ਖੰਨਾ (ਬਿਪਨ) : ਲੇਹ ਲੱਦਾਖ 'ਚ ਡਿਊਟੀ ਦੌਰਾਨ ਸ਼ਹੀਦ ਹੋਏ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਖੰਨਾ ਦੇ ਪਿੰਡ ਸਲੌਦੀ ਦੇ ਫੌਜੀ ਸਵਰਨਜੀਤ ਸਿੰਘ ਦੀ ਲਾਸ਼ ਤਿਰੰਗੇ 'ਚ ਲਿਪਟ ਕੇ ਪਿੰਡ ਪੁੱਜੀ ਤਾਂ ਸਾਰਾ ਪਿੰਡ ਰੋ ਉਠਿਆ। ਸਰਕਾਰੀ ਸਨਮਾਨਾਂ ਦੇ ਨਾਲ ਸ਼ਹੀਦ ਦਾ ਅੰਤਿਮ ਸੰਸਕਾਰ ਕੀਤਾ ਗਿਆ। ਸ਼ਹੀਦ ਦੇ ਛੋਟੇ ਭਰਾ ਸਰਬਜੀਤ ਸਿੰਘ ਨੇ ਪਿੰਡ ਵਾਸੀਆਂ ਤੋਂ ਪਰਿਵਾਰ ਦੀ ਦੇਖਭਾਲ ਕਰਨ ਦੀ ਮੰਗ ਕੀਤੀ ਤਾਂ ਜੋ ਉਹ ਸਰਹੱਦ 'ਤੇ ਦੇਸ਼ ਦੀ ਸੇਵਾ ਕਰ ਸਕੇ। ਸ਼ਹੀਦ ਸਵਰਨਜੀਤ ਸਿੰਘ ਦੀ ਲਾਸ਼ ਲੈ ਕੇ ਆਏ ਭਾਰਤੀ ਫੌਜ ਦੇ ਅਧਿਕਾਰੀ ਨੇ ਦੱਸਿਆ ਕਿ ਜਦੋਂ ਸਵਰਨਜੀਤ ਸਿੰਘ ਹੋਰ ਜਵਾਨਾਂ ਸਮੇਤ ਗੱਡੀ 'ਚ ਜਾ ਰਿਹਾ ਸੀ ਤਾਂ ਬਰਫ਼ ਡਿੱਗਣ ਨਾਲ ਗੱਡੀ ਹਾਦਸਾਗ੍ਰਸਤ ਹੋ ਕੇ ਪਲਟ ਗਈ। ਪਿੱਛੇ ਹੋਰ ਗੱਡੀ 'ਚ ਆ ਰਹੇ ਜਵਾਨ ਜਦੋਂ ਜ਼ਖਮੀਆਂ ਨੂੰ ਚੁੱਕਣ ਲਈ ਭੱਜੇ ਤਾਂ ਇਕ ਕੱਚੀ ਪਹਾੜੀ ਡਿੱਗ ਗਈ। ਜਦੋਂ ਜ਼ਖਮੀਆਂ ਨੂੰ ਹਸਪਤਾਲ ਲੈ ਕੇ ਜਾ ਰਹੇ ਸੀ ਤਾਂ ਸਵਰਨਜੀਤ ਰਸਤੇ 'ਚ ਹੀ ਸ਼ਹੀਦ ਹੋ ਗਿਆ।
ਇਹ ਵੀ ਪੜ੍ਹੋ : ਲੇਹ ਲੱਦਾਖ 'ਚ ਦੇਸ਼ ਦੀ ਰੱਖਿਆ ਕਰਦਾ ਖੰਨਾ ਦੇ ਪਿੰਡ ਸਲੌਦੀ ਦਾ ਨੌਜਵਾਨ ਹੋਇਆ ਸ਼ਹੀਦ (ਵੀਡੀਓ)
ਸ਼ਹੀਦ ਦੇ ਭਰਾ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਦੋਵੇਂ ਭਰਾ ਫੌਜ 'ਚ ਸਨ। ਉਸ ਦਾ ਭਰਾ ਸਵਰਨਜੀਤ 2008 'ਚ ਭਰਤੀ ਹੋਇਆ ਸੀ ਤੇ ਉਹ 2009 'ਚ। ਅਗਲੇ ਸਾਲ ਉਸ ਦੇ ਭਰਾ ਨੇ ਸੇਵਾਮੁਕਤ ਹੋਣਾ ਸੀ। ਉਹ ਗਰੀਬੀ ਕਾਰਨ ਫੌਜ 'ਚ ਗਏ ਸਨ। ਉਸ ਦਾ ਭਰਾ ਉਸ ਨੂੰ ਭਰਤੀ ਹੋਣ ਤੋਂ ਰੋਕਦਾ ਵੀ ਸੀ ਪਰ ਗਰੀਬੀ ਕਰਕੇ ਉਸ ਦੀ ਮਜਬੂਰੀ ਸੀ। ਸਰਬਜੀਤ ਨੇ ਰੋਂਦਿਆਂ ਕਿਹਾ ਕਿ ਹੁਣ ਪਿੰਡ ਵਾਸੀ ਉਸ ਦੇ ਪਰਿਵਾਰ ਦੀ ਦੇਖਭਾਲ ਕਰਨ। ਕਿਤੇ ਇਹ ਨਾ ਹੋਵੇ ਕਿ ਉਸ ਦਾ ਪਰਿਵਾਰ ਰੁਲਦਾ ਰਹੇ। ਉਹ ਤਾਂ ਹੀ ਦੇਸ਼ ਦੀ ਸੇਵਾ ਕਰ ਸਕਦਾ ਹੈ ਜੇਕਰ ਉਸ ਦਾ ਪਰਿਵਾਰ ਸੁਖੀ ਹੋਵੇਗਾ। ਸਰਪੰਚ ਮਨਦੀਪ ਕੁਮਾਰ ਨੇ ਕਿਹਾ ਕਿ ਪਿੰਡ ਵੱਲੋਂ ਸ਼ਹੀਦ ਦੇ ਪਰਿਵਾਰ ਦੀ ਦੇਖਭਾਲ ਕੀਤੀ ਜਾਵੇਗੀ ਅਤੇ ਸ਼ਹੀਦ ਦੀ ਯਾਦਗਾਰ ਵੀ ਪਿੰਡ 'ਚ ਬਣਾਈ ਜਾਵੇਗੀ। ਉਥੇ ਹੀ ਡੀ.ਐੱਸ.ਪੀ. ਰਾਜਨ ਪਰਮਿੰਦਰ ਸਿੰਘ ਨੇ ਵੀ ਇਸ ਸ਼ਹਾਦਤ ਨੂੰ ਸਲਾਮ ਕੀਤਾ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਸੰਗਰੂਰ ਜ਼ਿਮਨੀ ਚੋਣ : EC ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਸੰਗਰੂਰ ਦੇ DC ਤੋਂ ਮੰਗਿਆ ਸਪੱਸ਼ਟੀਕਰਨ, ਜਾਣੋ ਵਜ੍ਹਾ
NEXT STORY