ਨਾਭਾ, (ਭੁਪਿੰਦਰ ਭੂਪਾ)- ਡੈਮੋਕਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੱਦੇ ’ਤੇ ਪੰਜਾਬ ਭਰ ਦੀਆਂ ਵੱਖ ਵੱਖ ਰੇਂਜਾਂ ’ਚੋਂ ਵੱਡੀ ਗਿਣਤੀ ਵਿਚ ਪਹੁੰਚੇ ਜੰਗਲਾਤ ਵਰਕਰਾਂ ਵੱਲੋਂ ਸੂਬਾ ਪ੍ਰਧਾਨ ਨਾਨਕ ਦਾਸ ਅਤੇ ਜਨ. ਸਕੱਤਰ ਬਲਬੀਰ ਸਿੰਘ ਸਿਵੀਆਂ ਦੀ ਅਗਵਾਈ ਹੇਠ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਦੇ ਹਲਕਾ ਨਾਭਾ ਵਿਖੇ ਧਰਨਾ ਦਿੱਤਾ ਗਿਆ।
ਯੂਨੀਅਨ ਆਗੂ ਨਾਨਕ ਦਾਸ, ਬਲਬੀਰ ਸਿੰਘ ਸਿਵੀਆਂ, ਬਲਕਾਰ ਸਿੰਘ ਭੱਖਡ਼ਾ ਅਤੇ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਦਵਿੰਦਰ ਸਿੰਘ ਪੂਨੀਆ ਅਤੇ ਵਿਕਰਮ ਦੇਵ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 2011 ਅਤੇ 2016 ’ਚ ਦੋ ਵਾਰ ਕੱਚੇ ਵਰਕਰਾਂ ਨੂੰ ਪੱਕਾ ਕਰਨ ਦਾ ਨੋਟੀਫਿਕੇਸ਼ਨ ਕਰਨ ਦੇ ਬਾਵਜੂਦ ਵੀ ਜੰਗਲਾਤ ਵਿਭਾਗ ਦੇ 25-25 ਸਾਲਾਂ ਤੋਂ ਕੰਮ ਕਰ ਰਹੇ ਵਰਕਰ ਪੱਕੇ ਨਹੀਂ ਕੀਤੇ ਜਾ ਰਹੇ। ਸੈਂਕਡ਼ੇ ਵਰਕਰ ਓਵਰਏਜ ਹੋ ਚੁੱਕੇ ਹਨ। ਸੈਂਕਡ਼ੇ ਜੰਗਲਾਤ ਵਰਕਰਾਂ ਨੂੰ ਅਪ੍ਰੈਲ 2018 ਤੋਂ ਬਾਅਦ ਤਨਖਾਹਾਂ ਨਹੀਂ ਦਿੱਤੀਆਂ ਗਈਆਂ। ਕਈ ਡਵੀਜ਼ਨਾਂ ਅੰਦਰ ਵਰਕਰਾਂ ਦੇ ਮਸਟਰੋਲਾਂ ਦੇ ਪੁਰਾਣੇ ਰਿਕਾਰਡ ਨੂੰ ਸਾਡ਼ਨ ਦਾ ਖਮਿਆਜ਼ਾ ਵੀ ਵਰਕਰਾਂ ਨੂੰ ਭੁਗਤਣਾ ਪਿਆ ਹੈ। ਵਰਕਰਾਂ ਨੂੰ ਰੈਗੂਲਰ ਕਰਵਾਉਣ ਲਈ ਜਥੇਬੰਦੀ ਵੱਲੋਂ ਸਰਕਾਰ ਨੂੰ ਚੋਣਾਂ ਦੌਰਾਨ ਕੀਤੇ ਵਾਅਦੇ ਯਾਦ ਕਰਵਾਉਣ ਲਈ ਕਈ ਵਾਰ ਮੰਗ-ਪੱਤਰ ਭੇਜੇ ਗਏ ਪ੍ਰੰਤੂ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ। ਧਰਨੇ ਨੂੰ ਸੰਬੋਧਨ ਕਰਦਿਅਾਂ ਬਲਬੀਰ ਸਿੰਘ ਗਿੱਲਾਂਵਾਲਾ, ਜਗਸੀਰ ਸਿੰਘ ਮੁਕਤਸਰ, ਰਛਪਾਲ ਸਿੰਘ ਅੰਮ੍ਰਿਤਸਰ, ਗੁਰਦੀਪ ਸਿੰਘ ਕਲੇਰ, ਹਰਜੀਤ ਕੌਰ ਸਮਰਾਲਾ ਅਤੇ ਕੁਲਦੀਪ ਲਾਲ ਮੱਤੇਵਾਡ਼ਾ ਨੇ ਮੰਗ ਕੀਤੀ ਕਿ ਨੀਤੀ ਅਨੁਸਾਰ 31.12.16 ਤੱਕ 3 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਜੰਗਲਾਤ ਵਰਕਰ ਤੁਰੰਤ ਪੱਕੇ ਕੀਤੇ ਜਾਣ। ਸੀਨੀਆਰਤਾ ਸੂਚੀ ਤੋਂ ਬਾਹਰ ਰਹਿ ਗਏ ਵਰਕਰਾਂ ਨੂੰ ਸੂਚੀ ’ਚ ਸ਼ਾਮਲ ਕੀਤਾ ਜਾਵੇ। ਰੈਗੂਲਰ ਹੋ ਚੁੱਕੇ ਵਰਕਰਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਹੇਠ ਲਿਆਂਦਾ ਜਾਵੇ। ਕੱਚੇ ਵਰਕਰਾਂ ’ਤੇ ਈ. ਪੀ. ਐੱਫ. ਅਤੇ ਈ. ਐੱਸ. ਆਈ. ਸਹੂਲਤਾਂ ਲਾਗੂ ਕੀਤੀਆਂ ਜਾਣ। ਵਰਕਰਾਂ ਨੂੰ ‘ਬਰਾਬਰ ਕੰਮ ਬਦਲੇ ਬਰਾਬਰ ਤਨਖਾਹ’, ਅਚਨਚੇਤੀ, ਮੈਡੀਕਲ, ਜਣੇਪਾ, ਗਜ਼ਟਿਡ ਛੁੱਟੀਆਂ ਅਤੇ ਹਫਤਾਵਰੀ ਪੇਡ ਰੈਸਟ ਵੀ ਦਿੱਤੀ ਜਾਵੇ। ਗਰਮ/ਠੰਡੀ ਵਰਦੀ ਅਤੇ ਬੂਟ ਦਿੱਤੇ ਜਾਣ। ਛਾਂਟੀ ਕੀਤੇ ਵਰਕਰਾਂ ਨੂੰ ਕੰਮ ’ਤੇ ਲਾਇਆ ਜਾਵੇ। ਤਨਖਾਹਾਂ ਦੇ ਬਕਾਏ ਦਿੱਤੇ ਜਾਣ।
ਧਰਨੇ ਨੂੰ ਰਾਜ ਕੁਮਾਰ ਨਵਾਂਸ਼ਹਿਰ, ਗੁਰਬਚਨ ਸਿੰਘ ਸਿਵੀਆਂ, ਜਗਤਾਰ ਸਿੰਘ ਫਿਲੌਰ, ਗੁਰਮੇਲ ਸਿੰਘ ਲੰਬੀ, ਦੀਵਾਨ ਸਿੰਘ ਖਡੂਰ ਸਾਹਿਬ, ਰਾਮ ਸਿੰਘ ਮੋਗਾ, ਸੇਵਕ ਸਿੰਘ ਦੋਦਾ, ਰਾਮ ਕੁਮਾਰ ਅਬੋਹਰ, ਬੁੱਧ ਰਾਮ ਮਲੋਟ, ਸੁਰਿੰਦਰ ਸਿੰਘ ਫਗਵਾਡ਼ਾ, ਸੁਰਜੀਤ ਸਿੰਘ ਜਲੰਧਰ, ਨਛੱਤਰ ਸਿੰਘ ਦੋਰਾਹਾ, ਰਾਮ ਸਿੰਘ ਲੰਗੇਆਣਾ ਅਤੇ ਡੀ. ਐੱਮ. ਐੱਫ. ਵੱਲੋਂ ਪਵਨ ਕੁਮਾਰ ਮੁਕਤਸਰ, ਪਰਵੀਨ ਸ਼ਰਮਾ, ਰਾਮਸ਼ਰਨ ਅਲੌਹਰਾਂ ਤੇ ਕੁਲਦੀਪ ਗੋਬਿੰਦਪੁਰਾ ਆਦਿ ਨੇ ਵੀ ਸੰਬੋਧਨ ਕੀਤਾ।
ਤਾਰਾਗਡ਼੍ਹ-ਸਿਹੋਡ਼ਾ ਮਾਰਗ ਦੀ ਮਾਡ਼ੀ ਹਾਲਤ ਨੂੰ ਲੈ ਕੇ ਲੋਕਾਂ ਕੀਤੀ ਨਾਅਰੇਬਾਜ਼ੀ
NEXT STORY