ਜਲੰਧਰ— ਖਾਧ ਪਦਾਰਥਾਂ 'ਚ ਮਿਲਾਵਟ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਦਰਅਸਲ ਦੀਵਾਲੀ ਦੇ ਤਿਉਹਾਰ ਮੌਕੇ ਸਿਹਤ ਵਿਭਾਗ ਵੱਲੋਂ ਜਾਂਚ ਲਈ ਕੁਝ ਸੈਂਪਲ ਲਏ ਗਏ ਸਨ, ਜਿਨ੍ਹਾਂ 'ਚ ਖਤਰਨਾਕ ਰਸਾਇਣਕ ਤੱਤ ਪਾਏ ਗਏ ਹਨ। ਜਾਂਚ 'ਚ ਪਤਾ ਲੱਗਾ ਹੈ ਕਿ ਮੁਨਾਫਾਕਾਰਾਂ ਨੇ ਮਠਿਆਈ ਹੀ ਨਹੀਂ ਸਗੋਂ ਨਮਕੀਨ 'ਚ ਵੀ ਕੈਮੀਕਲ ਦੀ ਮਿਲਾਵਟ ਕੀਤੀ ਹੈ। ਵਿਭਾਗ ਨੇ 137 ਸੈਂਪਲ ਲਏ ਸਨ, ਜਿਨ੍ਹਾਂ 'ਚੋਂ 45 ਤੋਂ ਵੱਧ ਸੈਂਪਲ ਚੰਡੀਗੜ੍ਹ ਦੀ ਲੈਬ 'ਚ ਪੂਰੀ ਤਰ੍ਹਾਂ ਫੇਲ ਹੋ ਗਏ ਹਨ। ਨਮਕੀਨ 'ਚ ਕੱਪੜੇ ਰੰਗਣ ਵਾਲਾ ਸਿੰਥੇਟਿਕ ਕਲਰ ਅਤੇ ਮਠਿਆਈਆਂ 'ਚ ਪੈੱਨ 'ਚ ਵਰਤੀ ਜਾਣ ਵਾਲੀ ਸਿਆਹੀ ਦਾ ਇਸਤੇਮਾਲ ਕੀਤਾ ਗਿਆ ਹੈ।
ਉਥੇ ਹੀ ਪ੍ਰਸ਼ਾਸਨ ਨੇ 13.5 ਲੱਖ ਰੁਪਏ ਜੁਰਮਾਨਾ ਕਰਕੇ ਫਰਮਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜਾਂਚ ਪੂਰੀ ਹੋਣ 'ਤੇ ਇਨ੍ਹਾਂ ਦੀ ਰਸਿਜਸਟ੍ਰੇਸ਼ਨ ਵੀ ਰੱਦ ਹੋ ਸਕਦੀ ਹੈ। ਏ. ਡੀ. ਸੀ. ਜਨਰਲ ਜਸਬੀਰ ਸਿੰਘ ਨੇ ਕਿਹਾ ਕਿ 19 ਫਰਮਾਂ ਦੀ ਰਜਿਸਟ੍ਰੇਸ਼ਨ ਰੱਦ ਕਰਨ ਦੇ ਨੋਟਿਸ ਜਾਰੀ ਕੀਤੇ ਗਏ ਹਨ। ਕਈ ਫਰਮਾਂ ਦੀ ਸੁਣਵਾਈ ਚੱਲ ਰਹੀ ਹੈ। ਇਨ੍ਹਾਂ 'ਤੇ ਵੀ ਕਾਰਵਾਈ ਹੋਵੇਗੀ।
ਸੈਂਟ ਦੀ ਵਰਤੋਂ ਕਰਕੇ ਬਣ ਰਿਹੈ ਨਕਲੀ ਦੇਸੀ ਘਿਓ
ਸ਼ੁੱਧ ਦੇਸੀ ਘਿਓ 500 ਰੁਪਏ ਪ੍ਰਤੀ ਕਿਲੋ ਵਿਕਦਾ ਹੈ ਪਰ ਕਈ ਦੁਕਾਨਦਾਰ ਢਾਈ ਸੌ ਤੋਂ 300 ਰੁਪਏ ਪ੍ਰਤੀ ਕਿਲੋ ਵਾਲਾ ਦੇਸੀ ਘਿਓ ਵੀ ਵੇਚ ਰਹੇ ਹਨ। ਵਨਸਪਤੀ ਘਿਓ 'ਚ ਰਿਫਾਇੰਡ ਅਤੇ ਖੁਸ਼ਬੂ ਲਈ ਸੈਂਟ ਦੀ ਵਰਤੋਂ ਕਰਕੇ ਨਕਲੀ ਦੇਸੀ ਘਿਓ ਬਣਾਇਆ ਜਾ ਰਿਹਾ ਹੈ।
ਵੇਸਣ 'ਚ ਮਿਲਾਵਟ ਕਰਨ ਲਈ ਪਾਇਆ ਜਾ ਰਿਹੈ ਪੀਲਾ ਰੰਗ
