ਜਲੰਧਰ/ਸ਼ਾਹਕੋਟ—ਬੀਤੇ ਦਿਨੀਂ ਭਾਖੜਾ ਡੈਮ 'ਚੋਂ ਪਾਣੀ ਛੱਡਣ ਅਤੇ ਸਤਲੁਜ ਦਰਿਆ 'ਚ ਵਧੇ ਪਾਣੀ ਦੇ ਪੱਧਰ ਕਾਰਨ ਪੰਜਾਬ 'ਚ ਪੈਦਾ ਹੋਈ ਹੜ੍ਹ ਦੀ ਸਥਿਤੀ ਉਸੇ ਤਰ੍ਹਾਂ ਹੀ ਬਰਕਰਾਰ ਹੈ। ਪੰਜਾਬ 'ਚ ਆਏ ਹੜ੍ਹਾਂ ਦੇ ਕਾਰਨ ਜਿੱਥੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ, ਉਥੇ ਹੀ ਲੋਕ ਆਪਣੇ ਘਰਾਂ ਨੂੰ ਨਾ ਛੱਡ ਕੇ ਛੱਤਾਂ 'ਤੇ ਰਹਿਣ ਲਈ ਮਜਬੂਰ ਹੋਏ ਪਏ ਹਨ। ਇਸ ਹੜ੍ਹ ਨਾਲ ਸਭ ਤੋਂ ਵੱਧ ਸੁਲਤਾਨਪੁਰ ਲੋਦੀ ਅਤੇ ਜਲੰਧਰ ਦੇ ਸ਼ਾਹਕੋਟ ਦੇ ਪਿੰਡ ਪ੍ਰਭਾਵਿਤ ਹੋਏ ਹਨ। ਇਥੇ ਕਈ ਪਿੰਡ ਅਜਿਹੇ ਹਨ, ਜਿਨ੍ਹਾਂ ਦੇ ਘਰਾਂ ਦੀਆਂ ਸਿਰਫ ਛੱਤਾਂ ਹੀ ਨਜ਼ਰ ਆ ਰਹੀਆਂ ਹਨ ਅਤੇ ਸਾਰੇ ਘਰ ਪਾਣੀ 'ਚ ਡੁੱਬ ਚੁੱਕੇ ਹਨ।

ਸ਼ਾਹਕੋਟ ਦੇ ਪਿੰਡ ਜਾਨੀਆ ਚਾਹਲ 'ਚ ਬੰਨ੍ਹ ਟੁੱਟਣ ਦੇ ਕਾਰਨ ਜਿੱਥੇ ਘਰ ਪਾਣੀ 'ਚ ਡੁੱਬ ਚੁੱਕੇ ਹਨ, ਉਥੇ ਹੀ ਫਸਲਾਂ ਦਾ ਵੀ ਨੁਕਸਾਨ ਹੋਆਿ ਹੈ। ਜਾਨੀਆ ਚਾਹਲ 'ਚ ਕਰੀਬ 300 ਫੁੱਟ ਦਾ ਪਾੜ ਪੈ ਚੁੱਕਾ ਹੈ, ਜਿਸ ਨੂੰ ਪੂਰਨ ਲਈ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਦਿਨ-ਰਾਤ ਇਕ ਕੀਤਾ ਜਾ ਰਿਹਾ ਹੈ।
'ਜਗ ਬਾਣੀ' ਦੀ ਟੀਮ ਵੱਲੋਂ ਪਿੰਡ ਜਾਨੀਆ ਚਾਹਲ ਦੇ ਹਾਲਾਤ ਦਾ ਜਾਇਜ਼ਾ ਲਿਆ ਗਿਆ, ਜਿੱਥੇ ਲੋਕਾਂ ਨਾਲ ਗੱਲਬਾਤ ਕਰਨ ਦੇ ਨਾਲ-ਨਾਲ ਸੰਤ ਸੀਚੇਵਾਲ ਨਾਲ ਵੀ ਗੱਲਬਾਤ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਪ੍ਰਸ਼ਾਸਨ ਬਾਰੇ ਗੱਲਬਾਤ ਕਰਦੇ ਹੋਏ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਜੋ ਸਰਕਾਰ ਦਾ ਕੰਮ ਹੈ, ਉਹ ਸਹੀ ਤਰੀਕੇ ਨਾਲ ਕੀਤਾ ਜਾਵੇ ਤਾਂ ਜਲਦੀ ਹੀ ਇਸ ਬੰਨ੍ਹ ਨੂੰ ਪੂਰ ਲਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਲਗਾਤਾਰ ਦੋ ਦਿਨ ਹੋ ਚੁੱਕੇ ਹਨ, ਜਿੱਥੇ ਇਸ ਬੰਨ੍ਹ ਨੂੰ ਦੋਬਾਰਾ ਬਣਾਉਣ ਦੀ ਕੋਸ਼ਿਸ਼ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਬੰਨ੍ਹ ਸਭ ਤੋਂ ਵੱਡਾ ਬੰਨ੍ਹ ਮੰਨਿਆ ਜਾਂਦਾ ਹੈ, ਇਸ ਲਈ ਇਸ ਨੂੰ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਦਰਿਆ ਇਥੇ ਵੰਘ ਰਿਹਾ ਹੈ, ਇਹੀ ਪਾਣੀ ਚਿੱਟੀ ਵੇਈਂ 'ਚ ਜਾ ਰਿਹਾ ਹੈ। ਬੰਨ੍ਹ ਨੂੰ ਪੂਰਨ ਦੇ ਲਈ ਜਿੱਥੇ ਸੰਤ ਸੀਚੇਵਾਲ ਪਿਛਲੇ ਦੋ ਦਿਨਾਂ ਤੋਂ ਇਥੇ ਆਪਣੀ ਟੀਮ ਦੇ ਨਾਲ ਜੁਟੇ ਹੋਏ ਹਨ, ਉਥੇ ਹੀ ਪਿੰਡ ਵਾਸੀ ਅਤੇ ਫੌਜ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।
ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਮਦਦ ਲਈ ਪਠਾਨਕੋਟ ਪ੍ਰਸ਼ਾਸਨ ਆਇਆ ਅੱਗੇ
NEXT STORY