ਸੁਲਤਾਨਪੁਰ ਲੋਧੀ, (ਧੀਰ, ਜੋਸ਼ੀ, ਅਸ਼ਵਨੀ)- ਬੀਤੀ ਰਾਤ ਚੋਰਾਂ ਨੇ ਸ਼ਹਿਰ 'ਚ ਚਲਦੀ ਪੁਲਸ ਦੀ ਪੈਟਰੋਲਿੰਗ ਗਸ਼ਤ ਦੀਆਂ ਧੱਜੀਆਂ ਉਡਾਉਂਦੇ ਹੋਏ 2 ਟਾਇਰਾਂ ਦੀਆਂ ਦੁਕਾਨਾਂ ਤੋਂ ਲੱਖਾਂ ਰੁਪਏ ਦੇ ਟਾਇਰ ਚੋਰੀ ਕਰਨ ਤੇ ਪੂਰੇ ਖੇਤਰ 'ਚ ਦੁਕਾਨਦਾਰਾਂ 'ਚ ਕਾਫੀ ਡਰ ਤੇ ਸਹਿਮ ਵਾਲਾ ਮਾਹੌਲ ਪਾਇਆ ਜਾ ਰਿਹਾ ਹੈ। ਚੋਰਾਂ ਨੇ ਪਹਿਲਾਂ ਗੁ. ਸ੍ਰੀ ਬੇਰ ਸਾਹਿਬ ਦੇ ਨਜ਼ਦੀਕ ਮੇਜਰ ਟਾਇਰ ਵਰਕਸ ਦੀ ਦੁਕਾਨ 'ਤੇ ਰਾਤ ਨੂੰ ਲੱਖ ਰੁਪਏ ਦੇ ਟਾਇਰ ਤੇ ਨਕਦੀ ਚੋਰੀ ਕਰ ਕੇ ਲੈ ਗਏ। ਦੁਕਾਨ ਮਾਲਿਕ ਮੇਜਰ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਦੁਕਾਨ 'ਚ ਪੈਂਦੇ ਦੋ ਸ਼ਟਰਾਂ 'ਚੋਂ ਇਕ ਸ਼ਟਰ ਦੇ ਤਾਲੇ ਤੋੜ ਕੇ ਦੁਕਾਨ 'ਚੋਂ 100 ਮੋਟਰ ਸਾਈਕਲ ਦੇ ਟਾਇਰ, 4 ਜੋੜੀਆਂ ਟਰੱਕ ਦੇ ਟਾਇਰਾਂ ਦੀਆਂ, ਛੋਟਾ ਹਾਥੀ ਦੇ 9, ਦੁਕਾਨ 'ਚ ਪਏ ਇਨਵਰਟਰ, ਬੈਟਰੀਆਂ, ਪ੍ਰੈੱਸ਼ਰ ਜੈੱਕ, ਪੁਰਾਣੇ ਟਾਇਰ 150 ਟਾਇਰ ਟਿਊਬਾਂ ਤੋਂ ਇਲਾਵਾ ਦੁਕਾਨ 'ਚ ਪਈ 50 ਤੋਂ 55 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਜੋ ਉਸਨੇ ਕੁਝ ਦਿਨ ਪਹਿਲਾਂ ਹੀ ਟਾਇਰ ਖਰੀਦੇ ਡੀਲਰ ਨੂੰ ਦੇਣੀ ਸੀ, ਉਹ ਵੀ ਚੋਰੀ ਕਰਕੇ ਲੈ ਗਏ। ਉਸਨੇ ਦਸਿਆ ਕਿ ਚੋਰੀ ਹੋਣ ਦਾ ਉਸਨੂੰ ਸਵੇਰੇ ਪਤਾ ਲੱਗਾ ਤੇ ਉਸਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਜਿਸ 'ਤੇ ਪੁਲਸ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਜਾ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਤੇ ਸਾਰੀ ਰਿਪੋਰਟ ਲਿਖੀ ਮੇਜਰ ਸਿੰਘ ਨੇ ਦਸਿਆ ਕਿ ਚੋਰਾਂ ਨੇ ਦੁਕਾਨ 'ਚੋਂ 4 ਤੋਂ 5 ਲੱਖ ਰੁਪਏ ਦੀ ਚੋਰੀ ਕੀਤੀ ਹੈ।

