ਵਲਟੋਹਾ(ਗੁਰਮੀਤ ਸਿੰਘ) - ਨੋਵਲ ਕੋਰੋਨਾ ਵਾਇਰਸ (ਕੋਵਿਡ-19) ਤੋਂ ਬਚਾਅ ਲਈ ਸਰਕਾਰ ਵੱਲੋਂ ਲਗਾਏ ਕਰਫ਼ਿਊ ਕਾਰਨ ਜਿੱਥੇ ਲੋਕ ਪਹਿਲਾਂ ਹੀ ਬੜੀ ਮੁਸ਼ਕਿਲ ਨਾਲ ਦੋ ਵਕਤ ਦੀ ਰੋਟੀ ਖਾ ਕੇ ਗੁਜਰ ਬਸਰ ਕਰ ਰਹੇ ਹਨ। ਉਥੇ ਹੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਲੇਬਰ ਰਜਿਸਟ੍ਰੇਸ਼ਨ ਦੀ ਆੜ੍ਹ ਹੇਠ 100-100 ਰੁਪਏ ਵਸੂਲ ਕਰਕੇ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰਫ਼ਿਊ ਦੇ ਦਿਨਾਂ 'ਚ ਜਿੱਥੇ ਲੋਕ ਭੁੱਖੇ ਢਿੱਡ ਫਾਕੇ ਕੱਟਣ ਲਈ ਮਜ਼ਬੂਰ ਹਨ ਅਤੇ ਰੋਜ਼ਗਾਰ ਨਾ ਮਿਲਣ ਕਰਕੇ ਕਿਰਤੀ ਕਾਮੇ, ਮਜ਼ਦੂਰ ਆਦਿ ਵਰਗ ਬੜੀ ਮੁਸ਼ਕਿਲ ਦੇ ਦੌਰ ਵਿਚੋਂ ਲੰਘ ਰਹੇ ਹਨ। ਅਜਿਹੇ ਸਮੇਂ ਵਿਚ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡਾਂ ਵਿਚ ਕੁਝ ਸ਼ਰਾਰਤੀ ਅਨਸਰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਕੋਵਾ ਐਪ ਰਾਹੀਂ ਲੇਬਰ ਰਜਿਸਟਰ ਕਰਕੇ 100 ਰੁਪਏ ਵਸੂਲ ਰਹੇ ਹਨ ਅਤੇ ਨਾਲ ਹੀ ਦਾਅਵਾ ਕਰ ਰਹੇ ਹਨ ਰਜਿਸਟਰਡ ਹੋਣ ਉਪਰੰਤ ਇਨ੍ਹਾਂ ਮਜ਼ਦੂਰਾਂ ਦੇ ਖਾਤਿਆਂ ਵਿਚ ਸਰਕਾਰ ਵੱਲੋਂ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਭੇਜਿਆ ਜਾਵੇਗਾ। ਜਿਸ ਕਾਰਨ ਮਜ਼ਦੂਰਾਂ ਦੇ ਨਾਲ-ਨਾਲ ਹੋਰ ਵੀ ਕਿਰਤੀ ਕਾਮਿਆਂ ਵਿਚ ਇਸ ਕੋਵਾ ਐਪ ਰਾਹੀਂ ਰਜਿਸਟ੍ਰੇਸ਼ਨ ਕਰਵਾਉਣ ਦੀ ਹੋੜ ਲੱਗੀ ਹੋਈ ਹੈ ਅਤੇ ਇਨ੍ਹਾਂ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਅਜਿਹੇ ਲੁੱਟ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਕੀ ਕਹਿੰਦੇ ਹਨ ਐੱਸ.ਡੀ.ਐੱਮ.
ਜਦੋਂ ਇਸ ਸਬੰਧੀ ਸਬ ਡਵੀਜ਼ਨਲ ਮੈਜਿਸਟ੍ਰੇਟ ਨਰਿੰਦਰ ਸਿੰਘ ਧਾਰੀਵਾਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਜਿਹੀ ਕੋਈ ਸਕੀਮ ਸ਼ੁਰੂ ਨਹੀਂ ਕੀਤੀ ਗਈ। ਜੋ ਲੋਕ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਤੋਂ ਪੈਸੇ ਵਸੂਲ ਕਰ ਰਹੇ ਹਨ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫ਼ਵਾਹਾਂ ਤੋਂ ਬਚਣ ਅਤੇ ਤੁਰੰਤ ਸਰਕਾਰੀ ਹੈਲਪਲਾਈਨ ਨਾਲ ਸੰਪਰਕ ਕਰਨ।
ਕੀ ਕਹਿੰਦੇ ਹਨ ਡੀ.ਐੱਸ.ਪੀ.
ਉਧਰ ਸਬ ਡਵੀਜ਼ਨ ਭਿੱਖੀਵਿੰਡ ਦੇ ਡੀ.ਐੱਸ.ਪੀ. ਰਾਜਬੀਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਮਸਲਾ ਹੁਣ ਮੇਰੇ ਧਿਆਨ ਵਿਚ ਆਇਆ ਹੈ ਅਤੇ ਜੋ ਕੋਈ ਅਜਿਹਾ ਕੰਮ ਕਰ ਰਿਹਾ ਹੈ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਕਿਸੇ ਧੋਖਾਧੜੀ ਦਾ ਸ਼ਿਕਾਰ ਨਾ ਬਣਨ ਅਤੇ ਘਰਾਂ ਵਿਚ ਹੀ ਰਹਿਣ।
ਮੋਹਾਲੀ 'ਚ ਕੋਰੋਨਾ ਵਾਇਰਸ ਦੇ ਤਿੰਨ ਹੋਰ ਨਵੇਂ ਮਾਮਲੇ ਆਏ ਸਾਹਮਣੇ
NEXT STORY