ਗੁਰਦਾਸਪੁਰ, (ਵਿਨੋਦ)- ਜਿਵੇਂ ਹੀ ਬਰਸਾਤ ਦਾ ਮੌਸਮ ਸ਼ੁਰੂ ਹੁੰਦਾ ਹੈ ਤਾਂ ਜ਼ਿਲਾ ਗੁਰਦਾਸਪੁਰ ਦੇ ਰਾਵੀ ਦਰਿਆ ਦੇ ਪਾਰ ਭਰਿਆਲ ਅਤੇ ਘਣੀਏ-ਕੇ-ਬੇਟ ਇਲਾਕੇ 'ਚ ਜਾਣ ਲਈ ਭਰਿਆਲ ਦਾ ਮਕੌੜਾ ਪੱਤਣ ਕੋਲ ਬਣਿਆ ਅਤੇ ਘਣੀਏ-ਕੇ-ਬੇਟ ਕੋਲ ਬਣਿਆ ਪਲਟੂਨ ਪੁਲ ਖੋਲ੍ਹ ਦਿੱਤਾ ਜਾਂਦਾ ਹੈ। ਇਸ ਪਲਟੂਨ ਪੁਲ ਦੇ ਖੁੱਲ੍ਹਦੇ ਹੀ ਦੋਵਾਂ ਇਲਾਕਿਆਂ ਦੇ ਸੜਕੀ ਰਸਤੇ ਦਾ ਪੂਰੇ ਭਾਰਤ ਨਾਲ ਸੰਪਰਕ ਟੁੱਟ ਜਾਂਦਾ ਹੈ। ਇਸ ਦੇ ਨਾਲ ਹੀ ਇਹ ਇਲਾਕੇ ਸੰਚਾਰ, ਟਰਾਂਸਪੋਰਟ ਤੇ ਹੋਰ ਮੈਡੀਕਲ ਸਹੂਲਤਾਂ ਤੋਂ ਪੂਰੀ ਤਰ੍ਹਾਂ ਵਾਂਝੇ ਹੋ ਜਾਂਦੇ ਹਨ। ਇਹ ਹਾਲਤ 5 ਮਹੀਨੇ ਬਣੀ ਰਹਿੰਦੀ ਹੈ। ਇਨ੍ਹਾਂ ਇਲਾਕਿਆਂ ਦੇ ਲੋਕਾਂ ਲਈ ਇਸ ਪਾਸੇ ਆਉਣ ਲਈ ਕੇਵਲ ਦਰਿਆ 'ਚ ਚੱਲ ਰਹੀ ਕਿਸ਼ਤੀ ਹੀ ਰਹਿ ਜਾਂਦੀ ਹੈ ਪਰ ਜਿਵੇਂ ਹੀ ਦਰਿਆ 'ਚ ਪਾਣੀ ਬਹੁਤ ਜ਼ਿਆਦਾ ਆ ਜਾਂਦਾ ਹੈ ਤਾਂ ਇਸ ਕਿਸ਼ਤੀ ਨੂੰ ਵੀ ਮਲਾਹ ਦਰਿਆ ਵਿਚ ਨਹੀਂ ਪਾਉਂਦਾ, ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਕੀ ਭੂਗੋਲਿਕ ਸਥਿਤੀ ਹੈ ਇਸ ਇਲਾਕੇ ਦੀ
ਇਹ ਟਾਪੂਨੁਮਾ ਭਰਿਆਲ ਇਲਾਕਾ ਮਕੌੜਾ ਪੱਤਣ ਦੇ ਸਾਹਮਣੇ ਪੈਂਦਾ ਹੈ। ਇਸ ਟਾਪੂ ਦੇ ਇਕ ਪਾਸੇ ਰਾਵੀ ਦਰਿਆ, ਦੂਜੇ ਪਾਸੇ ਉੱਜ ਦਰਿਆ ਤੇ ਬਾਕੀ ਹਿੱਸਿਆਂ ਨਾਲ ਪਾਕਿਸਤਾਨ ਦੀ ਸਰਹੱਦ ਲੱਗਦੀ ਹੈ। ਜਿਥੋਂ ਤੱਕ ਘਣੀਏ-ਕੇ-ਬੇਟ ਇਲਾਕੇ ਦਾ ਸਬੰਧ ਹੈ, ਉਸ ਦੇ ਇਕ ਪਾਸੇ ਰਾਵੀ ਦਰਿਆ ਅਤੇ ਤਿੰਨ ਪਾਸੇ ਤੋਂ ਪਾਕਿਸਤਾਨ ਦੀ ਸਰਹੱਦ ਲੱਗਦੀ ਹੈ। ਜਿਵੇਂ ਹੀ ਬਰਸਾਤ ਦਾ ਮੌਸਮ ਸ਼ੁਰੂ ਹੁੰਦਾ ਹੈ ਤਾਂ ਲੋਕ ਨਿਰਮਾਣ ਵਿਭਾਗ ਰਾਵੀ ਦਰਿਆ 'ਤੇ ਬਣਿਆ ਪਲਟੂਨ ਪੁਲ ਖੋਲ੍ਹ ਦਿੰਦਾ ਹੈ ਕਿਉਂਕਿ ਦਰਿਆ ਵਿਚ ਪਾਣੀ ਜ਼ਿਆਦਾ ਆਉਣ ਨਾਲ ਪਲਟੂਨ ਪੁਲ ਦੇ ਪਾਣੀ ਵਿਚ ਰੁੜ੍ਹ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ। ਬਰਸਾਤ ਦੇ ਦਿਨਾਂ ਵਿਚ ਜਦੋਂ ਦਰਿਆ ਵਿਚ ਪਾਣੀ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਭਰਿਆਲ ਇਲਾਕੇ ਦੇ ਪਿੰਡ ਤੂਰ, ਲਸਿਆਣ, ਚੰਬੇ, ਕਜਲੇ, ਚੂੰਬਰ, ਕੁਕਰ ਤੇ ਮੰਮੀ ਚੱਕ ਰੰਗਾ ਅਤੇ ਘਣੀਏ-ਕੇ-ਬੇਟ ਇਲਾਕੇ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਦਰਿਆ ਦੇ ਪਾਣੀ ਕਾਰਨ ਇਨ੍ਹਾਂ ਇਲਾਕਿਆਂ ਦੇ ਕਿਸਾਨਾਂ ਦੀ ਜ਼ਮੀਨ ਦਾ ਪਾਣੀ ਨਾਲ ਕਟਾਅ ਸ਼ੁਰੂ ਹੋ ਜਾਂਦਾ ਹੈ ਅਤੇ ਹੁਣ ਤੱਕ ਸੈਂਕੜੇ ਏਕੜ ਜ਼ਮੀਨ ਦਰਿਆ ਦੀ ਭੇਟ ਚੜ੍ਹ ਚੁੱਕੀ ਹੈ। 6000 ਦੀ ਆਬਾਦੀ ਵਾਲੇ ਇਨ੍ਹਾਂ ਦੋਵਾਂ ਟਾਪੂਆਂ ਦੇ ਲੋਕਾਂ ਲਈ ਉਦੋਂ ਸੀਮਾ ਸੁਰੱਖਿਆ ਬਲ ਦੇ ਜਵਾਨ ਹੀ ਉਨ੍ਹਾਂ ਦੀ ਸਰਕਾਰ ਹੁੰਦੇ ਹਨ। ਇਹ ਜਵਾਨ ਹੀ ਇਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰਦੇ ਹਨ ਅਤੇ ਮੈਡੀਕਲ ਆਦਿ ਦਾ ਪ੍ਰਬੰਧ ਕਰਦੇ ਹਨ।
ਕੀ ਸਥਿਤੀ ਹੈ ਸਕੂਲ ਦੀ ਭਰਿਆਲ ਇਲਾਕੇ 'ਚ
ਜ਼ਿਲਾ ਗੁਰਦਾਸਪੁਰ 'ਚ ਰਾਵੀ ਦਰਿਆ ਦੇ ਪਾਰ ਭਰਿਆਲ ਇਲਾਕਾ ਵੈਸੇ ਤਾਂ ਕਾਫੀ ਉਪਜਾਊ ਜ਼ਮੀਨ ਵਾਲਾ ਮੰਨਿਆ ਜਾਂਦਾ ਹੈ ਪਰ ਇਸ ਇਲਾਕੇ ਵਿਚ ਕੇਵਲ ਭਰਿਆਲ ਵਿਚ ਮਿਡਲ ਪੱਧਰ ਦਾ ਇਕ ਸਕੂਲ ਹੈ ਜਦਕਿ ਕੁਝ ਪ੍ਰਾਇਮਰੀ ਪੱਧਰ ਦੇ ਸਕੂਲ ਹਨ ਪਰ ਅੱਠਵੀਂ ਕਲਾਸ ਤੋਂ ਬਾਅਦ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਸ ਪਾਸੇ ਆਉਣਾ ਪੈਂਦਾ ਹੈ। ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਬਹਿਰਾਮਪੁਰ, ਦੋਰਾਂਗਲਾ, ਗੁਰਦਾਸਪੁਰ, ਦੀਨਾਨਗਰ, ਪਠਾਨਕੋਟ ਅਤੇ ਘਣੀਏ-ਕੇ-ਬੇਟ ਇਲਾਕੇ ਦੇ ਵਿਦਿਆਰਥੀਆਂ ਨੂੰ ਡੇਰਾ ਬਾਬਾ ਨਾਨਕ ਜਾਂ ਕਲਾਨੌਰ ਆਉਣਾ ਪੈਂਦਾ ਹੈ। ਲੋਕਾਂ ਦੀ ਮੰਗ ਹੈ ਕਿ ਉਨ੍ਹਾਂ ਦੇ ਇਲਾਕੇ ਦੇ ਹੀ ਅਧਿਆਪਕਾਂ ਨੂੰ ਦਰਿਆ ਪਾਰ ਦੇ ਸਕੂਲਾਂ ਵਿਚ ਤਾਇਨਾਤ ਕੀਤਾ ਜਾਵੇ ਪਰ ਅਜਿਹਾ ਨਾ ਹੋਣ ਕਾਰਨ ਵਿਦਿਆਰਥੀਆਂ ਨੂੰ ਬਰਸਾਤ ਦੇ ਮੌਸਮ ਵਿਚ ਦਰਿਆ ਵਿਚ ਪਾਣੀ ਜ਼ਿਆਦਾ ਹੋਣ ਕਾਰਨ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਵਿਧਾਨ ਸਭਾ ਚੋਣਾਂ ਦਾ ਬਾਈਕਾਟ ਵੀ ਲੋਕਾਂ ਦੀਆਂ ਸਮੱਸਿਆਵਾਂ ਹੱਲ ਨਹੀਂ ਕਰ ਸਕਿਆ
ਇਸ ਸਬੰਧੀ ਇਨ੍ਹਾਂ ਦੋਵੇਂ ਇਲਾਕਿਆਂ ਦੇ ਸਰਪੰਚਾਂ ਤੇ ਪੰਚਾਂ ਦਾ ਕਹਿਣਾ ਹੈ ਕਿ ਬੇਸ਼ੱਕ ਸਾਡੇ ਦੇਸ਼ ਨੂੰ ਆਜ਼ਾਦ ਹੋਏ 69 ਸਾਲ ਹੋ ਚੁੱਕੇ ਹਨ ਪਰ ਭਰਿਆਲ ਅਤੇ ਘਣੀਏ-ਕੇ-ਬੇਟ ਇਲਾਕੇ ਦੇ ਲੋਕਾਂ ਲਈ ਇਸ ਆਜ਼ਾਦੀ ਦਾ ਕੋਈ ਵਿਸ਼ੇਸ਼ ਮਹੱਤਵ ਨਹੀਂ ਹੈ। ਸਾਡੀ ਹਾਲਤ ਅੱਜ ਵੀ ਉਹੀ ਹੈ, ਜੋ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸੀ। ਇਸ ਇਲਾਕੇ ਦੇ ਲੋਕ ਸਹੂਲਤਾਂ ਦੀ ਘਾਟ ਕਰ ਕੇ ਆਪਣੇ-ਆਪ ਨੂੰ ਅਜੇ ਦੂਜੇ ਦਰਜੇ ਦਾ ਨਾਗਰਿਕ ਮੰਨਦੇ ਹਨ।
ਇਨ੍ਹਾਂ ਦੋਵਾਂ ਇਲਾਕਿਆਂ ਦੇ ਲੋਕਾਂ ਦਾ ਕਹਿਣਾ ਹੈ ਕਿ ਜਿੰਨੇ ਦਿਨ ਰਾਵੀ ਦਰਿਆ ਵਿਚ ਪਾਣੀ ਬਹੁਤ ਜ਼ਿਆਦਾ ਰਹਿੰਦਾ ਹੈ, ਉਦੋਂ ਤੱਕ ਇਨ੍ਹਾਂ ਦੋਵਾਂ ਇਲਾਕਿਆਂ ਵਿਚ ਰਹਿਣ ਵਾਲੇ ਸਕੂਲੀ ਬੱਚਿਆਂ ਲਈ ਛੁੱਟੀ ਰਹਿੰਦੀ ਹੈ। ਨਾ ਤਾਂ ਅਧਿਆਪਕ ਦਰਿਆ ਪਾਰ ਕਰ ਕੇ ਇਨ੍ਹਾਂ ਦੋਵਾਂ ਇਲਾਕਿਆਂ ਵਿਚ ਆਉਂਦੇ ਹਨ ਅਤੇ ਨਾ ਹੀ ਇਨ੍ਹਾਂ ਇਲਾਕਿਆਂ ਦੇ ਵਿਦਿਆਰਥੀ ਇਸ ਪਾਸੇ ਆਉਂਦੇ ਹਨ। ਹਾਲਤ ਇਹ ਹੋ ਜਾਂਦੀ ਹੈ ਕਿ ਇਸ ਇਲਾਕੇ ਵਿਚ ਮੈਡੀਕਲ ਸਹੂਲਤ ਕੇਵਲ ਸੀਮਾ ਸੁਰੱਖਿਆ ਬਲ ਦੇ ਜਵਾਨਾਂ 'ਤੇ ਨਿਰਭਰ ਰਹਿੰਦੀ ਹੈ। ਇਸ ਇਲਾਕੇ ਦੇ ਲੋਕ ਕਈ ਵਾਰ ਦੋਵੇਂ ਇਲਾਕਿਆਂ ਲਈ ਰਾਵੀ ਦਰਿਆ 'ਤੇ ਸਥਾਈ ਪੁਲ ਦੀ ਮੰਗ ਕਰ ਚੁੱਕੇ ਹਨ। ਕੁਝ ਸਰਪੰਚਾਂ ਅਨੁਸਾਰ ਇਸ ਇਲਾਕੇ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਵੀ ਕੀਤਾ ਗਿਆ ਸੀ। ਉਦੋਂ ਸਾਡੇ ਨਾਲ ਕਈ ਤਰ੍ਹਾਂ ਦੇ ਵਾਅਦੇ ਕੀਤੇ ਗਏ ਸਨ ਪਰ ਕੁਝ ਲਾਭ ਨਹੀਂ ਹੋਇਆ।
ਰਾਜਨੀਤਿਕ ਇੱਛਾ ਸ਼ਕਤੀ ਦੀ ਕਮੀ
ਇਸ ਸਮੱਸਿਆ ਸਬੰਧੀ ਨਾ ਤਾਂ ਸਮੇਂ-ਸਮੇਂ ਦੇ ਵਿਧਾਇਕਾਂ ਅਤੇ ਨਾ ਹੀ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਨੇ ਗੰਭੀਰਤਾ ਦਿਖਾਈ ਹੈ। ਕਦੀ ਅਕਾਲੀ-ਭਾਜਪਾ ਅਤੇ ਕਦੀ ਕਾਂਗਰਸ ਦੇ ਵਿਧਾਇਕ ਇਨ੍ਹਾਂ ਹਲਕਿਆਂ ਦੀ ਅਗਵਾਈ ਕਰਦੇ ਰਹੇ ਪਰ ਉਸ ਦੇ ਬਾਵਜੂਦ ਕੁਝ ਨਹੀਂ ਹੋਇਆ ਜਦਕਿ ਇਸ ਸਮੇਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਨਾਲ ਸਬੰਧਿਤ ਹਨ ਅਤੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਹੈ। ਇੰਨਾ ਸਭ ਕੁਝ ਹੋਣ ਦੇ ਬਾਵਜੂਦ ਇਨ੍ਹਾਂ ਦੋਵਾਂ ਇਲਾਕਿਆਂ ਦੇ ਲੋਕ ਨਰਕ ਵਰਗਾ ਜੀਵਨ ਬਤੀਤ ਕਰਦੇ ਹਨ। ਲੋਕਾਂ ਅਨੁਸਾਰ ਰਾਜਨੀਤਿਕ ਨੇਤਾਵਾਂ ਵਿਚ ਰਾਜਨੀਤਿਕ ਇੱਛਾ ਸ਼ਕਤੀ ਦੀ ਕਮੀ ਇਸ ਸਮੱਸਿਆ ਨੂੰ ਹੱਲ ਨਹੀਂ ਕਰ ਸਕੀ।
ਸਿੱਖਿਆ ਵਿਭਾਗ ਦੀ ਹਾਲਤ ਸੱਪ ਦੇ ਲੰਘਣ ਮਗਰੋਂ ਲਕੀਰ ਪਿੱਟਣ ਵਾਲੀ
NEXT STORY