ਇਸੇ ਤਰ੍ਹਾਂ ਸਰੋਂ ਦੇ ਤੇਲ ਦੀ ਕੀਮਤ ਬਾਜ਼ਾਰ 'ਚ 130 ਰੁਪਏ ਪ੍ਰਤੀ ਕਿਲੋ ਦੇ ਕਰੀਬ ਹੈ ਜਦਕਿ ਬਾਜ਼ਾਰ 'ਚ 90 ਤੋਂ 100 ਰੁਪਏ ਪ੍ਰਤੀ ਲੀਟਰ ਹਿਸਾਬ ਨਾਲ ਵੀ ਸਰੋਂ ਦਾ ਤੇਲ ਵਿਕ ਰਿਹਾ ਹੈ। ਬਾਜ਼ਾਰ 'ਚ ਸ਼ੁੱਧ ਛੋਲਿਆਂ ਦਾ ਵੇਸਣ 140 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ ਜਦਕਿ ਮਿਲਾਵਟੀ ਵੇਸਣ 65 ਤੋਂ 85 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਜਾਂਚ 'ਚ ਖੁਲਾਸਾ ਹੋਇਆ ਹੈ ਕਿ ਸਸਤਾ ਮਿਲਾਵਟੀ ਵੇਸਣ ਮੈਦੇ 'ਚ ਪੀਲਾ ਰੰਗ ਮਿਲਾ ਕੇ ਤਿਆਰ ਕੀਤਾ ਗਿਆ ਸੀ। ਪ੍ਰਸ਼ਾਸਨ ਵੱਲੋਂ ਫਰਮ 'ਤੇ 25 ਹਜ਼ਾਰ ਦਾ ਜੁਰਮਾਨਾ ਲਗਾਇਆ ਗਿਆ ਹੈ। ਇਥੋਂ ਜਾਂਚ ਟੀਮ ਨੂੰ 50 ਪੈਕੇਟ ਮਿਲੇ ਸਨ।
ਦੀਵਾਲੀ ਮੌਕੇ ਸ਼ਿਕਾਇਤ ਮਿਲਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਬਣਾਈ ਗਈ ਚੈਕਿੰਗ ਟੀਮ ਨੇ ਗਾਂਧੀ ਕੈਂਪ ਦੇ ਰਾਜਕੁਮਾਰ ਐਂਡ ਸੰਸ 'ਤੇ ਛਾਪੇਮਾਰੀ ਕੀਤੀ ਸੀ। ਇਥੋਂ ਟੀਮ ਨੇ ਬ੍ਰਾਂਡਿਡ ਕੰਪਨੀਆਂ ਦੇ ਨਾਂ 'ਤੇ ਵਿਕ ਰਹੇ ਨਮਕੀਨ ਦੇ ਦਰਜਨਾਂ ਪੈਕੇਟ ਬਰਾਮਦ ਕੀਤੇ ਸਨ। ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਨਮਕੀਨ 'ਚ ਸਿੰਥੇਟਿਕ ਰੰਗ ਦੀ ਵਰਤੋਂ ਕੀਤੀ ਗਈ ਹੈ।
ਇਸੇ ਤਰ੍ਹਾਂ ਟੀਮ ਨੇ ਆਲਮਪੁਰ 'ਚ ਅਮਰਿੰਦਰ ਸਿੰਘ ਦੀ ਦੁਕਾਨ 'ਤੇ ਛਾਪੇਮਾਰੀ ਕਰਕੇ ਦੁੱਧ ਦੇ ਇਲਾਵਾ ਪੈਕੇਟ ਬੰਦ ਮਠਿਆਈਆਂ ਜ਼ਬਤ ਕੀਤੀਆਂ ਸਨ। ਜਾਂਚ 'ਚ ਪਤਾ ਲੱਗਾ ਹੈ ਕਿ ਪੈਕੇਟ ਬੰਦ ਮਠਿਆਈਆਂ 'ਚ ਪੈੱਨ ਵਾਲੀ ਸਿਆਹੀ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਨਾਲ ਸਿਹਤ ਨਾਲ ਜੁੜੀ ਗੰਭੀਰ ਸਮੱਸਿਆ ਹੋ ਸਕਦੀ ਹੈ।
78 ਸਾਲਾ ਬਜ਼ੁਰਗ ਨੇ 1500 ਮੀ. ਦੌੜ 'ਚ ਜਿੱਤਿਆ ਸੋਨ ਤਮਗਾ, ਮੈਦਾਨ 'ਚ ਹੀ ਤੋੜਿਆ ਦਮ
NEXT STORY