ਅਬੋਹਰ, (ਸੁਨੀਲ)— ਪੰਜਾਬ ਲੋਕ ਨਿਰਮਾਣ ਵਿਭਾਗ ਵੱਲੋਂ ਰੇਲਵੇ ਓਵਰਬ੍ਰਿਜ ਤੋਂ ਲੈ ਕੇ ਆਂਗਣ ਚੌਕ ਤੱਕ ਬਣਾਈ ਜਾ ਰਹੀ ਫੋਰਲੇਨ ਸੜਕ 'ਤੇ ਰਹਿਣ ਵਾਲੇ ਦੁਕਾਨਦਾਰਾਂ ਨੇ ਦੁਕਾਨਾਂ ਦੀ ਮਿਣਤੀ ਵਿਚ ਭਾਰੀ ਘਪਲੇ ਦੇ ਦੋਸ਼ ਲਾਏ ਹਨ। ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਤੇ ਉਪਮੰਡਲ ਅਧਿਕਾਰੀ ਪੂਨਮ ਸਿੰਘ ਨੂੰ ਦਿੱਤੇ ਗਏ ਪੱਤਰਾਂ ਵਿਚ ਉਨ੍ਹਾਂ ਕਿਹਾ ਕਿ ਅਸੀਂ ਸਾਰੇ ਲੋਕ ਇਸ ਸੜਕ 'ਤੇ ਆਪਣੀ ਰੋਜ਼ੀ-ਰੋਟੀ ਕਮਾ ਕੇ ਬੱਚਿਆਂ ਦਾ ਪੇਟ ਪਾਲਦੇ ਹਾਂ ਪਰ ਮਾਲ ਵਿਭਾਗ ਵੱਲੋਂ ਕਈ ਸਥਾਨਾਂ 'ਤੇ ਸੜਕ ਨੂੰ ਘਟ ਚੌੜਾ ਅਤੇ ਕਈ ਸਥਾਨਾਂ 'ਤੇ ਜ਼ਿਆਦਾ ਚੌੜਾ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਅਧਿਕਾਰੀਆਂ ਨੂੰ ਦਿੱਤੇ ਗਏ ਪੱਤਰਾਂ ਵਿਚ ਅਮਿਤ ਕੁਮਾਰ, ਜੈ ਰਾਮ, ਹੀਰਾ ਲਾਲ ਤੇ ਸੁਨੀਲ ਕੁਮਾਰ ਨੇ ਕਿਹਾ ਹੈ ਕਿ ਜਦ ਲੋਕ ਨਿਰਮਾਣ ਵਿਭਾਗ ਵੱਲੋਂ ਉਨ੍ਹਾਂ ਨੂੰ ਨੋਟਿਸ ਦਿੱਤੇ ਗਏ ਸਨ ਤਾਂ ਉਨ੍ਹਾਂ ਵਿਚ 88 ਫੁੱਟ ਥਾਂ ਲੈਣ ਦੀ ਗੱਲ ਕਹੀ ਗਈ ਸੀ ਪਰ ਮੌਕੇ 'ਤੇ 110 ਫੁੱਟ ਤੱਕ ਉਨ੍ਹਾਂ ਦੀਆਂ ਦੁਕਾਨਾਂ ਬਿਨਾਂ ਨੋਟਿਸ ਡੇਗ ਦਿੱਤੀਆਂ ਗਈਆਂ। ਉਨ੍ਹਾਂ ਨੇ ਦੋਸ਼ ਲਾਇਆ ਕਿ ਨਾਨਕਸਰ ਸ਼ਿਵਭੂਮੀ ਤੋਂ ਪੁਰਾਣੀ ਚੁੰਗੀ ਤੱਕ 110 ਫੁੱਟ ਤੱਕ ਦੇ ਨੋਟਿਸ ਦਿੱਤੇ ਗਏ ਸੀ ਪਰ ਉਥੇ ਕੇਵਲ 92-95 ਫੁੱਟ ਥਾਂ ਲਈ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਾਰਾ ਕੁਝ ਰਾਜਨੀਤਕ ਦਬਾਅ ਹੇਠ ਕੀਤਾ ਗਿਆ ਹੈ।
ਉਨ੍ਹਾਂ ਮੰਗ ਕੀਤੀ ਹੈ ਕਿ ਰੇਲਵੇ ਓਵਰਬ੍ਰਿਜ ਤੋਂ ਲੈ ਕੇ ਛਾਓਣੀ ਤੱਕ ਪੂਰੀ ਸੜਕ ਦੀ ਮਾਲ ਵਿਭਾਗ ਵੱਲੋਂ ਦੁਬਾਰਾ ਮਿਣਤੀ ਕਰਵਾਈ ਜਾਵੇ ਅਤੇ ਪੂਰੀ ਸੜਕ ਵਿਚ ਇਕਸਾਰ ਜ਼ਮੀਨ ਲਈ ਜਾਵੇ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਫੋਰਲੇਨ ਕੀਤੀ ਜਾ ਰਹੀ ਇਸ ਸੜਕ ਦੇ ਨਾਲ ਬਣਾਏ ਜਾ ਰਹੇ ਖਾਲ੍ਹੇ ਵਿਚ ਵੀ ਭਾਰੀ ਘਪਲਾ ਕੀਤਾ ਗਿਆ ਹੈ। ਉਪਰੋਕਤ ਚਾਰਾਂ ਲੋਕਾਂ ਨੇ ਇਕ ਏਫੀਡੇਵਿਟ ਦੇ ਕੇ ਕਿਹਾ ਹੈ ਕਿ ਇਸ ਸਾਰੇ ਘਪਲੇ ਦੀ ਜਾਂਚ ਕਿਸੇ ਵੱਡੀ ਏਜੰਸੀ ਤੋਂ ਕਰਵਾਈ ਜਾਵੇ ਤਾਂ ਕਿ ਸੜਕ ਇਕਸਾਰ ਬਣਨ ਦੇ ਨਾਲ-ਨਾਲ ਉਨ੍ਹਾਂ ਲੋਕਾਂ ਨੂੰ ਵੀ ਰਾਹਤ ਮਿਲੇ ਜਿਨ੍ਹਾਂ ਨਾਲ ਲੋਕ ਨਿਰਮਾਣ ਵਿਭਾਗ ਨੇ ਆਪਣੀ ਮਨਮਰਜ਼ੀ ਨਾਲ ਸੜਕ ਲੈ ਕੇ ਜ਼ਿਆਦਤੀਆਂ ਕੀਤੀਆਂ ਹਨ।
ਚੋਰਾਂ ਅਧਿਆਪਕ ਦੇ ਘਰ ਨੂੰ ਬਣਾਇਆ ਨਿਸ਼ਾਨਾ
NEXT STORY