ਮੋਗਾ (ਆਜ਼ਾਦ)— ਅੰਮ੍ਰਿਤਸਰ ਰੋਡ ਮੋਗਾ 'ਤੇ ਸੰਤ ਨਗਰ ਸਥਿਤ ਮਹਿਤਾਬ ਰੈਜੰਸੀ ਹੋਟਲ ਦੇ ਸੰਚਾਲਕ ਤੇ ਸਾਬਕਾ ਸਰਪੰਚ ਦਲਜੀਤ ਸਿੰਘ ਭੋਲਾ ਦੀ ਕੁੱਝ ਵਿਅਕਤੀਆਂ ਵੱਲੋਂ ਕੁੱਟ-ਕੁੱਟ ਕੇ ਬੇਰਹਿਮੀ ਨਾਲ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮਹਿਣਾ ਦੇ ਇੰਚਾਰਜ ਇੰਸਪੈਕਟਰ ਪਲਵਿੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਸਾਲੇ ਜਸਕਰਨ ਸਿੰਘ ਨਿਵਾਸੀ ਖੋਸਾ ਰਣਧੀਰ ਅਤੇ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਦੱਸਿਆ ਕਿ ਦਲਜੀਤ ਸਿੰਘ ਭੋਲਾ ਪਿਛਲੇ ਸਾਲ ਤੋਂ ਬੀਮਾਰ ਰਹਿੰਦਾ ਸੀ ਤੇ ਉਸ ਦਾ ਇਲਾਜ ਟਰੋਮਾ ਸੈਂਟਰ ਬਠਿੰਡਾ ਹਸਪਤਾਲ 'ਚ ਚੱਲ ਰਿਹਾ ਸੀ।
ਬੀਤੇ ਦਿਨ ਸਵੇਰ ਦੇ ਸਮੇਂ ਜਦ ਅਸੀਂ ਉਸ ਦੇ ਕਮਰੇ 'ਚੋਂ ਚੀਕਾਂ ਦੀਆਂ ਆਵਾਜ਼ਾਂ ਸੁਣੀਆਂ ਤਾਂ ਮੈਂ ਅਤੇ ਉਸ ਦੀ ਪਤਨੀ ਸੁਰਿੰਦਰ ਕੌਰ, ਜੀਜਾ ਰਣਜੀਤ ਸਿੰਘ ਅਤੇ ਹੋਰ ਉਥੇ ਪੁੱਜੇ ਅਤੇ ਦੇਖਿਆ ਕਿ ਕੁੱਝ ਲੋਕ ਉਸ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕਰਨ ਦੇ ਇਲਾਵਾ ਉਸ ਨੂੰ ਘੜੀਸ ਰਹੇ ਸਨ ਅਤੇ ਦਲਜੀਤ ਰੌਲਾ ਪਾਉਂਦਾ ਹੋਇਆ ਕਹਿ ਰਿਹਾ ਸੀ ਕਿ ਹਰਿੰਦਰ, ਪ੍ਰਵੀਨ ਮੈਨੂੰ ਨਾ ਮਾਰੋ, ਜਿਸ 'ਤੇ ਸਾਡੇ ਆਉਂਦਿਆਂ ਹੀ ਦੋਵੇਂ ਹਮਲਾਵਰ ਉਥੋਂ ਭੱਜ ਗਏ। ਅਸੀਂ ਦਲਜੀਤ ਸਿੰਘ ਭੋਲਾ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਤੁਰੰਤ ਟਰੋਮਾ ਸੈਂਟਰ ਬਠਿੰਡਾ ਲੈ ਕੇ ਗਏ, ਜਿਥੇ ਉਸ ਨੇ ਦਮ ਤੋੜ ਦਿੱਤਾ।
ਜਗ੍ਹਾ ਦਾ ਚੱਲ ਰਿਹਾ ਸੀ ਝਗੜਾ-
ਜਾਣਕਾਰੀ ਅਨੁਸਾਰ ਜਿਸ ਜਗ੍ਹਾ 'ਤੇ ਮਹਿਤਾਬ ਰੈਜੰਸੀ ਹੋਟਲ ਬਣਿਆ ਹੋਇਆ ਹੈ ਉਕਤ ਜਗ੍ਹਾ ਦਾ ਇਕ ਐੱਨ. ਆਰ. ਆਈ. ਨਾਲ ਜਗ੍ਹਾ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਝਗੜਾ ਚੱਲਦਾ ਆ ਰਿਹਾ ਸੀ ਅਤੇ ਪੁਲਸ ਵੱਲੋਂ ਅਦਾਲਤੀ ਹੁਕਮਾਂ 'ਤੇ ਜਗ੍ਹਾ ਦਾ ਮਾਲਕ ਦੱਸੇ ਜਾ ਰਹੇ ਵਿਅਕਤੀ ਦੇ ਪਰਿਵਾਰ ਵਾਲਿਆਂ ਨੂੰ ਕਬਜ਼ਾ ਕਰਵਾਉਣ ਦਾ ਯਤਨ ਵੀ ਕੀਤਾ ਗਿਆ ਅਤੇ ਉਸ ਸਮੇਂ ਮਾਲ ਵਿਭਾਗ ਦੇ ਅਧਿਕਾਰੀਆਂ ਅਤੇ ਵੱਡੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ ਕੀਤੀ ਗਈ ਸੀ ਪਰ ਸਾਬਕਾ ਸਰਪੰਚ ਦਲਜੀਤ ਸਿੰਘ ਭੋਲਾ ਨੇ ਉਸ ਸਮੇਂ ਕਬਜ਼ਾ ਕਰਨ ਆਏ ਅਧਿਕਾਰੀਆਂ ਨੂੰ ਆਪਣੀ ਜ਼ਮੀਨ ਦੇ ਦਸਤਾਵੇਜ਼ ਦਿਖਾਉਂਦੇ ਹੋਏ ਆਪਣਾ ਹੱਕ ਜਤਾਇਆ ਸੀ।
ਕੀ ਹੋਈ ਪੁਲਸ ਕਾਰਵਾਈ
ਥਾਣਾ ਮਹਿਣਾ ਦੇ ਇੰਚਾਰਜ ਪਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ 'ਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਮਲਾਵਰਾਂ ਦੀ ਤਲਾਸ਼ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੰਜਾਬ ਸਰਕਾਰ ਵਲੋਂ ਲੁਧਿਆਣਾ ਨਿਗਮ ਚੋਣ ਬਾਰੇ ਨੋਟੀਫਿਕੇਸ਼ਨ ਜਾਰੀ
NEXT STORY