ਚੋਰਾਂ ਨੇ ਦੂਸਰਾ ਨਿਸ਼ਾਨਾ ਸ਼ਹਿਰ 'ਚ ਇਕ ਪ੍ਰਮੁੱਖ ਟਾਇਰਾਂ ਦੀ ਦੁਕਾਨ 'ਤੇ ਧਾਵਾ ਬੋਲਦਿਆਂ ਤੇ ਦੁਕਾਨ ਦੇ ਸ਼ਟਰ ਨੂੰ ਤੋੜ ਕੇ ਦੁਕਾਨ 'ਚ ਪਏ ਲੱਖਾਂ ਰੁਪਏ ਮੁੱਲ ਦੇ ਟਾਇਰ ਚੋਰੀ ਕਰ ਲਏ। ਇਸ ਦੁਕਾਨ ਦੇ ਮਾਲਕ ਬਲਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਉਸਨੂੰ ਸਵੇਰੇ ਨਜ਼ਦੀਕ ਦੇ ਦੁਕਾਨਦਾਰ ਦੇ ਮਹਾਵੀਰ ਸਿੰਘ ਨੇ ਦੁਕਾਨ ਦਾ ਸ਼ਟਰ ਟੁੱਟਣ ਬਾਰੇ ਫੋਨ ਕੀਤਾ, ਜਿਸ 'ਤੇ ਉਸਨੇ ਆ ਕੇ ਵੇਖਿਆ ਕਿ ਚੋਰਾਂ ਨੇ ਦੁਕਾਨ 'ਚ ਪਏ ਟਰੱਕਾਂ ਦੇ 48 ਟਾਇਰ ਜਿਸਦਾ ਮੁੱਲ 10 ਤੋਂ 12 ਲੱਖ ਰੁਪਏ ਬਣਦਾ ਹੈ ਉਹ ਚੋਰੀ ਕਰ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਇਸ ਬਾਰੇ ਤੁਰੰਤ ਉਨ੍ਹਾਂ ਪੁਲਸ ਨੂੰ ਸੂਚਿਤ ਕਰ ਦਿੱਤਾ, ਜਿਸ 'ਤੇ ਪੁਲਸ ਨੇ ਘਟਨਾ ਵਾਲੀ ਥਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ। ਸ਼ਹਿਰ 'ਚ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਨਾਲ ਸ਼ਹਿਰ ਦੇ ਦੁਕਾਨਦਾਰਾਂ ਤੇ ਆਮ ਵਰਗ 'ਚ ਬੇਹੱਦ ਰੋਸ ਪਾਇਆ ਜਾ ਰਿਹਾ ਹੈ। ਪੁਲਸ ਦੀ ਢਿੱਲੀ ਕਾਰਜ ਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਲਗਾਉਂਦੇ ਦੁਕਾਨਦਾਰਾਂ ਨੇ ਕਿਹਾ ਕਿ ਦੋਵੇਂ ਹੀ ਦੁਕਾਨਾਂ ਮੁੱਖ ਚੌਕਾਂ'ਚ ਤੇ ਮੁੱਖ ਸੜਕ ਮਾਰਗ 'ਤੇ ਹਨ ਤੇ ਫਿਰ ਵੀ ਚੋਰ ਬਹੁਤ ਆਸਾਨੀ ਨਾਲ ਲੱਖਾਂ ਰੁਪਏ ਮੁੱਲ ਦੇ ਟਾਇਰ ਚੋਰੀ ਕਰਕੇ ਲੈ ਗਏ।
ਮੁਲਜ਼ਮ ਜਲਦ ਹੀ ਗ੍ਰਿਫਤਾਰ ਕਰ ਲਏ ਜਾਣਗੇ : ਥਾਣਾ ਮੁਖੀ
ਇਸ ਸਬੰਧੀ ਥਾਣਾ ਮੁਖੀ ਸਰਬਜੀਤ ਸਿੰਘ ਨੇ ਦਸਿਆ ਕਿ ਪੁਲਸ ਸੀ. ਸੀ. ਟੀ. ਵੀ. ਕੈਮਰਿਆਂ 'ਚ ਰਿਕਾਰਡਿੰਗ ਨੂੰ ਖੰਗਾਲ ਰਹੀ ਹੈ ਤੇ ਮੁਲਜ਼ਮ ਜਲਦ ਹੀ ਗ੍ਰਿਫਤਾਰ ਕਰ ਲਏ ਜਾਣਗੇ।
ਫਾਰਮ ਭਰਨ ਦੀ ਜਲਦਬਾਜ਼ੀ : ਐੱਸ. ਸੀ. ਡੀ. ਸਰਕਾਰੀ ਕਾਲਜ 'ਚ 1400 ਵਿਦਿਆਰਥੀਆਂ ਦੇ ਦਾਖਲਾ ਫਾਰਮ ਅਨਕੰਪਲੀਟ
NEXT STORY