ਮੱਖੂ (ਸਤੀਸ਼, ਅਕਾਲੀਆਂਵਾਲਾ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਜੇ ਬੀਤੇ ਦਿਨ ਹੀ ਜ਼ੀਰਾ ਹਲਕੇ 'ਚ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਡਿੰਪਾ ਦੇ ਹੱਕ 'ਚ ਰੈਲੀ ਕਰਕੇ ਗਏ ਸਨ ਕਿ ਉਨ੍ਹਾਂ ਦੇ ਜਾਣ ਮਗਰੋਂ ਜ਼ੀਰਾ ਦੇ ਸਾਬਕਾ ਵਿਧਾਇਕ ਨਰੇਸ਼ ਕਟਾਰੀਆ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸਾਬਕਾ ਵਿਧਾਇਕ ਨਰੇਸ਼ ਕਟਾਰੀਆਂ ਦੀ ਇਹ ਕੁੱਟਮਾਰ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਨਿੱਜੀ ਸਹਾਇਕ ਅਤੇ ਗੰਨਮੈਨਾਂ ਵਲੋਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਜ਼ੀਰਾ ਵਿਖੇ ਬੀਤੇ ਦਿਨੀਂ ਲੋਕ ਸੱਥ ਪ੍ਰੋਗਰਾਮ ਦੌਰਾਨ ਮੌਜੂਦਾ ਤੇ ਸਾਬਕਾ ਵਿਧਾਇਕ ਵੀ ਹਾਜ਼ਰ ਸਨ, ਉਥੇ ਵੀ ਨਸ਼ੇ ਦੇ ਮੁੱਦੇ ਨੂੰ ਲੈ ਕੇ ਗਰਮਾ-ਗਰਮੀ ਦੇਖਣ ਨੂੰ ਮਿਲੀ ਸੀ ਅਤੇ ਵਿਧਾਇਕ ਕਟਾਰੀਆ ਆਪਣੇ ਸਾਥੀਆਂ ਸਣੇ ਉਥੋਂ ਤੁਰੰਤ ਖਿਸਕ ਗਏ ਸਨ।

ਇਸ ਘਟਨਾ ਸਬੰਧੀ ਨਰੇਸ਼ ਕਟਾਰੀਆ ਨੇ ਦੱਸਿਆ ਕਿ ਉਹ ਗੁਰਦੁਆਰਾ ਬਾਬਾ ਬਾਠਾਂ ਵਾਲਾ ਵਿਖੇ 'ਆਪ' ਦੇ ਸੂਬਾਈ ਜਨਰਲ ਸਕੱਤਰ ਡਾਕਟਰ ਅਜਮੇਰ ਸਿੰਘ ਕਾਲੜਾ ਦੀ ਮਾਤਾ ਨਮਿੱਤ ਹੋ ਰਹੀ ਅੰਤਿਮ ਅਰਦਾਸ ਮੌਕੇ ਹਾਜ਼ਰੀ ਭਰ ਕੇ ਆਪਣੀ ਗੱਡੀ ਵੱਲ ਆਏ। ਵਿਧਾਇਕ ਜ਼ੀਰਾ ਦੇ ਸੁਰੱਖਿਆ ਅਮਲੇ ਨੇ ਕਥਿਤ ਤੌਰ 'ਤੇ ਗੱਡੀਆਂ ਮੇਰੀ ਗੱਡੀ ਦੇ ਅੱਗੇ-ਪਿੱਛੇ ਖੜ੍ਹੀਆਂ ਕਰ ਦਿੱਤੀਆਂ। ਵਾਰ-ਵਾਰ ਕਹਿਣ ਦੇ ਬਾਵਜੂਦ ਵਿਧਾਇਕ ਦੇ ਗੰਨਮੈਨਾਂ ਨੇ 15 ਮਿੰਟਾਂ ਤੱਕ ਗੱਡੀਆਂ ਪਾਸੇ ਨਹੀਂ ਕੀਤੀਆਂ। ਇੰਨੇ ਨੂੰ ਵਿਧਾਇਕ ਦਾ ਨਿੱਜੀ ਸਹਾਇਕ ਮੌਕੇ 'ਤੇ ਆਇਆ, ਜਿਸ ਨੇ 6-7 ਗੰਨਮੈਨਾਂ ਸਮੇਤ ਮੇਰੇ 'ਤੇ ਹਮਲਾ ਕਰਕੇ ਕੁੱਟ-ਮਾਰ ਕੀਤੀ। ਵੱਡੀ ਗਿਣਤੀ 'ਚ ਗੁਰੂਘਰ ਆਈ ਸੰਗਤ ਵਲੋਂ ਸੁਰੱਖਿਆ ਕਰਮੀਆਂ ਦੀ ਹਰਕਤ ਦਾ ਵਿਰੋਧ ਕਰਨ 'ਤੇ ਮੈਂ ਮਸਾਂ ਉਥੋਂ ਬਚ ਕੇ ਨਿਕਲਿਆ।

ਵਿਧਾਇਕ ਕੁਲਬੀਰ ਜ਼ੀਰਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਮੇਰਾ ਇਸ ਘਟਨਾ ਨਾਲ ਕੋਈ ਸਬੰਧ ਨਹੀਂ, ਮੈਂ ਤਾਂ ਗੁਰਦੁਆਰੇ 'ਚ ਸੀ। ਉਨ੍ਹਾਂ ਕਿਹਾ ਕਿ ਵਿਧਾਇਕ ਕਟਾਰੀਆ ਨੇ ਹੀ ਗੰਨਮੈਨਾਂ ਨੂੰ ਮੰਦੇ ਬੋਲ ਬੋਲੇ। ਵਿਧਾਇਕ ਦੇ ਨਿੱਜੀ ਸਹਾਇਕ ਨੇ ਆਖਿਆ ਕਿ ਉਸ ਨੂੰ ਵਾਕੀ ਟਾਕੀ 'ਤੇ ਗੰਨਮੈਨਾਂ ਨੇ ਦੱਸਿਆ ਸੀ ਕਿ ਸਾਬਕਾ ਵਿਧਾਇਕ ਕਟਾਰੀਆ ਬਾਹਰ ਕਥਿਤ ਤੌਰ 'ਤੇ ਗਾਲ੍ਹਾਂ ਕੱਢ ਰਿਹਾ ਹੈ। ਅਸੀਂ ਕਟਾਰੀਏ ਦੀ ਕੁੱਟ-ਮਾਰ ਨਹੀਂ ਕੀਤੀ, ਉਲਟਾ ਨਰੇਸ਼ ਕਟਾਰੀਆ ਨੇ ਗੰਨਮੈਨ ਦੀ ਵਰਦੀ ਦੇ ਬਟਨ ਤੋੜੇ ਹਨ। ਡੀ. ਐੱਸ. ਪੀ. ਜ਼ੀਰਾ ਨਰਿੰਦਰ ਸਿੰਘ ਨੇ ਆਖਿਆ ਕਿ ਲਿਖਤੀ ਸ਼ਿਕਾਇਤ ਮਿਲਣ 'ਤੇ ਬਣਦੀ ਕਾਰਵਾਈ ਹੋ ਸਕਦੀ ਹੈ।
ਸੰਨੀ ਦਿਓਲ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਬਾਲਾਕੋਟ 'ਚ ਕੀ ਹੋਇਆ ਸੀ : ਕੈਪਟਨ
NEXT STORY