ਪਟਿਆਲਾ, ਰੱਖੜਾ (ਰਾਣਾ)-ਪਟਿਆਲਾ-ਨਾਭਾ ਰੋਡ 'ਤੇ ਸਥਿਤ ਕਈ ਅਜਿਹੇ ਪੈਲੇਸ ਹਨ ਜੋ ਆਪਣੀਆਂ ਮਨਮਾਨੀਆਂ ਦੇ ਨਾਂ ਨਾਲ ਜਾਣੇ ਜਾਂਦੇ ਹਨ, ਜਿਨ੍ਹਾਂ ਨੇ ਜੰਗਲਾਤ ਵਿਭਾਗ ਦੀ ਬੇਹੱਦ ਕੀਮਤੀ ਜ਼ਮੀਨ 'ਤੇ ਕਬਜ਼ੇ ਕੀਤੇ ਹੋਏ ਹਨ, ਜਿਸ 'ਤੇ ਉਹ ਰਾਤ ਅਤੇ ਦਿਨ ਵੇਲੇ ਪੈਲੇਸਾਂ ਵਿਚ ਹੋਣ ਵਾਲੇ ਵਿਆਹਾਂ ਵਿਚ ਆਉਣ ਜਾਣ ਵਾਲੇ ਵਾਹਨਾਂ ਦੀ ਪਰਕਿੰਗ ਦਾ ਧੜੱਲੇ ਨਾਲ ਫਾਇਦਾ ਲੈ ਰਹੇ ਹਨ।
ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਜਿਸ ਜਗ੍ਹਾ 'ਤੇ ਪੈਲੇਸਾਂ ਵਾਲੇ ਗੱਡੀਆਂ ਪਾਰਕ ਕਰਵਾਉਂਦੇ ਹਨ, ਉਥੇ ਜੰਗਲਾਤ ਵਿਭਾਗ ਕਈ ਵਾਰ ਬੂਟੇ ਲਾ ਚੁੱਕਿਆ ਹੈ ਪਰ ਜਿਨ੍ਹਾਂ ਵਿਚੋਂ ਇਕ ਵੀ ਬੂਟਾ ਦੇਖਣ ਨੂੰ ਨਹੀਂ ਮਿਲਦਾ ਅਤੇ ਸ਼ਰੇਆਮ ਗੱਡੀਆਂ ਖੜ੍ਹੀਆਂ ਨਜ਼ਰ ਆਉਂਦੀਆਂ ਹਨ। ਜੰਗਲਾਤ ਵਿਭਾਗ ਦੀ ਮਿਲੀਭੁਗਤ ਕਾਰਨ ਬੇਹੱਦ ਕੀਮਤੀ ਕਈ ਢੇਰਾਂ ਦੇ ਰੂਪ ਵਿਚ ਪਈ ਮਿੱਟੀ ਵੀ ਖੁਰਦ-ਬੁਰਦ ਹੋ ਚੁੱਕੀ ਹੈ, ਜਿਸਦਾ ਕੋਈ ਅਤਾ-ਪਤਾ ਨਹੀਂ। ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪੈਲੇਸਾਂ 'ਤੇ ਜੰਗਲਾਤ ਵਿਭਾਗ ਵੱਲੋਂ ਕਈ ਵਾਰ ਕਾਰਵਾਈ ਕੀਤੀ ਗਈ ਹੈ ਪਰ ਪੈਲੇਸਾਂ ਵਾਲਿਆਂ ਦੀਆਂ ਮਨਮਾਨੀਆਂ ਜਾਰੀ ਹਨ, ਜਿਸਦੀ ਇਹ ਪੈਲੇਸ ਵਾਲੇ ਕੋਈ ਪ੍ਰਵਾਹ ਨਹੀਂ ਕਰਦੇ।
ਸ਼ਰੇਆਮ ਹੁੰਦੀ ਹੈ ਰਾਤ ਸਮੇਂ ਵਿਆਹਾਂ ਵਿਚ ਆਤਿਸ਼ਬਾਜ਼ੀ
ਵਿਆਹਾਂ ਵਿਚ ਰਾਤ ਵੇਲੇ ਸ਼ਰੇਆਮ ਹੁੰਦੀ ਆਤਿਸ਼ਬਾਜ਼ੀ ਤੋਂ ਨੇੜੇ ਰਹਿੰਦੇ ਇਲਾਕੇ ਦੇ ਲੋਕ ਕਾਫੀ ਪ੍ਰੇਸ਼ਾਨ ਹਨ। ਭਾਵੇਂ ਕਿ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਵਿਆਹਾਂ ਵਿਚ ਆਤਿਸ਼ਬਾਜ਼ੀ ਦੇ ਵਧਦੇ ਪ੍ਰਦੂਸ਼ਣ ਨੂੰ ਦੇਖਦਿਆਂ ਰੋਕ ਲਾਈ ਹੋਈ ਹੈ ਪਰ ਫਿਰ ਵੀ ਸ਼ਰੇਆਮ ਵਿਆਹਾਂ ਵਿਚ ਹੁੰਦੀ ਆਤਿਸ਼ਬਾਜ਼ੀ ਕਾਰਨ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ, ਜਿਨ੍ਹਾਂ 'ਤੇ ਵਿਭਾਗ ਵੱਲੋਂ ਕੋਈ ਵੀ ਕਾਰਵਾਈ ਨਹੀਂ ਹੁੰਦੀ।
ਜੰਗਲਾਤ ਵਿਭਾਗ ਬੂਟੇ ਲਾਉਣ 'ਤੇ ਕਰ ਰਿਹੈ ਖਾਨਾ-ਪੂਰਤੀ
ਪੈਲੇਸਾਂ ਅੱਗੇ ਜੰਗਲਾਤ ਵਿਭਾਗ ਦੀ ਵਰਤੀ ਜਾਂਦੀ ਜ਼ਮੀਨ 'ਤੇ ਹੁੰਦੀ ਨਾਜਾਇਜ਼ ਪਾਰਕਿੰਗ ਵਾਲੀ ਥਾਂ 'ਤੇ ਜੰਗਲਾਤ ਵਿਭਾਗ ਬੂਟੇ ਲਾਉਣ 'ਤੇ ਸਿਰਫ਼ ਖਾਨਾ-ਪੂਰਤੀ ਕਰਨ ਤੱਕ ਹੀ ਸੀਮਤ ਰਹਿੰਦਾ ਹੈ, ਜਦੋਂ ਇਹ ਬੂਟੇ ਲੱਗ ਜਾਂਦੇ ਹਨ ਤਾਂ ਥੋੜ੍ਹੇ ਸਮੇਂ ਬਾਅਦ ਇਨ੍ਹਾਂ ਬੂਟਿਆਂ 'ਤੇ ਵਿਆਹ ਸਮਾਗਮਾਂ ਵਿਚ ਆਉਣ ਜਾਣ ਵਾਲੇ ਵਾਹਨ ਇਨ੍ਹਾਂ ਨੂੰ ਮਲੀਆਮੇਟ ਕਰ ਦਿੰਦੇ ਹਨ ਪਰ ਵਿਭਾਗ ਇਸ 'ਤੇ ਕੋਈ ਕਾਰਵਾਈ ਨਹੀਂ ਕਰਦਾ ਅਤੇ ਨਾ ਹੀ ਜੰਗਲਾਤ ਵਿਭਾਗ ਵਾਲੀ ਥਾਂ 'ਤੇ ਕੰਡਿਆਲੀ ਤਾਰ ਲਾਈ ਜਾਂਦੀ ਹੈ, ਜਿਸ ਤੋਂ ਪਤਾ ਚਲਦਾ ਹੈ ਕਿ ਜੰਗਲਾਤ ਵਿਭਾਗ ਦੀ ਮਿਲੀਭੁਗਤ ਕਾਰਨ ਇਹ ਪੈਲੇਸਾਂ ਵਾਲੇ ਵੱਡੀ ਪੱਧਰ 'ਤੇ ਮਨਮਾਨੀਆਂ ਕਰਨ ਵਿਚ ਲੱਗੇ ਹੋਏ ਹਨ।
ਮਨਮਾਨੀਆਂ ਕਰਨ ਵਾਲਿਆਂ ਖਿਲਾਫ਼ ਹੋਵੇਗੀ ਕਾਰਵਾਈ : ਜੰਗਲਾਤ ਅਧਿਕਾਰੀ
ਇਸ ਸਬੰਧੀ ਜ਼ਿਲਾ ਜੰਗਲਾਤ ਅਧਿਕਾਰੀ ਅਜੀਤ ਕੁਲਕਰਨੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਵੱਲੋਂ ਲਾਏ ਬੂਟਿਆਂ ਨੂੰ ਜੋ ਖਰਾਬ ਤੇ ਮਿੱਟੀ ਨਾਲ ਛੇੜਛਾੜ ਕਰੇਗਾ ਉਨ੍ਹਾਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਕਈ ਪੈਲੇਸ ਮਾਲਕਾਂ 'ਤੇ ਪਹਿਲਾਂ ਵੀ ਵਿਭਾਗ ਵੱਲੋਂ ਕਾਰਵਾਈ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪੈਲੇਸਾਂ ਵਾਲਿਆਂ ਦੀ ਪਾਰਕਿੰਗ ਬੰਦ ਕਰਵਾਉਣ ਲਈ ਕੰਡਿਆਲੀ ਤਾਰ ਲਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ।
ਨਾਜਾਇਜ਼ ਕਬਜ਼ਿਆਂ ਖਿਲਾਫ ਨਿਗਮ ਦੀ ਕਾਰਵਾਈ 'ਤੇ ਰਾਜਨੀਤੀ ਗਰਮਾਈ
NEXT STORY