ਨੰਗਲ (ਰਾਜਵੀਰ)— ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਕਿਹਾ ਹੈ ਕਿ ਪਹਾੜੀ ਖੇਤਰ 'ਚ ਹੋਈ ਭਾਰੀ ਬਰਸਾਤ ਨਾਲ ਸਵਾਂ ਅਤੇ ਸਰਸਾ ਨਦੀ 'ਤੇ ਹੋਰ ਖੱਡਾਂ 'ਚ 1.80 ਲੱਖ ਕਿਊਸਿਕ ਪਾਣੀ ਆ ਜਾਣ ਨਾਲ ਪੰਜਾਬ ਦੇ ਵੱਖ-ਵੱਖ ਖੇਤਰਾਂ 'ਚ ਹੜ੍ਹਾਂ ਵਰਗੇ ਹਾਲਾਤ ਪੈਦਾ ਹੋਏ। ਭਾਖੜਾ ਡੈਮ ਵੱਲੋਂ ਛੱਡੇ ਜਾ ਰਹੇ ਪਾਣੀ ਦੀ ਮਾਤਰਾ ਨਾਲ ਹੜ੍ਹਾਂ ਦੀ ਸੰਭਾਵਨਾ ਬੇਹੱਦ ਘੱਟ ਹੈ। ਸਪੀਕਰ ਰਾਣਾ ਕੇ. ਪੀ. ਸਿੰਘ ਬੀਤੇ ਦਿਨ ਨੰਗਲ ਦੇ ਆਲੇ-ਦੁਆਲੇ ਦੇ ਪ੍ਰਭਾਵਿਤ ਪਿੰਡਾਂ ਦਾ ਡਿਪਟੀ ਕਮਿਸ਼ਨਰ ਡਾ. ਸੁਮਿਤ ਜਾਰੰਗਲ ਅਤੇ ਹੋਰ ਅਧਿਕਾਰੀਆਂ ਨੂੰ ਨਾਲ ਲੈ ਕੇ ਦੌਰਾ ਕਰਨ ਤੋਂ ਬਾਅਦ ਕਿਹਾ ਕਿ ਪਹਾੜੀ ਖੇਤਰ 'ਚ ਭਾਰੀ ਬਰਸਾਤ ਹੋਣ ਨਾਲ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੀਆਂ ਨਦੀਆਂ ਅਤੇ ਖੱਡਾਂ 'ਚ ਪਾਣੀ ਨੂੰ ਰੋਕਣ ਦਾ ਕੋਈ ਪ੍ਰਬੰਧ ਨਹੀਂ ਹੈ। ਇਹ ਪਾਣੀ ਪੰਜਾਬ ਦੇ ਵੱਖ ਵੱਖ ਖੇਤਰਾਂ 'ਤੇ ਮਾਰ ਕਰਦਾ ਹੈ ਅਤੇ ਇਹ ਕੁਦਰਤੀ ਆਫਤ ਬਣ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਭ ਨੂੰ ਰਲ-ਮਿਲ ਕੇ ਕੇਂਦਰ ਸਰਕਾਰ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਉਹ ਹਿਮਾਚਲ ਸਰਕਾਰ ਨੂੰ ਸਵਾਂ ਅਤੇ ਸਰਸਾ ਨਦੀ 'ਤੇ ਬੰਨ੍ਹ ਬਣਾਉਣ ਲਈ ਹਰ ਸੰਭਵ ਮੱਦਦ ਕਰੇ ਅਤੇ ਇਹ ਬੰਨ੍ਹ ਬੀ. ਬੀ. ਐੱਮ. ਬੀ. ਦੇ ਹਿੱਸੇ ਵਜੋਂ ਹੀ ਕਾਰਜਸ਼ੀਲ ਹੋਣ। ਉਨ੍ਹਾਂ ਨੇ ਕਿਹਾ ਕਿ ਬਰਸਾਤਾਂ ਦੌਰਾਨ ਇਕੱਠਾ ਹੋਇਆ ਪਾਣੀ ਪੂਰਾ ਸਾਲ ਡਿਸਚਾਰਜ ਕੀਤਾ ਜਾਵੇ, ਜਿਸ ਨਾਲ ਅਜਿਹੇ ਹਾਲਾਤ ਮੁੜ ਪੈਦਾ ਨਾ ਹੋ ਸਕਣ।
ਜ਼ਿਲਾ ਪ੍ਰਸ਼ਾਸਨ ਰੂਪਨਗਰ ਵੱਲੋਂ ਪ੍ਰਭਾਵਿਤ ਪਿੰਡਾਂ 'ਚ ਹਰ ਸੰਭਵ ਮੱਦਦ ਪਹੁੰਚਾਉਣ ਦੀ ਸ਼ਲਾਘਾ ਕਰਦੇ ਹੋਏ, ਸਪੀਕਰ ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਜ਼ਿਲੇਦੇ ਡਿਪਟੀ ਕਮਿਸ਼ਨਰ ਡਾ. ਸੁਮਿਤ ਜਾਰੰਗਲ ਅਤੇ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਦੇ ਯਤਨਾਂ ਸਦਕਾ ਪਾਣੀ 'ਚ ਘਿਰੇ ਲਗਭਗ 500 ਵਿਅਕਤੀ ਦੀ ਜ਼ਿੰਦਗੀ ਬਚਾਈ ਗਈ ਹੈ। ਹਾਲੇ ਵੀ ਬੁਰਜ ਹਰੀਵਾਲ, ਗੰਜਪੁਰ, ਚੰਦਪੁਰ ਕਈ ਪਿੰਡਾਂ ਵਿੱਚ ਪਹੁੰਚ ਬਹੁਤ ਮੁਸ਼ਕਿਲ ਬਣੀ ਹੋਈ ਹੈ। ਪ੍ਰਸ਼ਾਸਨ ਪਸ਼ੂਆਂ ਲਈ ਚਾਰਾ ਅਤੇ ਲੋਕਾਂ ਲਈ ਜ਼ਰੂਰਤ ਦਾ ਲੋੜੀਂਦਾ ਸਮਾਨ ਮੁਹੱਈਆ ਕਰਵਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ 2-3 ਦਿਨ 'ਚ ਹਰ ਪ੍ਰਭਾਵਿਤ ਵਿਅਕਤੀ ਤੱਕ ਮਾਲੀ ਮੱਦਦ ਵੀ ਪਹੁੰਚ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ 1988 ਤੋਂ ਬਾਅਦ ਪਹਿਲੀ ਵਾਰ ਅਜਿਹੇ ਗੰਭੀਰ ਹਾਲਾਤ ਪੈਦਾ ਹੋਏ ਹਨ। ਅਜਿਹੇ ਸਮੇਂ 'ਚ ਸਮਾਜ ਸੇਵੀ ਸੰਗਠਨਾਂ ਵੱਲੋਂ ਵੀ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪ੍ਰਭਾਵਿਤ ਲੋਕਾਂ ਨਾਲ ਹਰ ਸਮੇਂ ਮੱਦਦ ਲਈ ਹਾਜ਼ਰ ਹਾਂ। ਉਨ੍ਹਾਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਦਾ ਹਾਲ-ਚਾਲ ਜਾਣਿਆ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਸਪੀਕਰ ਰਾਣਾ ਕੇ. ਪੀ. ਸਿੰਘ ਨੇ ਬੇਲਾ ਧਿਆਨੀ, ਗੋਹਲਣੀ, ਦੌਲਾ ਬਸਤੀ, ਸਿੰਘਪੁਰ ਪਲਾਸੀ, ਬੇਲਾ ਸਿਵ ਸਿੰਘ, ਭੱਲੜੀ, ਸਵਾਮੀਪੁਰ ਆਦਿ ਪਿੰਡਾਂ ਦਾ ਦੌਰਾ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸੁਮਿਤ ਜਾਰੰਗਲ ਨੇ ਕਿਹਾ ਕਿ ਪ੍ਰਸ਼ਾਸਨ ਦੇ ਅਧਿਕਾਰੀ 24/7 ਲੋਕਾਂ ਦੀ ਸਹੂਲਤ ਲਈ ਦਿਨ ਰਾਤ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਲੋਕਾਂ ਤੱਕ ਹਰ ਤਰ੍ਹਾਂ ਦੀ ਜ਼ਰੂਰਤ ਦੀ ਸਮੱਗਰੀ ਪਹੁੰਚਾਈ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਡਾ. ਸੁਮਿਤ ਜਾਰੰਗਲ, ਐਸ.ਡੀ.ਐਮ. ਕੰਨੂ ਗਰਗ, ਡੀ.ਐਸ.ਪੀ. ਦਵਿੰਦਰ ਸਿੰਘ, ਐਕਸੀਅਨ ਡਰੇਨੇਜ਼ ਰੁਪਿੰਦਰ ਸਿੰਘ ਪਾਬਲਾ, ਤਹਿਸੀਲਦਾਰ ਰਾਮ ਕ੍ਰਿਸ਼ਨ, ਅਸ਼ੋਕ ਸਵਾਮੀਪੁਰ, ਰੀਕੂ ਬਾਸ, ਨਾਜਰ ਸਿੰਘ, ਰਾਕੇਸ਼ ਚੌਧਰੀ ਆਦਿ ਹਾਜ਼ਰ ਸਨ।
ਰਵਿਦਾਸ ਭਾਈਚਾਰੇ ਦੇ ਪ੍ਰਦਰਸ਼ਨ 'ਚ ਸੰਤੋਖ ਸਿੰਘ ਚੌਧਰੀ ਦੀ 'ਨੋ ਐਂਟਰੀ'
NEXT STORY