ਜਲੰਧਰ (ਵਰੁਣ)- ਅਮਰੀਕਾ ਦੀ ਕੈਮੀਕਲ ਕੰਪਨੀ ਦਾ ਡਿਸਟ੍ਰੀਬਿਊਟਰ ਬਣਾਉਣ ਤੇ ਪੈਟਰੋਲ ਪੰਪ ਲੈ ਕੇ ਦੇਣ ਦਾ ਝਾਂਸਾ ਦੇ ਕੇ 5 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਤਹਿਤ ਗੁੱਜਾਪੀਰ ਰੋਡ ’ਤੇ ਸਥਿਤ ਐੱਸ.ਐੱਸ. ਕੈਮੀਕਲ ਫੈਕਟਰੀ ਦੇ ਮਾਲਕ ਤੇ ਉਸ ਦੇ ਪਰਿਵਾਰਕ ਮੈਂਬਰਾਂ ’ਤੇ ਥਾਣਾ ਨੰ. 8 ’ਚ ਪਰਚਾ ਦਰਜ ਹੋਇਆ ਹੈ। ਮੁਲਜ਼ਮਾਂ ਵਿਚ ਐੱਸ.ਐੱਸ. ਕੈਮੀਕਲ ਕੰਪਨੀ ਦੇ ਮਾਲਕ ਧਰੁਵ ਦੇਵ ਸ਼ਰਮਾ, ਉਸ ਦੇ ਭਰਾ, ਪੁੱਤਰਾਂ, ਭਤੀਜੇ, ਪਤਨੀ ਤੇ ਨੂੰਹ ਦਾ ਨਾਂ ਸ਼ਾਮਲ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਅਮਿਤ ਜੈਨ ਪੁੱਤਰ ਸੋਮ ਪ੍ਰਕਾਸ਼ ਜੈਨ ਵਾਸੀ ਕ੍ਰਿਸ਼ਨਾ ਨਗਰ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਸ ਦੀ ਮੁਲਾਕਾਤ ਐੱਸ.ਐੱਸ. ਕੈਮੀਕਲ ਦੇ ਮਾਲਕ ਧਰੁਵ ਦੇਵ ਸ਼ਰਮਾ ਨਿਵਾਸੀ ਨਿਊ ਸ਼ੰਕਰ ਗਾਰਡਨ ਕਾਲੋਨੀ ਨਾਲ ਹੋਈ। ਹੌਲੀ-ਹੌਲੀ ਧਰੁਵ ਦੇਵ ਸ਼ਰਮਾ ਨੇ ਆਪਣੇ ਭਰਾ ਸ਼ਾਂਤੀ ਸਵਰੂਪ ਸ਼ਰਮਾ, ਪੁੱਤਰਾਂ ਦੀਪਕ ਅਤੇ ਪ੍ਰਵੇਸ਼ ਸ਼ਰਮਾ ਅਤੇ ਭਤੀਜੇ ਹਰਦੇਸ਼ ਸ਼ਰਮਾ ਨਾਲ ਮੁਲਾਕਾਤਾਂ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ।
ਉਕਤ ਲੋਕਾਂ ਨੇ ਉਨ੍ਹਾਂ ਨਾਲ ਅਮਰੀਕਾ ਦੀ ਇਕ ਕੈਮੀਕਲ ਕੰਪਨੀ ਦੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਹਿਣ ਲੱਗੇ ਕਿ ਉਨ੍ਹਾਂ ਨੇ ਅਮਰੀਕਾ ਦੀ ਕੈਮੀਕਲ ਕੰਪਨੀ ਦਾ ਮਾਲ ਵੇਚ ਕੇ ਕਾਫੀ ਪੈਸਾ ਕਮਾਇਆ ਹੈ ਅਤੇ ਜੇਕਰ ਉਹ ਉਕਤ ਕੰਪਨੀ ਦਾ ਡਿਸਟ੍ਰੀਬਿਊਟਰ ਬਣਦਾ ਹੈ ਤਾਂ ਉਸ ਨੂੰ ਵੀ ਕਾਫੀ ਲਾਭ ਹੋਵੇਗਾ। ਇਸ ਤੋਂ ਇਲਾਵਾ ਅਮਿਤ ਜੈਨ ਨੂੰ ਵੀ ਪੈਟਰੋਲ ਪੰਪ ਦਿਖਾ ਕੇ ਉਸ ਨਾਲ ਸੌਦਾ ਕਰਵਾ ਕੇ ਲਾਭ ਲੈਣ ਦਾ ਲਾਲਚ ਦਿੱਤਾ ਗਿਆ।
ਇਸ ਦੌਰਾਨ ਉਪਰੋਕਤ ਵਿਅਕਤੀਆਂ ਨੇ ਪਰਿਵਾਰਕ ਸਬੰਧ ਬਣਾਉਣ ਲਈ ਅਮਿਤ ਜੈਨ ਨੂੰ ਆਪਣੇ ਘਰ ਬੁਲਾਉਣਾ ਸ਼ੁਰੂ ਕਰ ਦਿੱਤਾ ਤੇ ਫਿਰ
ਇਹ ਵੀ ਪੜ੍ਹੋ- ਮੁਲਜ਼ਮਾਂ ਨੂੰ ਫੜਨ ਗਈ ਪੁਲਸ ਟੀਮ ਨੂੰ ਪਿੰਡ ਵਾਲਿਆਂ ਨੇ ਪਾ ਲਿਆ ਘੇਰਾ, ਜਾਨ ਬਚਾਉਣ ਲਈ ਮੁਲਾਜ਼ਮਾਂ ਜੋ ਕੀਤਾ...
