ਮੋਗਾ (ਗੋਪੀ ਰਾਊਕੇ): ਇਕ ਪਾਸੇ ਜਿੱਥੇ ਲੜਕੀਆਂ ਨੂੰ ਆਈਲੈੱਟਸ ਦੀ ਪੜ੍ਹਾਈ ਕਰਵਾ ਕੇ ਨਾਲ ਸਪਾਊਸ ਕੈਨੇਡਾ ਦੀ ਉਡਾਰੀ ਮਾਰਨ ਵਾਲੇ ਪੰਜਾਬ ਦੇ ਗੱਭਰੂਆਂ ਦਾ ਭਵਿੱਖ ਕੈਨੇਡਾ ਦੀ ਧਰਤੀ 'ਤੇ ਸੁਰੱਖਿਅਤ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਕਈ ਥਾਵਾਂ 'ਤੇ ਆਈਲੈੱਟਸ ਕਰਨ ਵਾਲੀਆਂ ਲੜਕੀਆਂ ਨਾਲ ਕੈਨੇਡਾ ਦੀ ਸ਼ਰਤ 'ਤੇ ਵਿਆਹ ਕਰਵਾਉਣ ਵਾਲੇ ਸੈਂਕੜੇ ਨੌਜਵਾਨਾਂ ਦੇ ਸੁਪਨੇ 'ਧਰੇ-ਧਰਾਏ' ਰਹਿ ਗਏ ਹਨ ਕਿਉਂਕਿ ਕਈ ਲੜਕੀਆਂ-ਲੜਕੇ ਪਰਿਵਾਰ ਵਾਲਿਆਂ ਤੋਂ ਸਟੱਡੀ 'ਤੇ ਲੱਖਾਂ ਰੁਪਏ ਖਰਚ ਕਰਵਾ ਕੇ ਹੁਣ ਬਦਲਣ ਲੱਗੇ ਹਨ। ਤਾਜ਼ਾ ਮਾਮਲਾ ਮੋਗਾ ਜ਼ਿਲੇ ਦੇ ਪਿੰਡ ਸ਼ਾਦੀਵਾਲਾ ਦਾ ਹੈ, ਜਿੱਥੋਂ ਦੇ ਨੌਜਵਾਨ ਹਰਮੀਤ ਸਿੰਘ ਨੇ ਜ਼ਿਲਾ ਮੁਕਤਸਰ ਸਾਹਿਬ ਦੇ ਇਕ ਪਿੰਡ ਦੀ ਲੜਕੀ ਨਾਲ ਇਸ ਆਸ ਨਾਲ ਵਿਆਹ ਕਰਵਾਇਆ ਸੀ ਕਿ ਉਹ ਆਪਣੀ ਪਤਨੀ ਦੇ ਸਹਾਰੇ ਕੈਨੇਡਾ ਦਾ ਪੱਕਾ ਬਾਸ਼ਿੰਦਾ ਬਣ ਜਾਵੇਗਾ ਪਰ ਹੁਣ ਜਦੋਂ ਕੈਨੇਡਾ ਜਾ ਕੇ ਕਥਿਤ ਤੌਰ 'ਤੇ ਲੜਕੀ ਜਾਣ-ਬੁੱਝ ਕੇ ਆਪਣੇ ਸਹੁਰੇ ਪਰਿਵਾਰ ਨਾਲ ਮਾੜਾ ਵਿਵਹਾਰ ਕਰਨ ਲੱਗ ਪਈ ਤਾਂ ਹਰਮੀਤ ਸਿੰਘ ਨੂੰ ਆਪਣੇ ਵੱਲੋਂ ਫੀਸਾਂ ਅਤੇ ਵਿਆਹ ਸਮੇਤ ਹੋਰ ਕਾਰਜਾਂ 'ਤੇ ਖਰਚ ਕੀਤੇ 28 ਲੱਖ ਰੁਪਏ ਮਿੱਟੀ ਹੋਣ ਦਾ ਖਤਰਾ ਖੜ੍ਹਾ ਹੋ ਗਿਆ ਹੈ। ਦੂਜੇ ਪਾਸੇ ਜ਼ਿਲਾ ਪੁਲਸ ਮੁਖੀ ਮੋਗਾ ਨੇ ਲੜਕੇ ਹਰਮੀਤ ਸਿੰਘ ਦੇ ਪਿਤਾ ਮੁਖਤਿਆਰ ਸਿੰਘ ਵੱਲੋਂ ਦਿੱਤੇ ਸ਼ਿਕਾਇਤ ਪੱਤਰ ਦੇ ਆਧਾਰ 'ਤੇ ਮਾਮਲੇ ਦੀ ਪੜਤਾਲ ਲਈ ਡੀ. ਐੱਸ. ਪੀ. ਧਰਮਕੋਟ ਯਾਦਵਿੰਦਰ ਸਿੰਘ ਬਾਜਵਾ ਨੂੰ ਕਰਨ ਦੇ ਨਿਰਦੇਸ਼ ਦਿੱਤੇ ਹਨ।
ਅੱਜ ਇੱਥੇ ਜ਼ਿਲਾ ਪੁਲਸ ਮੁਖੀ ਨੂੰ ਦਿੱਤੇ ਸ਼ਿਕਾਇਤ ਪੱਤਰ ਦੀ ਕਾਪੀ ਦਿਖਾਉਂਦੇ ਪੀੜਤ ਮੁਖਤਿਆਰ ਸਿੰਘ ਨੇ ਕਿਹਾ ਕਿ 12 ਅਗਸਤ, 2018 ਨੂੰ ਉਨ੍ਹਾਂ ਆਪਣੇ ਪੁੱਤਰ ਦਾ ਵਿਆਹ ਮੁਕਤਸਰ ਸਾਹਿਬ ਵਿਖੇ ਕੀਤਾ ਅਤੇ ਵਿਆਹ 'ਤੇ ਆਉਣ ਵਾਲਾ ਖਰਚ ਵੀ ਉਨ੍ਹਾਂ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਫੀਸਾਂ ਤੋਂ ਇਲਾਵਾ 3 ਲੱਖ ਰੁਪਏ ਮੈਰਿਜ ਪੈਲੇਸ ਦਾ ਖਰਚਾ ਵੀ ਦਿੱਤਾ ਗਿਆ। ਵਿਆਹ ਤੋਂ 10 ਦਿਨਾਂ ਬਾਅਦ ਹੀ ਸਾਡੀ ਨੂੰਹ ਕੈਨੇਡਾ ਚਲੀ ਗਈ ਅਤੇ ਸਾਨੂੰ ਇਹ ਆਸ ਸੀ ਕਿ ਹੁਣ ਹਰਮੀਤ ਜਲਦੀ ਹੀ ਕੈਨੇਡਾ ਚਲਾ ਜਾਵੇਗਾ ਪਰ ਹੈਰਾਨੀ ਦੀ ਗੱਲ ਹੈ ਕਿ ਦੋ ਦਫ਼ਾ ਤਾਂ ਨੂੰਹ ਵੱਲੋਂ ਲੜਕੇ ਨੂੰ ਸਹੀ ਕਾਗਜ਼-ਪੱਤਰ ਹੀ ਨਹੀਂ ਭੇਜੇ ਗਏ, ਜਿਸ ਕਰ ਕੇ ਦੋ ਵਾਰੀ ਲੜਕੇ ਦਾ ਕੈਨੇਡਾ ਦਾ ਵੀਜ਼ਾ ਹੀ ਰਿਫਿਊਜ਼ ਹੋ ਗਿਆ ਅਤੇ ਇਸ ਮਗਰੋਂ ਅਸੀਂ ਆਪਣੇ ਪੱਧਰ 'ਤੇ ਲੜਕੇ ਦੀ ਫਾਈਲ ਲਾ ਕੇ ਉਸ ਨੂੰ ਕੈਨੇਡਾ ਤਾਂ ਭੇਜ ਦਿੱਤਾ ਪਰ ਕੈਨੇਡਾ ਦੀ ਧਰਤੀ 'ਤੇ ਪੈਰ ਧਰਦਿਆਂ ਹੀ ਲੜਕੇ ਹਰਮੀਤ 'ਤੇ ਮੁਸੀਬਤਾਂ ਦਾ ਪਹਾੜ ਉਦੋਂ ਹੋਰ ਟੁੱਟ ਪਿਆ, ਜਦੋਂ ਨੂੰਹ ਨੇ ਕਥਿਤ ਤੌਰ 'ਤੇ ਪਹਿਲੇ ਦਿਨ ਹੀ ਉਸ ਨਾਲ ਮਾੜਾ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਇੱਥੇ ਹੀ ਬਸ ਨਹੀਂ ਹਰਮੀਤ ਕੋਲੋਂ ਸਾਰੇ ਪੈਸੇ ਵੀ ਲੈ ਲਏ ਅਤੇ ਉਸ ਨੂੰ ਕੈਨੇਡਾ ਦੀ ਜੇਲ 'ਚ ਬੰਦ ਕਰਵਾ ਦਿੱਤਾ। ਉਨ੍ਹਾਂ ਨੇ ਭਰੇ ਮਨ ਨਾਲ ਦੱਸਿਆ ਕਿ ਕੈਨੇਡਾ ਦੀ ਜੇਲ 'ਚੋਂ ਕਢਵਾਉਣ ਲਈ ਹੀ ਅਨੇਕਾਂ ਤਰਲੇ ਤਾਂ ਕਰਨੇ ਹੀ ਪਏ ਸਗੋਂ ਪੈਸੇ ਵੀ ਖਰਚ ਕੀਤੇ, ਮਸਾਂ ਹਰਮੀਤ ਜੇਲ 'ਚੋਂ ਬਾਹਰ ਨਿਕਲਿਆ। ਹੁਣ ਹਰਮੀਤ ਕੈਨੇਡਾ ਦੀ ਧਰਤੀ 'ਤੇ ਆਪਣੀ ਜ਼ਿੰਦਗੀ ਦੇ ਦਿਨ ਕੱਟ ਰਿਹਾ ਹੈ।
ਨੂੰਹ ਦੀ ਫੀਸ ਭਰਨ ਲਈ ਵੇਚਿਆ ਟਰੈਕਟਰ
ਪੀੜਤ ਮੁਖਤਿਆਰ ਸਿੰਘ ਨੇ ਕਿਹਾ ਕਿ ਨੂੰਹ ਦੀ ਫੀਸ ਭਰਨ ਦੇ ਚੱਕਰ 'ਚ ਪਰਿਵਾਰ ਕੋਲੋਂ ਟਰੈਕਟਰ ਵੀ ਵਿਕ ਗਿਆ। ਆੜ੍ਹਤੀਆਂ ਤੋਂ ਫੜੇ ਲੱਖਾਂ ਰੁਪਏ ਦਾ ਵਿਆਜ ਵੀ ਉੱਪਰੋਂ ਹੋਰ ਸਿਰ ਪੈ ਰਿਹਾ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਪੜਤਾਲ ਕਰ ਕੇ ਉਸ ਨੂੰ ਇਨਸਾਫ ਦਿਵਾਇਆ ਜਾਵੇ।
ਮਾਮਲੇ ਦੀ ਜਾਂਚ ਸ਼ੁਰੂ
ਇਸ ਮਾਮਲੇ ਦੀ ਜਾਂਚ ਕਰ ਰਹੇ ਡੀ. ਐੱਸ. ਪੀ. ਧਰਮਕੋਟ ਯਾਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਉਹ ਦੋਹਾਂ ਧਿਰਾਂ ਦੇ ਬਿਆਨ ਕਮਲਬੱਧ ਕਰ ਕੇ ਮਾਮਲੇ ਦੀ ਸੱਚਾਈ ਜਾਨਣ ਦਾ ਪਤਾ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ।
ਟਿਊਸ਼ਨ ਪੜ੍ਹ ਵਾਪਸ ਆ ਰਹੇ ਮਾਸੂਮ ’ਤੇ ਪਿਟਬੁਲ ਨੇ ਕੀਤਾ ਜਾਨਲੇਵਾ ਹਮਲਾ, ਹਾਲਤ ਗੰਭੀਰ (ਵੀਡੀਓ)
NEXT STORY