ਲੁਧਿਆਣਾ (ਤਰੁਣ) - 10 ਫਰਵਰੀ ਦੀ ਰਾਤ ਨੂੰ ਸਲੇਮ ਟਾਬਰੀ ਪੁਰਾਣੀ ਸਬਜ਼ੀ ਮੰਡੀ 'ਚ ਸਤਪਾਲ ਉਰਫ ਘੋਘਾ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ ਪੁਲਸ ਨੇ ਸਲੇਮ ਟਾਬਰੀ ਇਲਾਕੇ 'ਚੋਂ ਕਾਬੂ ਕਰ ਲਿਆ ਹੈ। ਇਸ ਗੱਲ ਦਾ ਖੁਲਾਸਾ ਪ੍ਰੈੱਸ ਕਾਨਫਰੰਸ ਕਰਦਿਆਂ ਏ. ਡੀ. ਸੀ. ਪੀ. ਗੁਰਪ੍ਰੀਤ ਸਿੰਘ ਸਿਕੰਦ, ਏ. ਸੀ. ਪੀ. ਲਖਵੀਰ ਸਿੰਘ ਟਿਵਾਣਾ ਅਤੇ ਥਾਣਾ ਦਰੇਸੀ ਇੰਚਾਰਜ ਰਾਜਵੰਤ ਸਿੰਘ ਵਲੋਂ ਕੀਤਾ ਗਿਆ ਹੈ। ਪੁਲਸ ਨੇ ਮ੍ਰਿਤਕ ਦੇ ਭਤੀਜੇ ਸੰਦੀਪ ਸਿੰਘ ਦੇ ਬਿਆਨਾਂ 'ਤੇ ਮੁਲਜ਼ਮ ਬ੍ਰਿਜੇਸ਼ ਕੁਮਾਰ ਵਾਸੀ ਸਲੇਮ ਟਾਬਰੀ ਖਿਲਾਫ ਮਾਮਲਾ ਦਰਜ ਕੀਤਾ ਹੈ। ਏ. ਡੀ. ਸੀ. ਪੀ. ਨੇ ਦੱਸਿਆ ਕਿ ਸਤਪਾਲ (50) ਸਾਲ ਅਜੇ ਕੁਵਾਰਾ ਸੀ ਅਤੇ ਉਹ 20-25 ਸਾਲਾਂ ਤੋਂ ਪੁਰਾਣੀ ਸਬਜ਼ੀ ਮੰਡੀ 'ਚ ਪੱਲੇਦਾਰੀ ਅਤੇ ਮਜ਼ਦੂਰੀ ਦਾ ਕੰਮ ਕਰਕੇ ਗੁਜ਼ਰ-ਬਸਰ ਕਰ ਰਿਹਾ ਸੀ। ਸਲੇਮ ਟਾਬਰੀ ਪੈਟਰੋਲ ਪੰਪ 'ਤੇ ਕੰਮ ਕਰਨ ਵਾਲੇ ਬ੍ਰਿਜੇਸ਼ ਨਾਲ ਉਸ ਦੀ ਦੋਸਤੀ ਹੋਈ। ਪੰਪ ਦੇ ਪਿੱਛੇ ਹੀ ਰਹਿਣ ਲਈ ਕੁਆਰਟਰ ਬਣੇ ਹੋਏ ਸਨ। ਸਤਪਾਲ ਅਤੇ ਬ੍ਰਿਜੇਸ਼ ਰਾਤ ਨੂੰ ਉਥੇ ਸ਼ਰਾਬ ਪੀਂਦੇ ਸਨ।ਸਤਪਾਲ ਹਮੇਸ਼ਾ ਬ੍ਰਿਜੇਸ਼ 'ਤੇ ਰੋਹਬ ਝਾੜਦਾ ਸੀ। 10 ਫਰਵਰੀ ਦੀ ਰਾਤ ਕਿਸੇ ਗੱਲ ਨੂੰ ਲੈ ਕੇ ਸਤਪਾਲ ਨੇ ਬ੍ਰਿਜੇਸ਼ 'ਤੇ ਰੋਹਬ ਝਾੜਿਆ, ਜਿਸ ਕਾਰਨ ਦੋਵਾਂ 'ਚ ਤੂੰ ਤੂੰ-ਮੈਂ ਮੈਂ ਹੋ ਗਈ। ਗੁੱਸੇ 'ਚ ਆ ਕੇ ਬ੍ਰਿਜੇਸ਼ ਨੇ ਬੇਸਬਾਲ ਦੇ ਡੰਡੇ ਨਾਲ ਸਤਪਾਲ ਦੇ ਮੂੰਹ 'ਤੇ ਕਈ ਵਾਰ ਕਰ ਦਿੱਤੇ ਸਨ, ਜਿਸ ਕਾਰਨ ਸਤਪਾਲ ਦੀ ਮੌਤ ਹੋ ਗਈ। ਬ੍ਰਿਜੇਸ਼ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਦੀ ਲਾਸ਼ ਨੂੰ ਮੰਝੇ ਹੇਠਾਂ ਲੁਕੋ ਕੇ ਫਰਾਰ ਹੋ ਗਿਆ।
24 ਘੰਟਿਆਂ 'ਚ ਪੁਲਸ ਨੇ ਫੜਿਆ ਮੁਲਜ਼ਮ
ਥਾਣਾ ਇੰਚਾਰਜ ਰਜਵੰਤ ਸਿੰਘ ਨੇ ਦੱਸਿਆ ਕਿ ਬ੍ਰਿਜੇਸ਼ ਮੂਲ ਰੂਪ 'ਚ ਯੂ. ਪੀ. ਦਾ ਰਹਿਣ ਵਾਲਾ ਹੈ। ਕਤਲ ਕਰਨ ਤੋਂ ਬਾਅਦ ਬ੍ਰਿਜੇਸ਼ ਭੱਜਣ ਦੀ ਤਾਕ ਵਿਚ ਸੀ, ਜਿਸ ਨੂੰ ਪੁਲਸ ਨੇ 24 ਘੰਟਿਆਂ ਅੰਦਰ ਕਾਬੂ ਕਰ ਲਿਆ ਗਿਆ। ਹਾਲਾਂਕਿ ਕਤਲ ਦੇ ਦਿਨ ਪੁਲਸ ਨੂੰ ਮ੍ਰਿਤਕ ਦੀ ਪਛਾਣ ਜੁਟਾਉਣ 'ਚ ਕਾਫੀ ਮੁਸ਼ੱਕਤ ਕਰਨੀ ਪਈ ਪਰ ਜਦ ਮ੍ਰਿਤਕ ਦੀ ਪਛਾਣ ਹੋਈ ਤਾਂ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। ਪੁਲਸ ਨੇ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ 2 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ।
ਲਾਸ਼ ਨੂੰ ਕੀਤਾ ਰਿਸ਼ਤੇਦਾਰਾਂ ਦੇ ਹਵਾਲੇ
ਮੰਗਲਵਾਰ ਨੂੰ ਸਤਪਾਲ ਦਾ ਸਿਵਲ ਹਸਪਤਾਲ ਤੋਂ ਪੋਸਟਮਾਟਰਮ ਕਰਵਾਇਆ ਗਿਆ। ਡਾਕਟਰਾਂ ਅਨੁਸਾਰ ਖੂਨ ਜ਼ਿਆਦਾ ਵਹਿਣ ਕਾਰਨ ਸਤਪਾਲ ਦੀ ਮੌਤ ਹੋਈ ਹੈ। ਪੁਲਸ ਨੇ ਲਾਸ਼ ਨੂੰ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤਾ ਹੈ। ਮੰਗਲਵਾਰ ਨੂੰ ਸਤਪਾਲ ਦੇ ਭਤੀਜੇ ਅਤੇ ਪਰਿਵਾਰ ਨੇ ਸਸਕਾਰ ਕੀਤਾ ਹੈ।
ਲੁਧਿਆਣਾ ਗੈਂਗਰੇਪ ਮਾਮਲਾ : ਸ਼ੱਕ ਦੇ ਆਧਾਰ 'ਤੇ ਚੁੱਕੇ ਨੌਜਵਾਨ ਰਿਹਾਅ
NEXT STORY