ਜਲੰਧਰ (ਜਗ ਬਾਣੀ ਟੀਮ)- ਪੰਜਾਬ ’ਚ ਜੇ ਐਗਜ਼ਿਟ ਪੋਲ ਸਫ਼ਲ ਹੁੰਦੇ ਹਨ ਅਤੇ ਸੂਬੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੋਵੇਗਾ ਕਿ ਕੋਈ ਗੈਰ ਪੰਥਕ ਪਾਰਟੀ ਸੱਤਾ ’ਚ ਆਏਗੀ। ਉਂਝ ਹੁਣ ਤੱਕ ਪੰਜਾਬ ’ਚ ਮਾਸਟਰ ਤਾਰਾ ਸਿੰਘ ਤੋਂ ਲੈ ਕੇ ਸੰਤ ਫਤਿਹ ਸਿੰਘ ਤੱਕ ਰਾਹੀਂ ਪੰਥਕ ਸੋਚ ਸਰਕਾਰਾਂ ’ਤੇ ਭਾਰੂ ਰਹੀ ਹੈ। ਭਾਵੇਂ ਚੋਣਾਂ ਦੇ ਨਤੀਜੇ ਵੀਰਵਾਰ ਆਉਣਗੇ ਪਰ ਐਗਜ਼ਿਟ ਪੋਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਵਿਖਾ ਰਹੇ ਹਨ। ਇਸ ਹਾਲਤ ’ਚ ਪੰਜਾਬ ’ਚ ਆਮ ਆਦਮੀ ਪਾਰਟੀ ਲਈ ਇਕ ਵੱਡੀ ਚੁਣੌਤੀ ਹੋਵੇਗੀ ਕਿਉਂਕਿ ਪੰਥਕ ਸੋਚ ਨੂੰ ਲੈ ਕੇ ਚਲਣਾ ਹੈ ਜਾਂ ਵੱਖ ਢਾਂਚੇ ’ਤੇ ਸਰਕਾਰ ਚਲਾਉਣੀ ਹੈ, ਇਹ ਬਹੁਤ ਵੱਡੀ ਗਫ਼ਲਤ ਵਾਲੀ ਹਾਲਤ ਹੋਵੇਗੀ। ਆਮ ਆਦਮੀ ਪਾਰਟੀ ਲਈ ਇਸ ਮੁਤਾਬਕ ਚਲਣਾ ਇੰਨਾਂ ਸੌਖਾ ਨਹੀਂ ਹੋਵੇਗਾ।
ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਜੇ ਆਉਂਦੀ ਹੈ ਤਾਂ ਇਹ ਪਹਿਲੀ ਵਾਰ ਹੋਵੇਗਾ ਕਿ ਸੂਬੇ ’ਚ ਪੂਰੀ ਤਰ੍ਹਾਂ ਗ਼ਰੀਬ ਵਰਗ ਦੀ ਸਰਕਾਰ ਬਣਗੀ। ਪੰਜਾਬ ’ਚ ਕਾਂਗਰਸ, ਸ਼ੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਕਈ ਸਾਲ ਰਾਜ ਕੀਤਾ ਹੈ। ਸੱਤਾ ਦੇ ਸੁਖ ’ਚ ਰਹਿ ਕੇ ਅਕਸਰ ਗ਼ਰੀਬ ਵਰਗ ਨੂੰ ਬੇਧਿਆਨ ਵੀ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਇਨ੍ਹਾਂ ਸਭ ਤੋਂ ਵੱਖ ਹੋ ਕੇ ਚਲ ਰਹੀ ਹੈ। ਇਸ ਪਾਰਟੀ ਨੇ ਆਪਣਾ ਵੋਟ ਟਾਰਗੈਟ ਗ਼ਰੀਬਾਂ ਅਤੇ ਹੇਠਲੇ ਵਰਗ ਦੇ ਲੋਕਾਂ ਨੂੰ ਰਖਿਆ ਹੈ। ਪਾਰਟੀ ਨੇ ਆਪਣੇ ਚੋਣ ਮੈਨੀਫ਼ੈਸਟੋ ’ਚ ਇਸੇ ਵਰਗ ਨੂੰ ਕੇਂਦਰਤ ਕੀਤਾ ਹੈ। ਪੰਜਾਬ ’ਚ ਵੋਟ ਪਾਉਣ ਵਾਲਿਆਂ ’ਚੋਂ ਸਭ ਤੋਂ ਵੱਡਾ ਵਰਗ ਵੀ ਇਹੀ ਹੈ। ਸੰਭਵ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਸਭ ਕੁਝ ਵੱਖਰਾ ਹੋਵੇਗਾ। ਇਥੇ ਪਹਿਲੀ ਵਾਰ ਉਹ ਗੱਲਾਂ ਵੇਖਣ ਨੂੰ ਮਿਲਣਗੀਆਂ ਜੋ ਪਹਿਲਾਂ ਕਦੇ ਵੀ ਨਹੀਂ ਵੇਖੀਆਂ ਗਈਆਂ।
ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ: ਐਗਜ਼ਿਟ ਪੋਲ ਅਨੁਸਾਰ ਆਏ ਨਤੀਜੇ ਤਾਂ ਪੰਜਾਬ ’ਚ ਫੇਲ ਸਾਬਿਤ ਹੋਵੇਗਾ ਡੇਰਾ ਫੈਕਟਰ
ਕੌਮੀ ਪਾਰਟੀ ਨਹੀਂ ਪਰ ਫਿਰ ਵੀ ਬਣਾਈ ਪਛਾਣ
ਬੇਸ਼ੱਕ ਆਮ ਆਦਮੀ ਪਾਰਟੀ ਕੌਮੀ ਪਾਰਟੀ ਨਹੀਂ ਹੈ ਅਤੇ ਹੁਣ ਤੱਕ ਇਸ ਨੇ ਦਿੱਲੀ ਤੋਂ ਬਾਅਦ ਪੰਜਾਬ ’ਚ ਹੀ ਖ਼ੁਦ ਨੂੰ ਵਧੇਰੇ ਕੇਂਦਰਤ ਕੀਤਾ ਹੈ ਪਰ ਇਸ ਪਾਰਟੀ ਦੀ ਪਛਾਣ ਪੂਰੇ ਦੇਸ਼ ’ਚ ਹੈ। ਦਿੱਲੀ ’ਚ ਸੱਤਾਧਾਰੀ ਹੋਣ ਕਾਰਨ ਆਮ ਆਦਮੀ ਪਾਰਟੀ ਦੀ ਬਹੁਤ ਪਛਾਣ ਹੈ। ਦਿੱਲੀ ’ਚ ਪਿਛਲੀ ਵਾਰ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ’ਚ ਪਾਰਟੀ ਨੇ ਕਲੀਨ ਸਵੀਪ ਕੀਤਾ ਸੀ। ਉਸ ਤੋਂ ਬਾਅਦ ਉਹ ਮੁੜ ਸੱਤਾ ’ਚ ਆਈ। ਪੰਜਾਬ ’ਚ ਐਗਜ਼ਿਟ ਪੋਲ ਮੁਤਾਬਕ ਆਮ ਆਦਮੀ ਪਾਰਟੀ ਆਪਣੇ ਪੱਧਰ ’ਤੇ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ। ਇਹ ਪੰਜਾਬ ਦੇ ਇਤਿਹਾਸ ’ਚ ਪਹਿਲੀ ਗੈਰ ਕਾਂਗਰਸ ਪਾਰਟੀ ਹੋਵੇਗੀ ਜੋ ਆਪਣੇ ਦਮ ’ਤੇ ਸਰਕਾਰ ਬਣਾਏਗੀ। ਕਾਂਗਰਸ ਨੂੰ ਛੱਡ ਕੇ ਪੰਜਾਬ ’ਚ ਜਦੋਂ ਵੀ ਕੋਈ ਸਰਕਾਰ ਬਣੀ ਹੈ ਤਾਂ ਉਹ ਗਠਜੋੜ ਦੇ ਸਹਾਰੇ ਹੀ ਚਲੀ ਹੈ।
ਕਿਵੇਂ ਮੈਨੇਜ ਹੋਣਗੇ ਮਾਲਵਾ, ਮਾਝਾ ਅਤੇ ਦੋਆਬਾ?
ਪੰਜਾਬ ਨੂੰ ਲੈ ਕੇ ਜਾਰੀ ਹੋਏ ਐਗਜ਼ਿਟ ਪੋਲ ’ਚ ਚਾਣੱਕਿਆ ਨਾਮੀਂ ਸਰਵੇੱਖਣ ਕੰਪਨੀ ਨੇ ਆਮ ਆਦਮੀ ਪਾਰਟੀ ਨੂੰ 100 ਸੀਟਾਂ ਦਿੱਤੀਆਂ ਹਨ। 