ਧਰੁਵ ਦੇਵ ਸ਼ਰਮਾ ਨੇ ਉਸ ਦੀ ਪਤਨੀ ਰੀਨਾ ਤੇ ਨੂੰਹ ਕੰਚਨ ਨਾਲ ਵੀ ਉਸ ਦੀ ਜਾਣ-ਪਛਾਣ ਕਰਵਾਈ। ਜਦੋਂ ਅਮਿਤ ਜੈਨ ਨੇ ਸ਼ਰਮਾ ਪਰਿਵਾਰ ਨਾਲ ਪਰਿਵਾਰਕ ਸੰਬੰਧ ਬਣਾਏ ਤਾਂ ਉਹ ਉਨ੍ਹਾਂ ਦੇ ਪ੍ਰਭਾਵ ਵਿਚ ਆ ਗਿਆ ਤੇ ਉਨ੍ਹਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਚੈੱਕਾਂ ਰਾਹੀਂ ਕੁੱਲ 5 ਕਰੋੜ ਰੁਪਏ ਦਿੱਤੇ।
ਅਮਿਤ ਦਾ ਕਹਿਣਾ ਹੈ ਕਿ ਜਦੋਂ 5 ਕਰੋੜ ਰੁਪਏ ਲੈ ਕੇ ਕੋਈ ਕੰਮ ਨਹੀਂ ਹੋਇਆ ਤਾਂ ਪੁੱਛਣ ’ਤੇ ਉਹ ਟਾਲ-ਮਟੋਲ ਕਰਨ ਲੱਗੇ। ਸ਼ੱਕ ਪੈਣ ’ਤੇ ਅਮਿਤ ਜੈਨ ਨੇ ਇਸ ਦੀ ਸ਼ਿਕਾਇਤ ਪੁਲਸ ਅਧਿਕਾਰੀਆਂ ਨੂੰ ਕੀਤੀ, ਜਿਸ ਤੋਂ ਬਾਅਦ ਅਮਿਤ ਜੈਨ ਦੇ ਬਿਆਨਾਂ ’ਤੇ ਧਰੁਵ ਦੇਵ ਸ਼ਰਮਾ, ਉਸ ਦੀ ਪਤਨੀ ਰੀਨਾ ਸ਼ਰਮਾ, ਬੇਟੇ ਦੀਪਕ ਅਤੇ ਪ੍ਰਵੇਸ਼ ਸ਼ਰਮਾ, ਦੀਪਕ ਦੀ ਪਤਨੀ ਕੰਚਨ ਸ਼ਰਮਾ, ਧਰੁਵ ਦੇਵ ਦਾ ਭਰਾ ਸ਼ਾਂਤੀ ਸਵਰੂਪ ਸ਼ਰਮਾ ਦੇ ਖਿਲਾਫ ਥਾਣਾ 8 ਵਿਚ ਧਾਰਾ 406, 420 ਦਰਜ ਕਰ ਲਿਆ। ਫਿਲਹਾਲ ਉਕਤ ਲੋਕਾਂ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕਈ ਵਾਰ ਪੈਸਿਆਂ ਦੇ ਲੈਣ-ਦੇਣ ਦੌਰਾਨ ਪੈਸੇ ਲੈਣ ਵਾਲੇ ਲੋਕਾਂ ਨੇ ਐੱਸ.ਐੱਸ. ਕੈਮੀਕਲ ਵਿਚ ਹੰਗਾਮਾ ਵੀ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਨਾਮਜ਼ਦ ਹੋਣ ਤੋਂ ਬਾਅਦ ਪੂਰਾ ਪਰਿਵਾਰ ਫਰਾਰ ਹੋ ਗਿਆ ਹੈ।
ਇਹ ਵੀ ਪੜ੍ਹੋ- ਕੁੜੀ ਨੂੰ ਬਾਈਕ ਨਾਲ ਘੜੀਸਣ ਵਾਲੇ ਚੜ੍ਹੇ ਪੁਲਸ ਦੇ ਅੜਿੱਕੇ, ਦੇਖੋ ਮੁਲਜ਼ਮਾਂ ਦਾ ਹੁਣ ਕੀ ਹੋਇਆ ਹਾਲ...
