ਅੰਮ੍ਰਿਤਸਰ (ਸਰਬਜੀਤ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ 9 ਜੂਨ ਨੂੰ ਸ਼੍ਰੋਮਣੀ ਕਮੇਟੀ ਦੇ ਖਿਲਾਫ ਹਾਈ ਕੋਰਟ ਵਿਚ ਆਪਣੇ ਅਹੁਦੇ ਨੂੰ ਸੁਰੱਖਿਅਤ ਕਰਨ ਲਈ ਕੀਤੇ ਕੇਸ ਨੂੰ ਬੀਤੇ ਸੋਮਵਾਰ ਵਾਪਸ ਤਾਂ ਲੈ ਲਿਆ ਹੈ ਪਰ ਇਸ ਫੈਸਲੇ ਨਾਲ ਸਿੰਘ ਸਾਹਿਬਾਨ ਦੀ ਪਦਵੀ ਤੇ ਸੰਸਥਾ ਨੂੰ ਕਾਫੀ ਵੱਡੀ ਢਾਹ ਲੱਗੀ ਹੈ, ਜਿਸ ਕਾਰਨ ਗਿਆਨੀ ਰਘਬੀਰ ਸਿੰਘ ਦੀਆਂ ਸੇਵਾਵਾਂ ਨੂੰ ਅੰਤ੍ਰਿੰਗ ਕਮੇਟੀ ਦੀ ਇੱਕਤਰਤਾ ਵਿਚ ਬਦਲਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਗੱਲ ਦੀ ਵੀ ਕਾਫੀ ਚਰਚਾ ਹੈ ਕਿ ਗਿਆਨੀ ਰਘਬੀਰ ਸਿੰਘ ਪਾਸੋਂ ਧਰਮ ਪ੍ਰਚਾਰ ਕਮੇਟੀ ਵਿੱਚ ਜਾ ਕਿਸੇ ਹੋਰ ਗੁਰਦੁਆਰਾ ਸਾਹਿਬ ਵਿਖੇ ਸੇਵਾਵਾਂ ਲੈਣ ਬਾਰੇ ਵੀ ਮੁਲਾਂਕਣ ਕੀਤਾ ਜਾ ਰਿਹਾ ਹੈ।
ਭਰੋਸੇਮੰਦ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਖਿਲਾਫ ਹਾਈ ਕੋਰਟ ਵਿਚ ਕੇਸ ਦਾਇਰ ਕਰਕੇ ਆਪਣੇ ਅਹੁਦੇ ਨੂੰ ਸੁਰੱਖਿਅਤ ਕਰਨ ਲਈ ਕੀਤੇ ਯਤਨ ਵਿਚ ਗਿਆਨੀ ਰਘਬੀਰ ਸਿੰਘ ਬਿਲਕੁਲ ਅਸਫਲ ਰਹੇ ਹਨ। ਇਸ ਘਟਨਾਕਰਮ ਵਿਚ ਹੋਈ ਸਤਿਕਾਰਤ ਪਦਵੀਂ ਤੇ ਸੰਸਥਾ ਦੀ ਬਦਨਾਮੀ ਕਾਰਨ ਸਿੱਖ ਸੰਸਥਵਾਂ ਦੇ ਮੁੱਖੀਆਂ ਤੋਂ ਇਲਾਵਾ ਵੱਡੇ ਪੱਧਰ ‘ਤੇ ਬੁੱਧੀਜੀਵੀਆਂ ਨੇ ਵੀ ਸ਼੍ਰੋਮਣੀ ਕਮੇਟੀ ਨੂੰ ਗਿਆਨੀ ਰਘਬੀਰ ਸਿੰਘ ਦੀ ਇਸ ਕਾਰਵਾਈ ਨੂੰ ਗਲਤ ਕਰਾਰ ਆਖਦਿਆਂ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਹੈ। ਚਰਚਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਉਂਣ ਵਾਲੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਗਿਆਨੀ ਰਘਬੀਰ ਸਿੰਘ ਦੇ ਤਜਰਬੇ ਅਤੇ ਕਾਬਲੀਅਤ ਨੂੰ ਦੇਖਦੇ ਹੋਏ ਇਨ੍ਹਾਂ ਪਾਸੋਂ ਧਰਮ ਪ੍ਰਚਾਰ ਕਮੇਟੀ ਵਿਖੇ ਆਉਂਣ ਵਾਲੀਆਂ ਸ਼ਤਾਬਦੀਆਂ ਅਤੇ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਚੰਡ ਕਰਨ ਵਿਚ ਸੇਵਾਵਾਂ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਆਪਣੇ ਮੁਲਾਜ਼ਮ ਪਾਸੋਂ ਸਰਵਿਸ ਰੂਲਜ਼ ਮੁਤਾਮਿਕ ਯੋਗਤਾ ਅਨੁਸਾਰ ਸੇਵਾਵਾਂ ਲੈ ਸਕਦੀ ਹੈ। ਕਈ ਗ੍ਰੰਥੀ, ਪ੍ਰਚਾਰਕ, ਰਾਗੀ ਸਿੰਘ ਆਦਿ ਧਾਰਮਿਕ ਸੇਵਾਵਾਂ ਤੋਂ ਦਫਤਰੀ ਸੇਵਾਵਾਂ ਆਪਣੀ ਮੰਗ ਅਨੁਸਾਰ ਬਦਲ ਚੁੱਕੇ ਹਨ, ਹੁਣ ਗਿਆਨੀ ਰਘਬੀਰ ਸਿੰਘ ਪਾਸੋਂ ਸਰਵਿਸ ਰੂਲਜ਼ ਮੁਤਾਬਿਕ ਬਦਲਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਕਿਤੇ ਨਾ ਕਿਤੇ ਧਰਮ ਦੀ ਆੜ ਵਿੱਚ ਸਿਆਸਤ ਖੇਡੀ ਜਾ ਰਹੀ ਹੈ, ਇਹ ਜੋ ਵਰਤਾਰਾ ਵਰਤ ਰਿਹਾ ਹੈ ਇਸ ਨਾਲ ਸਿੱਖ ਸੰਗਤ ਦੇ ਹਿਰਦਿਆਂ ਨੂੰ ਭਾਰੀ ਠੇਸ ਪੁੱਜੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਗਿਆਨੀ ਰਘਬੀਰ ਸਿੰਘ ਨੂੰ ਪਹਿਲਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਵਰਗੇ ਦੋ ਸਤਿਕਾਰਤ ਅਹੁਦੇ ਦੇਣੇ ਫਿਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਅਹੁਦੇ ਤੋਂ ਹਟਾਉਣਾ ਤੇ ਹੁਣ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਹਟਾਣ ਦੀਆਂ ਤਿਆਰੀਆਂ ਕਰਨੀਆਂ। ਇਹ ਸਿੱਖ ਪੰਥ ਨਾਲ ਖਿਲਵਾੜ ਵੀ ਹੈ ਤੇ ਸਤਿਕਾਰਤ ਅਹੁਦਿਆਂ ਦੀ ਤੌਹੀਨ ਵੀ ਹੈ, ਜੋ ਕਿ ਸਰਾਸਰ ਸਿਆਸਤ ਤੋਂ ਪ੍ਰੇਰਿਤ ਹੈ।
ਇੱਥੇ ਇਹ ਵੀ ਦੱਸਣ ਯੋਗ ਹੈ ਕਿ 2 ਦਸੰਬਰ 2024 ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਇਹੋ ਜਿਹੇ ਕਿਹੜੇ ਫੈਸਲੇ ਕਰ ਦਿੱਤੇ ਗਏ, ਜਿਸ ਨਾਲ ਹਰ ਪਾਸੇ ਧਰਥੱਲੀ ਮਚੀ ਹੋਈ ਹੈ। ਕਦੀ ਸਿੰਘ ਸਾਹਿਬਾਨ ਨੂੰ ਹਟਾਇਆ ਜਾ ਰਿਹਾ ਹੈ, ਕਦੀ ਉਹਨਾਂ ਤੇ ਇਲਜ਼ਾਮ ਲਗਾਏ ਜਾ ਰਹੇ ਹਨ, ਕਦੀ ਉਹਨਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਤੇ ਹੁਣ ਆਪਣੇ ਅਹੁਦੇ ਨੂੰ ਬਰਕਰਾਰ ਰੱਖਣ ਲਈ ਸਿੰਘ ਸਾਹਿਬਾਨ ਵੱਲੋਂ ਕੋਰਟ ਕੇਸ ਕੀਤਾ ਜਾ ਰਿਹਾ। ਇਹ ਜੋ ਵਰਤਾਰਾ ਵਰਤ ਰਿਹਾ ਹੈ ਇਸ ਨਾਲ ਸਿੱਖ ਸੰਗਤ ਖੁਸ਼ ਨਹੀਂ ਹੈ। ਇਸ ਤੇ ਕਈ ਸਿੱਖ ਜਥੇਬੰਦੀਆਂ ਦਾ ਇਹ ਵੀ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਜੇ ਵੀ ਸਮਾਂ ਸੰਭਾਲਦਿਆਂ ਸਿੰਘ ਸਾਹਿਬਾਨ ਨਾਲ ਮੀਟਿੰਗ ਕਰਕੇ ਮਾਹੌਲ ਨੂੰ ਸੁਖਾਵਾਂ ਬਣਾਉਣਾ ਚਾਹੀਦਾ ਹੈ ਤਾਂ ਜੋ ਕੋਈ ਬਾਹਰੋਂ ਆ ਕੇ ਇਸ ਦਾ ਸਿਆਸੀ ਲਾਹਾ ਨਾ ਲੈ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਦਾਲਤ ਦੇ ਬਾਹਰ ਜਵਾਈ ਨੇ ਕੀਤੀ ਸਹੁਰੇ ਤੇ ਪਤਨੀ ਨਾਲ ਕੁੱਟਮਾਰ, ਗ੍ਰਿਫਤਾਰ
NEXT STORY