100 ਸੀਟਾਂ ਦਾ ਮਤਲਬ ਹੈ ਬਾਕੀ ਪਾਰਟੀਆਂ ਨੂੰ ਸਿਰਫ਼ 17 ਸੀਟਾਂ ਹੀ ਮਿਲਣਗੀਆਂ। ਜੇ ਪੰਜਾਬ ’ਚ ਅਜਿਹੀ ਸਥਿਤੀ ਆਉਂਦੀ ਹੈ ਤਾਂ ਸੂਬੇ ’ਚ ਮੰਤਰੀ ਬਣਾਉਣ ਦਾ ਅਨੁਪਾਤ ਕੀ ਹੋਵੇਗਾ? ਪੰਜਾਬ ਦੇ ਮਾਲਵਾ ਖੇਤਰ ’ਚ ਆਮ ਆਦਮੀ ਪਾਰਟੀ ਨੂੰ 69 ਵਿਚੋਂ 40 ਫ਼ੀਸਦੀ ਸੀਟਾਂ ਮਿਲਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਅਜਿਹੀ ਹਾਲਤ ’ਚ ਮਾਲਵਾ, ਦੋਆਬਾ ਅਤੇ ਮਾਝਾ ’ਚ ਮੰਤਰੀ ਦੇ ਅਹੁਦੇ ਦਾ ਅਨੁਪਾਤ ਬਣਾਉਣ ’ਚ ਕਾਫ਼ੀ ਜ਼ੋਰ ਅਜ਼ਮਾਈ ਕਰਨੀ ਹੋਵੇਗੀ।
ਇਹ ਵੀ ਪੜ੍ਹੋ: ਯੂਕ੍ਰੇਨ 'ਚ ਪਾਣੀ ਖ਼ਰੀਦਣ ਲਈ ਨਕਦੀ ਨਹੀਂ, ATM ਕਾਰਡ ਬੰਦ, ਜਾਣੋ ਕਿਹੜੇ ਹਾਲਾਤ 'ਚੋਂ ਲੰਘ ਰਹੇ ਨੇ ਵਿਦਿਆਰਥੀ
ਪੰਜਾਬ ਬਾਰਡਰ ਦੀ ਸੁਰੱਖਿਆ ਸਰਕਾਰ ਲਈ ਸਭ ਤੋਂ ਵੱਡੀ ਚੁਣੌਤੀ
ਆਮ ਆਦਮੀ ਪਾਰਟੀ ਪੰਜਾਬ ’ਚ ਸੱਤਾ ’ਚ ਆਏਗੀ ਜਾਂ ਨਹੀਂ, ਇਹ ਭਲਕੇ ਸਪਸ਼ਟ ਹੋ ਜਾਏਗਾ ਪਰ ਜੇ ਐਗਜ਼ਿਟ ਪੋਲ ਮੁਤਾਬਕ ‘ਆਪ’ ਦੀ ਸਰਕਾਰ ਬਣਦੀ ਹੈ ਤਾਂ ਪਾਰਟੀ ਲਈ ਬਾਰਡਰ ਦੀ ਸੁਰੱਖਿਆ ਬਹੁਤ ਵੱਡੀ ਜ਼ਿੰਮੇਵਾਰੀ ਹੋਵੇਗੀ। ਅਕਸਰ ਹੀ ਸਰਹੱਦ ਪਾਰ ਤੋਂ ਹਥਿਆਰ ਅਤੇ ਡਰੱਗਜ਼ ਨਾਲ ਲੱਦੇ ਡਰੋਨ ਪੰਜਾਬ ਦੀ ਸਰਹੱਦ ਅੰਦਰ ਦਾਖ਼ਲ ਹੁੰਦੇ ਰਹਿੰਦੇ ਹਨ। ਯੂਕ੍ਰੇਨ ਅਤੇ ਰੂਸ ਦਰਮਿਆਨ ਜੰਗ ਕਾਰਨ ਪੈਦਾ ਹੋਏ ਹਾਲਾਤ ਵੀ ਬਹੁਤੇ ਚੰਗੇ ਨਹੀਂ ਹਨ। ਪਾਕਿਸਤਾਨ ਲਗਾਤਾਰ ਭਾਰਤ ਵਿਰੁੱਧ ਸਾਜ਼ਿਸ਼ਾਂ ਰਚਦਾ ਰਹਿੰਦਾ ਹੈ। ਹੁਣ ਚੀਨ ਵੀ ਖੁੱਲ੍ਹ ਕੇ ਪਾਕਿਸਤਾਨ ਦੀ ਹਮਾਇਤ ਕਰ ਰਿਹਾ ਹੈ। ਅਜਿਹੀ ਸਥਿਤੀ ’ਚ ਆਮ ਆਦਮੀ ਪਾਰਟੀ ਜਿਸ ਦੇ ਰਿਸ਼ਤੇ ਪਹਿਲਾਂ ਹੀ ਕੇਂਦਰ ਨਾਲ ਕੁੜ੍ਹਤਣ ਭਰੇ ਹਨ ਤਾਂ ਮੌਜੂਦਾ ਸਥਿਤੀ ’ਚ ਇਸ ਵਿਵਸਥਾ ਨੂੰ ਠੀਕ ਰਖਣਾ ਹੋਰ ਵੀ ਔਖਾ ਹੋ ਜਾਏਗਾ।
ਇਹ ਵੀ ਪੜ੍ਹੋ: ਜਲੰਧਰ ਵਿਖੇ ਨਿੱਜੀ ਹਸਪਤਾਲ ਦੀ ਨਰਸ ਨੇ ਕੀਤੀ ਖ਼ੁਦਕੁਸ਼ੀ, ਹੋਸਟਲ ਦੇ ਕਮਰੇ ’ਚ ਲਟਕਦੀ ਮਿਲੀ ਲਾਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਫਿਲੌਰ ਵਿਖੇ ਗੁਰਦੁਆਰਾ ਸਾਹਿਬ ਦਾ ਸੇਵਾਦਾਰ ਇਤਰਾਜ਼ਯੋਗ ਚੀਜ਼ਾਂ ਸਮੇਤ ਕਾਬੂ
NEXT STORY