ 'ਤੇ ਮੀਂਹ ਦੇ ਪਾਣੀ ਦੇ ਵੱਡੇ-ਵੱਡੇ ਛੱਪੜਾਂ ਨੇ ਆਪਣਾ ਜਾਲ ਵਿਛਾ ਦਿੱਤਾ ਹੈ। ਸ਼ਹਿਰ ਦੇ ਲਕਸ਼ਮੀ ਨਗਰ ਸਥਿਤ ਪ੍ਰਾਚੀਨ ਸਮਸ਼ਾਨਘਾਟ ਦੇ ਬਾਹਰ ਪਿਛਲੇ ਕਾਫੀ ਸਾਲਾਂ ਤੋਂ ਬੰਦ ਸੀਵਰੇਜ ਤੇ ਬਰਸਾਤੀ ਪਾਣੀ ਦੇ ਨਿਕਾਸੀ ਸਿਸਟਮ ਦੇ ਸਹੀ ਨਾ ਹੋਣ ਕਾਰਨ ਬਰਸਾਤੀ ਪਾਣੀ ਖੜ੍ਹਾ ਹੋ ਜਾਂਦਾ ਹੈ। ਇਸ ਵਾਰ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮੀਂਹ ਦੇ ਪਾਣੀ ਦੇ ਛੱਪੜ ਬਣ ਗਏ ਹਨ, ਜਿਸ ਕਾਰਨ ਸਮਸ਼ਾਨਘਾਟ ਦੇ ਬਾਹਰ ਖੜ੍ਹੇ ਪਾਣੀ 'ਚੋਂ ਲੋਕਾਂ ਦਾ ਗੁਜ਼ਰਨਾ ਬੇਹੱਦ ਮੁਸ਼ਕਿਲ ਹੋ ਚੁਕਿਆ ਹੈ। ਇਸੇ ਤਰ੍ਹਾਂ ਕੋਟੂ ਚੌਕ, ਕਚਹਿਰੀ ਚੌਕ ਵਿਖੇ ਪ੍ਰਾਚੀਨ ਸ੍ਰੀ ਪੰਚ ਮੁਖੀ ਦੇ ਬਾਹਰ ਚੌਕ ਵਿਖੇ ਬਰਸਾਤ ਦੇ ਖੜ੍ਹੇ ਪਾਣੀ ਦੇ ਛੱਪੜਾਂ ਦੇ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ 'ਚੋਂ ਗੁਜ਼ਰਨਾ ਪੈਂਦਾ ਹੈ।
ਜਿਕਰਯੋਗ ਹੈ ਕਿ 1-2 ਦਿਨ ਪਹਿਲਾਂ ਹੀ ਨਗਰ ਕੌਂਸਲ ਦੇ ਆਲਾ ਅਧਿਕਾਰੀਆਂ ਨੇ ਇਹ ਦਾਅਵਾ ਕੀਤਾ ਸੀ ਕਿ ਹਾਈਟੈਕ ਵੈਕਿਊਮ ਮਸ਼ੀਨ ਨਾਲ ਬੰਦ ਸੀਵਰੇਜ ਨੂੰ ਜੰਗੀ ਪੱਧਰ 'ਤੇ ਖੋਲ੍ਹਿਆ ਜਾ ਰਿਹਾ ਹੈ, ਹੁਣ ਸਮਸ਼ਾਨਘਾਟ ਦੇ ਬਾਹਰ, ਕੋਟੂ ਚੌਕ ਸਮੇਤ ਹੋਰ ਥਾਵਾਂ 'ਤੇ ਬੰਦ ਸੀਵਰੇਜ ਦੇ ਕਾਰਨ ਸੜਕਾਂ 'ਤੇ ਖੜ੍ਹੇ ਹੋਣ ਵਾਲੇ ਪਾਣੀ ਤੋਂ ਲੋਕਾਂ ਨੂੰ ਨਿਜਾਤ ਮਿਲੇਗੀ ਪਰ ਹਾਲ ਹੀ 'ਚ ਪਏ ਮੀਂਹ ਨੇ ਸਾਰੇ ਦਾਅਵਿਆਂ ਦੀ ਪੋਲ ਖੋਲ੍ਹਦਿਆਂ ਸਮੱਸਿਆ ਸਾਹਮਣੇ ਲਿਆ ਦਿੱਤੀ ਹੈ। ਅੱਜ ਵੀ ਸਮੱਸਿਆ ਪਹਿਲਾਂ ਦੀ ਤਰ੍ਹਾਂ ਜਿਊਂ ਦੀ ਤਿਊਂ ਹੈ। ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਈ. ਓ. ਕੁਲਭੂਸ਼ਣ ਨਾਲ ਸੰਪਰਕ ਕਰਨ ਲਈ ਮੋਬਾਇਲ 'ਤੇ 2-3 ਵਾਰ ਫੋਨ ਕੀਤਾ ਤਾਂ ਉਨ੍ਹਾਂ ਨੇ ਫੋਨ ਚੱਕਣਾ ਮੁਨਾਸਿਬ ਨਹੀਂ ਸਮਝਿਆ।
ਟਾਇਰਾਂ ਦੀਆਂ ਦੁਕਾਨਾਂ 'ਚੋਂ ਲੱਖਾਂ ਰੁਪਏ ਦੇ ਟਾਇਰ ਚੋਰੀ
NEXT STORY