ਚੰਡੀਗੜ੍ਹ (ਪਰਾਸ਼ਰ) — ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਉਸ ਨੂੰ ਪੰਜਾਬ ਪੁਲਸ ਤੇ ਇਸ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਦੀ ਕਾਬਲੀਅਤ 'ਤੇ ਪੂਰਾ ਭਰੋਸਾ ਹੈ। ਇਸ ਲਈ 'ਆਪ' ਤੇ ਕੁਝ ਹੋਰਾਂ ਵੱਲੋਂ ਯੂ. ਕੇ. ਦੇ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ ਜੱਗੀ ਦੀ ਪੰਜਾਬ 'ਚ ਹਿੰਦੂ ਆਗੂਆਂ ਦੇ ਕਤਲ 'ਚ ਗ੍ਰਿਫ਼ਤਾਰੀ ਤੇ ਇਸ ਮਾਮਲੇ ਦੀ ਸਾਂਝੀ ਜਾਂਚ ਕੀਤੇ ਜਾਣ ਦੀ ਮੰਗ ਦਾ ਅਸੀਂ ਪੂਰੀ ਤਰ੍ਹਾਂ ਵਿਰੋਧ ਕਰਦੇ ਹਾਂ। ਅੱਜ ਇਥੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਨੇ ਅੱਤਵਾਦ ਦੀ ਲੜਾਈ ਬਹੁਤ ਜੱਦੋਜਹਿਦ ਤੋਂ ਬਾਅਦ ਜਿੱਤੀ ਹੈ ਤੇ ਇਥੋਂ ਦਾ ਕੋਈ ਵੀ ਨਾਗਰਿਕ ਨਹੀਂ ਚਾਹੁੰਦਾ ਕਿ ਉਹ ਕਾਲੇ ਦਿਨ ਵਾਪਸ ਆਉਣ ਪਰ ਇਸ ਦੇ ਨਾਲ ਹੀ ਇਨ੍ਹਾਂ ਕਤਲਾਂ 'ਚ ਜੱਗੀ ਦੀ ਭੂਮਿਕਾ ਨੂੰ ਲੈ ਕੇ ਲਈ ਪ੍ਰਸ਼ਨ ਕੀਤੇ ਜਾ ਰਹੇ ਹਨ। ਯੂ. ਕੇ. ਦੀ ਪ੍ਰਧਾਨ ਮੰਤਰੀ ਥੇਰੇਸਾ ਮੇ ਨੇ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ ਤੇ ਕੈਨੇਡਾ, ਨਿਊਜ਼ੀਲੈਂਡ ਤੇ ਆਸਟ੍ਰੇਲੀਆ 'ਚ ਵੀ ਜੱਗੀ ਨੂੰ ਕਥਿਤ ਤੌਰ 'ਤੇ ਦਿੱਤੇ ਗਏ ਤਸੀਹਿਆਂ ਨੂੰ ਲੈ ਕੇ ਸਵਾਲ ਉਠ ਰਹੇ ਹਨ। ਇਸ ਕੇਸ ਦਾ ਪੰਜਾਬ ਦੇ ਅਕਸ ਨਾਲ ਵੀ ਸਬੰਧ ਹੈ, ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਕੇਸ ਨਾਲ ਸਬੰਧਿਤ ਸਾਰੇ ਤੱਥ ਅਸੈਂਬਲੀ 'ਚ ਪੇਸ਼ ਕਰੇ।
ਮਜੀਠੀਆ, ਅਜੀਤ ਸਿੰਘ ਕੋਹਾੜ ਤੇ ਸੋਮ ਪ੍ਰਕਾਸ਼ ਸਮੇਤ ਅਕਾਲੀ ਦਲ-ਭਾਜਪਾ ਦੇ ਇਕ ਵਫ਼ਦ ਨੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਕਿਹਾ ਕਿ ਕਾਂਗਰਸ ਸਰਕਾਰ ਨੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਖਿਲਾਫ ਸਪਲੀਮੈਂਟਰੀ ਚਲਾਨ ਪੇਸ਼ ਕਰਨ ਤੋਂ ਇਨਕਾਰ ਕਰਕੇ ਸਾਬਤ ਕਰ ਦਿੱਤਾ ਹੈ ਕਿ ਦੋਵੇਂ ਪਾਰਟੀਆਂ ਆਪਸ 'ਚ ਫ੍ਰੈਂਡਲੀ ਮੈਚ ਖੇਡ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੇਠਲੀ ਅਦਾਲਤ ਵੱਲੋਂ ਸੁਖਪਾਲ ਖਹਿਰਾ ਵਿਰੁੱਧ ਲਾਏ ਗਏ ਗੰਭੀਰ ਦੋਸ਼ਾਂ ਦੇ ਬਾਵਜੂਦ ਸੂਬਾ ਸਰਕਾਰ ਨੇ ਹਾਲੇ ਤੱਕ ਖਹਿਰਾ ਖਿਲਾਫ ਸਪਲੀਮੈਂਟਰੀ ਚਲਾਨ ਪੇਸ਼ ਨਹੀਂ ਕੀਤਾ ਹੈ। ਅਕਾਲੀ-ਭਾਜਪਾ ਗੱਠਜੋੜ ਸੂਬੇ ਦੇ ਕਿਸਾਨਾਂ ਦੇ ਹਾਲਾਤ 'ਤੇ ਵੀ ਚਰਚਾ ਕਰਨਾ ਚਾਹੁੰਦਾ ਹੈ। ਇਨ੍ਹਾਂ ਨੇਤਾਵਾਂ ਨੇ ਕਿਹਾ ਕਿ ਸਰਕਾਰ ਆਪਣੇ ਕਰਜ਼ਾ ਮੁਆਫੀ ਦੇ ਵਾਅਦੇ ਨੂੰ ਪੂਰਾ ਕਰਨ 'ਚ ਅਸਮਰੱਥ ਰਹੀ ਹੈ। ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਆਰਥਿਕ ਮਦਦ ਦੇਣ ਤੋਂ ਵੀ ਸਰਕਾਰ ਇਨਕਾਰ ਕਰ ਰਹੀ ਹੈ। ਪ੍ਰਸਤਾਵਿਤ ਪਕੋਕਾ ਕਾਨੂੰਨ ਦੀਆਂ ਸਾਰੀਆਂ ਮੱਦਾਂ ਵੀ ਜਨਤਕ ਕੀਤੀ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ, ਪਕੋਕਾ ਐਕਟ ਤੇ ਪ੍ਰਦੇਸ਼ 'ਚ ਰੋਕੇ ਗਏ ਸਾਰੇ ਵਿਕਾਸ ਕਾਰਜਾਂ 'ਤੇ ਚਰਚਾ ਲਈ ਸਦਨ ਦਾ 3 ਦਿਨਾਂ ਸਰਦ ਰੁੱਤ ਸੈਸ਼ਨ ਹੋਰ ਲੰਬਾ ਕੀਤਾ ਜਾਣਾ ਚਾਹੀਦਾ ਹੈ।
ਸੈਲਰੀ ਨਾ ਮਿਲਣ 'ਤੇ ਭੜਕਿਆ ਨਗਰ ਨਿਗਮ ਦਾ ਸਟਾਫ
NEXT STORY