ਜਲੰਧਰ (ਖੁਰਾਣਾ)— ਸਾਬਕਾ ਮੇਅਰ ਸੁਰੇਸ਼ ਸਹਿਗਲ ਵੱਲੋਂ ਬਿਲਡਿੰਗ ਇੰਸਪੈਕਟਰ ਦਿਨੇਸ਼ ਜੋਸ਼ੀ ਨੂੰ ਕੁੱਟੇ ਜਾਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਕ ਪਾਸੇ ਜਿੱਥੇ ਇਸ ਕਾਂਡ ਨੂੰ ਲੈ ਕੇ ਨਿਗਮ ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਹੜਤਾਲ 'ਤੇ ਹਨ, ਉਥੇ ਮੇਅਰ ਜਗਦੀਸ਼ ਰਾਜਾ, ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ, ਕਮਿਸ਼ਨਰ ਦੀਪਰਵ ਲਾਕੜਾ ਅਤੇ ਕੌਂਸਲਰ ਬੰਟੀਠ ਆਦਿ ਨੇ ਪੁਲਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨਾਲ ਮੁਲਾਕਾਤ ਕਰਕੇ ਸਾਬਕਾ ਮੇਅਰ ਸੁਰੇਸ਼ ਸਹਿਗਲ ਅਤੇ ਬਿਲਡਿੰਗ ਮਾਲਕ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਮੇਅਰ ਨੇ ਸੀ. ਪੀ. ਨੂੰ ਦੱਸਿਆ ਕਿ ਇਸ ਕਾਂਡ ਦੇ ਵਿਰੋਧ 'ਚ ਨਿਗਮ ਦੇ ਸਾਰੇ ਕਰਮਚਾਰੀ ਹੜਤਾਲ 'ਤੇ ਹਨ, ਜਿਸ ਕਾਰਨ ਕੰਮ ਪ੍ਰਭਾਵਿਤ ਹੋ ਰਿਹਾ ਹੈ। ਮੇਅਰ ਅਤੇ ਹੋਰਨਾਂ ਨੇ ਸੀ. ਪੀ. ਕੋਲੋਂ ਮੰਗ ਕੀਤੀ ਕਿ ਸਾਬਕਾ ਮੇਅਰ 'ਤੇ ਨਿਗਮ ਵੱਲੋਂ ਧਾਰਾ 307 ਅਤੇ ਹੋਰ ਗੈਰ-ਜ਼ਮਾਨਤੀ ਧਾਰਾਵਾਂ ਦੇ ਤਹਿਤ ਪਰਚਾ ਦਰਜ ਕੀਤਾ ਜਾਵੇ।
ਇਸ ਮੀਟਿੰਗ ਦੌਰਾਨ ਪੁਲਸ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਸਾਬਕਾ ਮੇਅਰ ਸੁਰੇਸ਼ ਸਹਿਗਲ ਦੀ ਭਾਲ ਤੇਜ਼ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਲੱਭਣ ਲਈ ਰਿਸ਼ਤੇਦਾਰਾਂ ਦੇ ਘਰਾਂ 'ਚ ਵੀ ਛਾਪੇਮਾਰੀ ਕੀਤੀ ਜਾਵੇਗੀ। ਵਿਵਾਦਿਤ ਬਿਲਡਿੰਗ ਦੇ ਮਾਲਕ ਸੁਲਕਸ਼ਨ ਸ਼ਰਮਾ ਨੂੰ ਹਿਮਾਚਲ ਪ੍ਰਦੇਸ਼ 'ਚ ਲੱਭਣ ਦੇ ਹੁਕਮ ਦਿੱਤੇ ਗਏ ਹਨ, ਕਿਉਂਕਿ ਉਹ ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਹਨ।
ਹੜਤਾਲ ਦੇ ਬਾਵਜੂਦ ਐੱਫ. ਐਂਡ ਸੀ. ਸੀ. ਦੀ ਮੀਟਿੰਗ 'ਚ ਅੱਜ ਨਿਗਮ ਅਧਿਕਾਰੀ
