ਚੰਡੀਗੜ੍ਹ (ਸ਼ੀਨਾ) : ਅੱਧਾ ਦਸੰਬਰ ਬੀਤਣ ਵਾਲਾ ਅਤੇ ਹੁਣ ਸਰਦੀ ਨੇ ਟ੍ਰਾਈਸਿਟੀ ’ਚ ਆਪਣੀ ਮੌਜੂਦਗੀ ਦਰਜ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ। ਪਿਛਲੇ ਕੁੱਝ ਦਿਨਾਂ ਤੋਂ ਠੰਡੀਆਂ ਹਵਾਵਾਂ ਨਾਲ ਸਵੇਰੇ ਤੇ ਸ਼ਾਮ ਨੂੰ ਧੁੰਦ ਦੀ ਸੰਘਣੀ ਚਾਦਰ ਸ਼ਹਿਰ ਨੂੰ ਆਪਣੀ ਲਪੇਟ ’ਚ ਲੈਂਦੀ ਨਜ਼ਰ ਆ ਰਹੀ ਹੈ। ਐਤਵਾਰ ਸਵੇਰੇ ਤੋਂ ਹੀ ਅਸਮਾਨ ਧੁੰਦਲਾ ਦਿਖਾਈ ਦਿੱਤਾ। ਇਸ ਨਾਲ ਲੋਕਾਂ ਨੂੰ ਸਰਦੀ ਦਾ ਅਹਿਸਾਸ ਹੋਇਆ। ਦਿਨ ’ਚ ਅੰਸ਼ਕ ਤੌਰ ’ਤੇ ਬੱਦਲਵਾਈ ਵੀ ਨਜ਼ਰ ਆਈ ਪਰ ਬਾਅਦ ’ਚ ਧੁੱਪ ਤੇਜ਼ ਹੋਣ ਨਾਲ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਤੇ ਛੁੱਟੀ ਵਾਲੇ ਦਿਨ ਲੋਕ ਗੱਲੀ-ਮੁਹੱਲਿਆਂ ਤੇ ਛੱਤਾਂ ’ਤੇ ਧੁੱਪ ਦਾ ਮਜ਼ਾ ਲੈਂਦੇ ਨਜ਼ਰ ਆਏ।
ਦਿਨ ’ਚ ਪਾਰਾ ਹਾਲੇ ਵੀ 26 ਡਿਗਰੀ, ਰਾਤ ਨੂੰ ਕੜਾਕੇ ਦੀ ਠੰਡ
ਐਤਵਾਰ ਨੂੰ ਦਿਨ ਦਾ ਤਾਪਮਾਨ 26 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਪਰ ਰਾਤ ਹੁੰਦੇ-ਹੁੰਦੇ ਪਾਰਾ ਤੇਜ਼ੀ ਨਾਲ ਡਿੱਗ ਕੇ 7.4 ਡਿਗਰੀ ’ਤੇ ਆ ਗਿਆ। ਇਹ ਤਾਪਮਾਨੀ ਗਿਰਾਵਟ ਸਿਰਫ਼ ਅੰਕੜਿਆਂ ਤੱਕ ਸੀਮਤ ਨਹੀਂ ਰਹੀ, ਸਗੋਂ ਲੋਕਾਂ ਨੇ ਠੰਡ ਨੂੰ ਖ਼ੁਦ ਮਹਿਸੂਸ ਕੀਤਾ। ਇਸ ਕਾਰਨ ਦਿਨ ’ਚ ਹਾਲੇ ਵੀ ਲੋਕ ਰਾਹਤ ਮਹਿਸੂਸ ਕਰ ਰਹੇ ਹਨ।
ਧੁੰਦ ਕਾਰਨ ਸੜਕਾਂ ’ਤੇ ਵਾਹਨਾਂ ਦੀ ਰਫ਼ਤਾਰ ਹੋਈ ਮੱਠੀ
ਧੁੰਦ ਕਾਰਨ ਸਵੇਰੇ ਤੇ ਰਾਤ ਸਮੇਂ ਸੜਕਾਂ ’ਤੇ ਵਾਹਨਾਂ ਦੀ ਰਫ਼ਤਾਰ ਆਪਣੇ ਆਪ ਹੌਲੀ ਹੋ ਜਾਂਦੀ ਹੈ। ਅੱਗੇ ਦਾ ਰਸਤਾ ਠੀਕ ਤਰ੍ਹਾਂ ਨਜ਼ਰ ਨਾ ਆਉਣ ਕਾਰਨ ਡਰਾਈਵਰ ਫੌਗ ਲਾਈਟਾਂ ਦੀ ਮਦਦ ਲੈ ਰਹੇ ਹਨ ਤੇ ਵਾਧੂ ਸਾਵਧਾਨੀ ਵਰਤ ਰਹੇ ਹਨ। ਟ੍ਰੈਫਿਕ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਧੁੰਦ ਦੌਰਾਨ ਗੱਡੀਆਂ ਹੌਲੀ ਚਲਾਈਆਂ ਜਾਣ ਤੇ ਸੁਰੱਖਿਅਤ ਦੂਰੀ ਬਣਾਈ ਰੱਖੀ ਜਾਵੇ।
ਅਗਲੇ ਦਿਨਾਂ ’ਚ ਹੋਰ ਵਧ ਸਕਦੀ ਹੈ ਠੰਡ
ਮੌਸਮ ਵਿਭਾਗ ਵੱਲੋਂ ਅਗਲੇ ਦੋ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਮੁਤਾਬਕ ਇਸ ਦੌਰਾਨ ਟ੍ਰਾਈਸਿਟੀ ਦੇ ਕਈ ਇਲਾਕਿਆਂ ’ਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਇਸ ਨਾਲ ਦ੍ਰਿਸ਼ਟਤਾ ਕਾਫ਼ੀ ਘੱਟ ਹੋ ਸਕਦੀ ਹੈ। ਇਸ ਕਾਰਨ ਵਾਹਨ ਚਾਲਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ’ਚ ਠੰਡ ਹੋਰ ਵੱਧ ਸਕਦੀ ਹੈ। ਆਉਣ ਵਾਲੇ ਚਾਰ ਦਿਨਾਂ ’ਚ ਦਿਨ ਦੇ ਪਾਰੇ ’ਚ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ ਤੇ ਪਾਰਾ 22 ਡਿਗਰੀ ਤੱਕ ਆ ਸਕਦਾ ਹੈ। ਹਾਲਾਂਕਿ ਰਾਤ ਨੂੰ ਪਾਰਾ ਹਾਲੇ ਡਿੱਗਣ ਦੇ ਆਸਾਰ ਨਹੀਂ ਹਨ।
ਪੰਜਾਬ ਦੇ ਵਾਹਨ ਚਾਲਕਾਂ ਲਈ ਵੱਡੇ ਖ਼ਤਰੇ ਦੀ ਘੰਟੀ! ਹੋ ਜਾਣ ਸਾਵਧਾਨ, ਚਿੰਤਾ ਭਰੀ ਖ਼ਬਰ ਆਈ ਸਾਹਮਣੇ
NEXT STORY