ਲੁਧਿਆਣਾ (ਵਿੱਕੀ) : 'ਪੀਰੀਅਡਸ' ਦੇ ਦਿਨਾਂ 'ਚ ਵਿਦਿਆਰਥਣਾਂ ਨੂੰ ਹੋਣ ਵਾਲੀ ਪਰੇਸ਼ਾਨੀ ਤੇ ਉਨ੍ਹਾਂ ਦੀ ਸਿਹਤ ਤੇ ਸਫਾਈ ਦਾ ਧਿਆਨ ਰੱਖਣ ਲਈ ਸਰਕਾਰ ਨੇ ਕਦਮ ਵਧਾਏ ਹਨ। ਇਸ ਲੜੀ ਤਹਿਤ ਸਕੂਲ ਸਿੱਖਿਆ ਵਲੋਂ ਸੂਬੇ ਦੇ 22 ਜ਼ਿਲਿਆਂ ਦੇ ਸਾਰੇ ਸਰਕਾਰੀ ਸਕੂਲਾਂ 'ਚ 6ਵੀਂ ਤੋਂ 12ਵੀਂ ਕਲਾਸ ਤੱਕ ਪੜ੍ਹਨ ਵਾਲੀਆਂ ਲਗਭਗ 6.22 ਲੱਖ ਵਿਦਿਆਰਥਣਾਂ ਨੂੰ ਮੁਫਤ ਸੈਨੇਟਰੀ ਨੈਪਕਿਨ (ਪੈਡ) ਉਪਲਬਧ ਕਰਵਾਏ ਜਾਣਗੇ। ਡੀ. ਜੀ. ਐੱਸ. ਈ. ਵਲੋਂ ਸਕੂਲਾਂ ਨੂੰ ਉਕਤ ਬਾਰੇ ਨਿਰਦੇਸ਼ ਦੇਣ ਦੇ ਨਾਲ ਹੀ ਕਈ ਜ਼ਿਲਿਆਂ 'ਚ ਸੈਨੇਟਰੀ ਨੈਪਕਿਨ ਪਹੁੰਚਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਜਾਣਕਾਰੀ ਮੁਤਾਬਕ ਲੁਧਿਆਣਾ, ਪਠਾਨਕੋਟ, ਫਤਿਹਗੜ੍ਹ ਸਾਹਿਬ ਸਮੇਤ 8 ਜ਼ਿਲਿਆਂ ਦੇ ਸਰਕਾਰੀ ਸਕੂਲਾਂ 'ਚ ਵਿਦਿਆਰਥਣਾਂ ਲਈ ਸੈਨੇਟਰੀ ਨੈਪਕਿਨ ਪਹੁੰਚ ਚੁੱਕੇ ਹਨ। ਜਦਕਿ ਹੋਰ ਜ਼ਿਲਿਆਂ 'ਚ ਸੈਨੇਟਰੀ ਪੈਡ ਪਹੁੰਚਾਉਣ ਦੀ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ।
ਪ੍ਰਤੀ ਪੈਕੇਟ 'ਚ ਹੋਣਗੇ 6 ਪੈਡ
ਜਾਣਕਾਰੀ ਮੁਤਾਬਕ ਵਿਭਾਗ ਨੇ ਪਹਿਲੇ ਪੜਾਅ 'ਚ ਸਾਰੇ 22 ਜ਼ਿਲਿਆਂ ਦੀ 6ਵੀਂ ਤੋਂ 12ਵੀਂ ਤੱਕ ਦੀਆਂ ਵਿਦਿਆਰਥਣਾਂ ਲਈ 3 ਮਹੀਨਿਆਂ ਦੇ ਹਿਸਾਬ ਨਾਲ ਲਗਭਗ 1.12 ਕਰੋੜ ਸੈਨੇਟਰੀ ਪੈਡ ਦੇ ਪੈਕੇਟ ਤਿਆਰ ਕਰਵਾਏ ਹਨ। ਇਸ ਲਈ ਇਕ ਨਿੱਜੀ ਕੰਪਨੀ ਨੂੰ ਆਰਡਰ ਜਾਰੀ ਕੀਤਾ ਗਿਆ ਹੈ। ਵਿਭਾਗ ਤੋਂ ਮਿਲੀ ਸੂਚਨਾ ਦੇ ਮੁਤਾਬਕ ਹਰੇਕ ਸਰਕਾਰੀ ਸਕੂਲ 'ਚ ਪਹਿਲੇ ਪੜਾਅ 'ਚ 3 ਪੈਕੇਟ ਹਰੇਕ ਵਿਦਿਆਰਥਣ ਨੂੰ ਦਿੱਤੇ ਜਾਣਗੇ। ਵਿਦਿਆਰਥਣਾਂ ਨੂੰ ਦਿੱਤੇ ਜਾਣ ਵਾਲੇ ਇਨ੍ਹਾਂ ਪੈਕੇਟਾਂ 'ਚ ਪ੍ਰਤੀ ਪੈਕੇਟ 6 ਪੈਡ ਮੁਹੱਈਆ ਕਰਵਾਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਅਗਲੇ 3 ਮਹੀਨਿਆਂ ਦੇ ਬਾਅਦ ਫਿਰ ਤੋਂ ਵਿਦਿਆਰਥਣਾਂ ਨੂੰ ਸਕੂਲਾਂ 'ਚ ਸੈਨੇਟਰੀ ਨੈਪਕਿਨ ਪਹੁੰਚਾਏ ਜਾਣਗੇ। ਪਹਿਲੇ ਪੜਾਅ 'ਚ ਸਾਲ 'ਚ ਉਕਤ ਪ੍ਰਕਿਰਿਆ ਚਾਰ ਵਾਰ ਚੱਲੇਗੀ।
ਵਿਦਿਆਰਥਣਾਂ 'ਤੇ ਇਹ ਪੈਂਦਾ ਹੈ ਅਸਰ
ਅਧਿਆਪਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਈ ਵਿਦਿਆਰਥਣਾਂ ਇਸ ਤਰ੍ਹਾਂ ਦੀਆਂ ਹਨ, ਜੋ 'ਪੀਰੀਅਡਸ' ਦੇ ਦਿਨਾਂ 'ਚ ਸਕੂਲ ਨਹੀਂ ਆਉਂਦੀਆਂ। ਉਥੇ ਬਾਜ਼ਾਰ 'ਚ ਸੈਨੇਟਰੀ ਪੈਡ ਮਹਿੰਗਾ ਹੋਣ ਦੇ ਕਾਰਨ ਹਰ ਵਿਦਿਆਰਥਣ ਇਸ ਨੂੰ ਖਰੀਦ ਨਹੀਂ ਸਕਦੀ। ਸਕੂਲਾਂ 'ਚ ਪਹਿਲਾਂ ਤੋਂ ਕੋਈ ਇੰਤਜ਼ਾਮ ਨਾ ਹੋਣ ਕਾਰਨ ਵਿਦਿਆਰਥਣਾਂ ਨੂੰ ਪਰੇਸ਼ਾਨੀ ਵੀ ਹੁੰਦੀ ਹੈ। ਉਥੇ ਉਨ੍ਹਾਂ ਦੀ ਪੜ੍ਹਾਈ ਵੀ 2-3 ਦਿਨਾਂ ਤੱਕ ਪਿੱਛੇ ਰਹਿ ਜਾਂਦੀ ਸੀ ਪਰ ਹੁਣ ਸਰਕਾਰ ਤੇ ਵਿਭਾਗ ਦੀ ਇਸ ਪਹਿਲ ਨਾਲ ਸਕੂਲਾਂ 'ਚ ਵਿਦਿਆਰਥਣਾਂ ਦੀ ਹਾਜ਼ਰੀ ਵੀ ਪੂਰੀ ਰਹੇਗੀ।
ਗੁਲਜਾਰ ਸਿੰਘ ਰਣੀਕੇ ਨੇ ਬਾਘਾਪੁਰਾਣਾ ਤੋਂ ਸ਼ੁਰੂ ਕੀਤਾ ਆਪਣਾ ਚੋਣ ਪ੍ਰਚਾਰ
NEXT STORY