ਮੁੱਲਾਂਪੁਰ ਦਾਖਾ(ਕਾਲੀਆ)-ਲੁਧਿਆਣਾ ਫਿਰੋਜ਼ਪੁਰ ਜੀ. ਟੀ. ਰੋਡ ’ਤੇ ਬਣਿਆ ਮੁੱਲਾਂਪੁਰ ਫਲਾਈਓਵਰ ਮਾਨਸੂਨ ਦੀ ਪਹਿਲੀ ਬਰਸਾਤ ਨਾਲ ਹੀ ਧੱਸ ਗਿਆ, ਜਿਸ ਕਾਰਨ ਕੋਈ ਵੱਡਾ ਹਾਦਸਾ ਨਾ ਵਾਪਰ ਜਾਵੇ, ਵੱਡੇ ਵਾਹਨਾਂ ਦੇ ਉਪਰੋਂ ਲੰਘਣ ’ਤੇ ਰੋਕ ਲਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਨੈਸ਼ਨਲ ਹਾਈਵੇਅ ਅਥਾਰਟੀ ਵਲੋਂ ਐੱਸ. ਐੱਲ. ਕੰਪਨੀ ਦੇ ਠੇਕੇਦਾਰ ਵਲੋਂ ਬਣਾਏ ਗਏ ਪੁਲ ਦੀ ਹਾਲਤ ਐਨੀ ਖਸਤਾ ਹੈ ਕਿ ਇਸ ਦੇ ਉਦਘਾਟਨ ਕਰਨ ਤੋਂ ਪਹਿਲਾਂ ਹੀ ਇਸ ਦੀ ਪੋਲ ਖੁੱਲ੍ਹ ਗਈ ਹੈ। ਪੁਲਸ ਥਾਣੇ ਸਾਹਮਣੇ ਬਣੇ ਅੰਡਰਪਾਸ ਉਪਰ ਪੁਲ ਕਰੀਬ 4 ਇੰਚ ਦਬ ਗਿਆ ਹੈ, ਜਿਸ ਕਾਰਨ ਜੋ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ। ਠੇਕੇਦਾਰ ਵਲੋਂ ਨਾ ਤਾਂ ਬਰਸਾਤੀ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਨਾ ਹੀ ਡਿਵਾਈਡਰ ’ਚ ਅਜੇ ਤਕ ਮਿੱਟੀ ਪਾਈ ਗਈ ਹੈ। ਹੋਰ ਤਾਂ ਹੋਰ ਮੇਨ ਚੌਕ ਉੱਪਰ ਬਣੇ ਪੁਲ ਨੂੰ ਵਿਚਕਾਰੋਂ ਤੰਗ ਕਰ ਕੇ ਜਿੱਥੇ ਛੋਟਾ ਪੁਲ ਬਣਾਇਆ ਗਿਆ ਹੈ, ਉਥੇ ਹਾਦਸੇ ਵਾਪਰਨ ਨੂੰ ਵੀ ਸੱਦਾ ਦਿੱਤਾ ਗਿਆ ਹੈ। ਮੀਂਹ ਪੈਣ ’ਤੇ ਪੁਲ ਉੱਪਰ ਪਾਈ ਮਿੱਟੀ ਪੁਲ ਦੀਆਂ ਕੰਧਾਂ ’ਚੋਂ ਬਰਸਾਤੀ ਪਾਣੀ ਨਾਲ ਨਿਆਗਰਾ ਫਾਲ ਵਾਂਗ ਡਿਗ ਰਹੀ ਹੈ ਅਤੇ ਕੰਧਾਂ ਵਿਚ ਤਰੇਡ਼ਾਂ ਪੈ ਗਈਆਂ ਹਨ ਅਤੇ ਬਰਸਾਤੀ ਪਾਣੀ ਮਿੱਟੀ ਨਾਲ ਵਗ ਰਿਹਾ ਹੈ, ਜਿਸ ਨਾਲ ਕੰਧਾਂ ਖੋਖਲੀਆਂ ਹੋ ਗਈਆਂ ਹਨ ਅਤੇ ਕਿਸੇ ਵਕਤ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਧੱਸੇ ਅਤੇ ਤਰੇਡ਼ੇ ਪੁਲ ਦਾ ਜਾਇਜ਼ਾ ਲੈਣ ਲਈ ਹਲਕਾ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਮੌਕੇ ’ਤੇ ਪਹੁੰਚੇ ਅਤੇ ਥਾਣਾ ਦਾਖਾ ਦੇ ਡੀ. ਐੱਸ. ਪੀ. ਨੂੰ ਤੁਰੰਤ ਪੁਲ ਬੰਦ ਕਰਨ ਲਈ ਕਿਹਾ, ਜਿਸ ’ਤੇ ਥਾਣਾ ਦਾਖਾ ਦੀ ਪੁਲਸ ਨੇ ਜਗਰਾਉਂ ਤੋਂ ਲੁਧਿਆਣਾ ਜਾਣ ਵਾਲੇ ਵੱਡੇ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਤਾਂ ਜੋ ਕੋਈ ਦੁਰਘਟਨਾ ਨਾ ਵਾਪਰ ਸਕੇ। ਫੂਲਕਾ ਨੇ ਕਿਹਾ ਕਿ ਉਨ੍ਹਾਂ ਵਲੋਂ ਠੇਕੇਦਾਰ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਨਾਲ ਗੱਲਬਾਤ ਕਰ ਕੇ ਕੰਪਨੀ ਵਲੋਂ ਕੀਤੇ ਗਏ ਪੁਲ ਨਿਰਮਾਣ ਦੇ ਘਪਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ। ਇਥੇ ਜ਼ਿਕਰਯੋਗ ਹੈ ਕਿ ਠੇਕੇਦਾਰ ਵਲੋਂ ਪੁਲ ਦੇ ਨਾਲ ਬਣਾਈਆਂ ਸਰਵਿਸ ਰੋਡਾਂ ਦੀ ਹਾਲਤ ਵੀ ਬਹੁਤ ਖਸਤਾ ਹੈ, ਜਿਸ ਵਿਚ 5-6 ਫੁੱਟ ਲੰਮੇ ਅਤੇ ਡੂੰਘੇ ਟੋਏ ਪਏ ਹੋਏ ਹਨ, ਜਿਸ ਕਾਰਨ ਕਈ ਦੋਪਹੀਆ ਵਾਹਨ ਸਵਾਰ ਡਿੱਗ ਕੇ ਆਪਣੀਆਂ ਲੱਤਾਂ ਬਾਹਾਂ ਤੁਡ਼ਵਾ ਚੁੱਕੇ ਹਨ।
ਸਬਮਰਸੀਬਲ ਪੰਪਾਂ ਦੇ ਨਾਲ ਪਾਣੀ-ਸੀਵਰੇਜ ਦੇ ਨਾਜਾਇਜ਼ ਕੁਨੈਕਸ਼ਨਾਂ ਦੀ ਵੀ ਹੋਵੇਗੀ ਚੈਕਿੰਗ
NEXT STORY