100 ਕਰੋੜ ਤੋਂ ਵੱਧ ਦੀ ਕੀਤੀ ਧੋਖਾਧੜੀ
ਸੂਤਰਾਂ ਦੀ ਮੰਨੀਏ ਤਾਂ ਸ਼ਰਮਾ ਪਰਿਵਾਰ ਵੱਲੋਂ 100 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਕੀਤੀ ਗਈ ਹੈ। ਹਾਲਾਂਕਿ ਇਹ ਖੁਲਾਸਾ ਕਰਨ ਤੋਂ ਬਾਅਦ ਸਿਰਫ ਇਕ ਪੀੜਤ ਸਾਹਮਣੇ ਆਇਆ ਹੈ ਪਰ ਜੇਕਰ ਸੂਤਰਾਂ ਦੀ ਮੰਨੀਏ ਤਾਂ ਆਉਣ ਵਾਲੇ ਸਮੇਂ ’ਚ ਕਈ ਪੀੜਤ ਸਾਹਮਣੇ ਆ ਸਕਦੇ ਹਨ ਅਤੇ ਵੱਖ-ਵੱਖ ਖੁਲਾਸੇ ਕਰ ਸਕਦੇ ਹਨ।
ਸੂਤਰਾਂ ਦਾ ਦਾਅਵਾ ਹੈ ਕਿ ਸ਼ਰਮਾ ਪਰਿਵਾਰ ਨੇ ਲੋਕਾਂ ਤੋਂ ਕਰੋੜਾਂ ਰੁਪਏ ਦੀ ਉਗਰਾਹੀ ਕੀਤੀ ਹੈ ਜਦਕਿ ਕਈ ਲੋਕਾਂ ਤੋਂ ਕਰੋੜਾਂ ਰੁਪਏ ਦੀ ਨਕਦੀ ਵੀ ਵਿਆਜ ਸਮੇਤ ਲੈ ਲਈ ਹੈ, ਜੋ ਉਨ੍ਹਾਂ ਨੇ ਵਾਪਸ ਨਹੀਂ ਕੀਤੀ। ਪਿਛਲੇ ਤਿੰਨ ਮਹੀਨਿਆਂ ਤੋਂ ਪੀੜਤ ਆਪਣੇ ਪੈਸੇ ਲੈਣ ਲਈ ਐੱਸ.ਐੱਸ. ਕੈਮੀਕਲ ਇੰਡਸਟਰੀ ਦੇ ਮਾਲਕ ਦੇ ਘਰ ਦੇ ਚੱਕਰ ਲਾ ਰਹੇ ਹਨ।
ਲੈਬਾਰਟਰੀ ਦੇ ਮਾਲਕ ਸ਼ਾਂਤੀ ਸਵਰੂਪ ਸ਼ਰਮਾ ਆਈ.ਐੱਸ.ਆਈ. ਨੰਬਰ ਦਿਵਾਉਣ ਦੇ ਨਾਂ ’ਤੇ ਵੀ ਲੋਕਾਂ ਤੋਂ ਇਕੱਠੇ ਕਰ ਚੁੱਕਾ ਹੈ ਕਰੋੜਾਂ ਰੁਪਏ
ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਸ਼ਾਂਤੀ ਸਵਰੂਪ ਸ਼ਰਮਾ ਟਰਾਂਸਪੋਰਟ ਨਗਰ ਵਿਚ ਇਕ ਲੈਬਾਰਟਰੀ ਚਲਾਉਂਦਾ ਹੈ, ਜਿਸ ਵਿਚ ਵੱਖ-ਵੱਖ ਉਤਪਾਦਾਂ ਦੀ ਜਾਂਚ ਕਰ ਕੇ ਆਈ.ਐੱਸ.ਆਈ. ਨਿਸ਼ਾਨ ਦਾ ਨੰਬਰ ਦਿੱਤਾ ਜਾਂਦਾ ਹੈ। ਸ਼ਾਂਤੀ ਸਵਰੂਪ ਸ਼ਰਮਾ ਨੇ ਵਿਭਾਗ ਦੇ ਕੁਝ ਮੁਲਾਜ਼ਮਾਂ ਨਾਲ ਮਿਲ ਕੇ ਕਈ ਫੈਕਟਰੀ ਮਾਲਕਾਂ ਦੇ ਉਤਪਾਦ ਪਾਸ ਕੀਤੇ ਸਨ, ਜਿਨ੍ਹਾਂ ਵਿਚ ਕੋਈ ਨਾ ਕੋਈ ਨੁਕਸ ਸੀ ਤੇ ਬਦਲੇ ਵਿਚ ਉਹ ਇਕ ਫੈਕਟਰੀ ਮਾਲਕ ਤੋਂ ਲੱਖਾਂ ਰੁਪਏ ਵਸੂਲਦਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੱਧੀ ਰਾਤੀਂ ਆਏ ਹਨੇਰੀ-ਝੱਖੜ ਕਾਰਨ ਸ਼ਹਿਰ 'ਚ ਹੋਇਆ BlackOut, ਟੁੱਟ ਕੇ ਡਿੱਗੇ ਖੰਭੇ ਤੇ ਤਾਰਾਂ
NEXT STORY