ਸਾਬਕਾ ਮੇਅਰ ਸੁਰੇਸ਼ ਸਹਿਗਲ ਵੱਲੋਂ ਬਿਲਡਿੰਗ ਇੰਸਪੈਕਟਰ ਨਾਲ ਕੀਤੀ ਕੁੱਟਮਾਰ ਦੇ ਵਿਰੋਧ ਵਜੋਂ ਇਨ੍ਹੀਂ ਦਿਨੀਂ ਨਿਗਮ ਸਟਾਫ ਹੜਤਾਲ 'ਤੇ ਚੱਲ ਰਿਹਾ ਹੈ ਅਤੇ ਸ਼ੁੱਕਰਵਾਰ ਸਾਰੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਹੋਣ ਵਾਲੀ ਐੱਫ. ਐਂਡ ਸੀ. ਸੀ. ਦੀ ਮੀਟਿੰਗ ਦੇ ਬਾਈਕਾਟ ਦਾ ਐਲਾਨ ਕੀਤਾ। ਇਸ ਦੇ ਐਲਾਨ ਦੇ ਬਾਵਜੂਦ ਸਾਰੇ ਨਿਗਮ ਅਧਿਕਾਰੀ ਬੀਤੇ ਦਿਨ ਐੱਫ ਐਂਡ. ਸੀ. ਸੀ. ਮੀਟਿੰਗ 'ਚ ਸ਼ਾਮਲ ਹੋਏ, ਜਿਸ ਬਾਰੇ ਸਾਰਾ ਦਿਨ ਚਰਚਾ ਚੱਲਦੀ ਰਹੀ। ਐੱਫ. ਐਂਡ ਸੀ. ਸੀ. ਦੀ ਮੀਟਿੰਗ ਦੌਰਾਨ ਦੁਰਗਾ ਪਬਲੀਸਿਟੀ ਨੂੰ ਫੁਟਓਵਰ ਬ੍ਰਿਜ ਬਣਾਉਣ ਲਈ ਆਏ ਪ੍ਰਸਤਾਵ 'ਤੇ ਵਿਚਾਰ ਕਰਨ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਇਸ ਮਾਮਲੇ 'ਚ ਅਧਿਕਾਰੀਆਂ ਦੇ ਨਾਲ-ਨਾਲ ਕੁਝ ਕੌਂਸਲਰਾਂ ਨੂੰ ਵੀ ਕਮੇਟੀ 'ਚ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਪੂਰੇ ਮਾਮਲੇ ਦੀ ਜਾਣਕਾਰੀ ਉਨ੍ਹਾਂ ਨੂੰ ਵੀ ਰਹੇ। ਮੀਟਿੰਗ ਦੌਰਾਨ ਵਾਰਡਾਂ ਦੀ ਮੇਨਟੀਨੈਂਸ ਨਾਲ ਸਬੰਧਤ ਪ੍ਰਸਤਾਵਾਂ ਨੂੰ ਇਸ ਸ਼ਰਤ 'ਤੇ ਪਾਸ ਕੀਤਾ ਗਿਆ ਕਿ ਠੇਕੇਦਾਰਾਂ ਕੋਲੋਂ ਘੱਟ ਤੋਂ ਘੱਟ 7 ਫੀਸਦੀ ਡਿਸਕਾਊਂਟ ਜ਼ਰੂਰ ਲਿਆ ਜਾਵੇ। ਮੀਟਿੰਗ ਦੌਰਾਨ ਕਰੀਬ 6 ਕਰੋੜ ਦੇ ਵਿਕਾਸ ਕਾਰਜਾਂ ਨੂੰ ਪਾਸ ਕੀਤਾ ਗਿਆ।
ਮੇਅਰ ਦੀ ਰਿਹਾਇਸ਼ 'ਤੇ ਅਧਿਕਾਰੀਆਂ ਨਾਲ ਹੋਈ ਮੀਟਿੰਗ
ਇਸ ਤੋਂ ਪਹਿਲਾਂ ਮੇਅਰ ਜਗਦੀਸ਼ ਰਾਜਾ ਨੇ ਆਪਣੀ ਮਾਡਲ ਟਾਊਨ ਸਥਿਤ ਕੋਠੀ 'ਤੇ ਨਿਗਮ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਐੱਫ. ਐਂਡ ਸੀ. ਸੀ. ਅਤੇ ਪੁਲਸ ਕਮਿਸ਼ਨਰ ਨਾਲ ਹੋਣ ਵਾਲੀ ਮੀਟਿੰਗ 'ਤੇ ਚਰਚਾ ਕੀਤੀ। ਮੇਅਰ ਦੇ ਕਹਿਣ 'ਤੇ ਸਾਰੇ ਮੰਨ ਗਏ, ਜਿਸ ਤੋਂ ਬਾਅਦ ਸਾਰੇ ਅਧਿਕਾਰੀ ਐੱਫ. ਐਂਡ ਸੀ. ਸੀ. ਮੀਟਿੰਗ 'ਚ ਸ਼ਾਮਲ ਹੋਏ।
ਠੇਕੇਦਾਰਾਂ ਨੂੰ ਮਿਲੇਗੀ ਕੁਝ ਪੇਮੈਂਟ
ਨਗਰ ਨਿਗਮ ਦੇ ਸਾਰੇ ਠੇਕੇਦਾਰਾਂ ਨੇ ਅੱਜ ਪੇਮੈਂਟ ਲਈ ਮੇਅਰ ਅਤੇ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਅਤੇ ਮੰਗ ਰੱਖੀ ਕਿ ਦੀਵਾਲੀ ਤੋਂ ਪਹਿਲਾਂ ਠੇਕੇਦਾਰਾਂ ਨੂੰ ਪੇਮੈਂਟ ਕੀਤੀ ਜਾਵੇਗੀ। ਠੇਕੇਦਾਰਾਂ ਨੇ ਦੱਸਿਆ ਕਿ ਅਜੇ ਤੱਕ ਉਨ੍ਹਾਂ ਨੂੰ ਕੋਈ ਪੇਮੈਂਟ ਨਹੀਂ ਮਿਲੀ। ਮੇਅਰ ਅਤੇ ਕਮਿਸ਼ਨਰ ਨੇ ਯਕੀਨ ਦਿਵਾਇਆ ਕਿ ਸੋਮਵਾਰ ਨੂੰ ਕੁਝ ਪੇਮੈਂਟ ਜ਼ਰੂਰ ਰਿਲੀਜ਼ ਕੀਤੀ ਜਾਵੇਗੀ।
ਕੌਂਸਲਰ ਗੁਰਦੀਪ ਪਹਿਲਵਾਨ ਦੀ ਹੱਤਿਆ ਕਰਨ ਵਾਲੇ ਗੈਂਗਸਟਰ ਦਾ ਐਨਕਾਊਂਟਰ
NEXT STORY