ਜਲੰਧਰ/ਚੰਡੀਗੜ੍ਹ,(ਧਵਨ, ਅਸ਼ਵਨੀ) : ਗਲਵਾਨ ਘਾਟੀ 'ਚ ਚੀਨ ਵਲੋਂ 20 ਭਾਰਤੀ ਫੌਜੀਆਂ ਦੀ ਨਿਰਦੋਸ਼ ਹੱਤਿਆ ਕਰਨ ਨੂੰ ਗਲਤ ਕਾਰਵਾਈ ਕਰਾਰ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗ ਕੀਤੀ ਹੈ ਕਿ ਇਸ ਹਿੰਸਕ ਝੜਪ 'ਚ ਕੀਮਤੀ ਜਾਨਾਂ ਦੇ ਨੁਕਸਾਨ ਨੂੰ ਲੈ ਕੇ ਜਿੰਮੇਵਾਰੀ ਤੈਅ ਕੀਤੀ ਜਾਵੇ ਅਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੂਰਾ ਰਾਸ਼ਟਰ ਸਰਕਾਰ ਵਲੋਂ ਇਸ ਖਤਰਨਾਕ ਹਮਲੇ ਦੇ ਜਵਾਬ 'ਚ ਕਰਾਰੀ ਕਾਰਵਾਈ ਚਾਹੁੰਦਾ ਹੈ। ਕੈਪਟਨ ਅਮਰਿੰਦਰ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਮੋਰਚੇ 'ਤੇ ਮੌਜੂਦ ਫੌਜੀਆਂ ਨੂੰ ਸਪੱਸ਼ਟ ਤੌਰ 'ਤੇ ਇਹ ਸੰਦੇਸ਼ ਭੇਜਿਆ ਜਾਵੇ ਕਿ ਜੇ ਉਹ ਸਾਡਾ 1 ਫੌਜੀ ਮਾਰਨਗੇ ਤਾਂ ਅਸੀਂ ਉਨ੍ਹਾਂ ਦੇ 3 ਫੌਜੀ ਮਾਰਾਂਗੇ। ਉਨ੍ਹਾਂ ਨੇ ਕਿਹਾ ਕਿ ਉਹ ਇਕ ਸਿਆਸਤਦਾਨ ਹੋਣ ਦੇ ਨਾਤੇ ਨਹੀਂ ਬੋਲ ਰਹੇ ਹਨ ਸਗੋਂ ਉਹ ਇਨਸਾਨ ਦੇ ਰੂਪ 'ਚ ਬੋਲ ਰਹੇ ਹਨ, ਜਿਸ ਨੇ ਫੌਜ 'ਚ ਕੰਮ ਕੀਤਾ ਹੈ ਅਤੇ ਜੋ ਇਸ ਸੰਸਥਾ ਨਾਲ ਹੁਣ ਵੀ ਪਿਆਰ ਕਰਦਾ ਹੈ।
ਭਾਰਤੀ ਫੌਜੀਆਂ 'ਤੇ ਹੋਏ ਹਮਲੇ ਨੂੰ ਦੇਖਦੇ ਹੋਏ ਚੀਨੀ ਫੌਜੀਆਂ 'ਤੇ ਗੋਲੀ ਨਾ ਚਲਾਏ ਜਾਣ 'ਤੇ ਸਵਾਲ ਉਠਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੋਈ ਨਾ ਕੋਈ ਆਪਣਾ ਕੰਮ ਕਰਨ 'ਚ ਅਸਫਲ ਰਿਹਾ ਹੈ ਅਤੇ ਅਸੀਂ ਉਸ ਦਾ ਪਤਾ ਲਗਾਉਣਾ ਹੈ। ਜੇ ਫੌਜ ਦਾ ਯੂਨਿਟ ਹਥਿਆਰਬੰਦ ਸੀ, ਜਿਸ ਦਾ ਦਾਅਵਾ ਕੀਤਾ ਜਾ ਰਿਹਾ ਹੈ ਤਾਂ ਕਮਾਂਡਿੰਗ ਅਫਸਰ ਦੇ ਮਾਰੇ ਜਾਣ 'ਤੇ ਸੈਕੰਡ ਇਨ ਕਮਾਂਡ ਨੂੰ ਮੌਕੇ 'ਤੇ ਚੀਨੀ ਫੌਜੀਆਂ 'ਤੇ ਗੋਲੀ ਚਲਾਉਣ ਦੇ ਨਿਰਦੇਸ਼ ਦੇਣੇ ਚਾਹੀਦੇ ਸਨ। ਪੂਰਾ ਦੇਸ਼ ਇਹ ਜਾਣਨਾ ਚਾਹੁੰਦਾ ਹੈ ਕਿ ਸਾਡੇ ਟ੍ਰੇਂਡ ਫੌਜੀਆਂ ਨੇ ਜਵਾਬੀ ਕਾਰਵਾਈ ਕਿਉਂ ਨਹੀਂ ਕੀਤੀ ਅਤੇ ਹਥਿਆਰ ਹੋਣ ਦੇ ਬਾਵਜੂਦ ਉਨ੍ਹਾਂ ਨੇ ਗੋਲੀ ਕਿਉਂ ਨਹੀਂ ਚਲਾਈ? ਜਦੋਂ ਸਾਡੇ ਫੌਜੀ ਮਾਰੇ ਜਾ ਰਹੇ ਸਨ ਤਾਂ ਹੋਰ ਅਧਿਕਾਰੀ ਨੇੜੇ ਹੀ ਖਾਮੋਸ਼ ਕਿਉਂ ਬੈਠੇ ਹੋਏ ਸਨ। ਉਨ੍ਹਾਂ ਕਿਹਾ ਕਿ ਜੋ ਕੁਝ ਵੀ ਹੋਇਆ ਉਹ ਇਕ ਤਮਾਸ਼ਾ ਨਹੀਂ ਸੀ ਅਤੇ ਚੀਨ ਨੂੰ ਮਜ਼ਬੂਤੀ ਨਾਲ ਇਹ ਸੰਦੇਸ਼ ਦਿੱਤਾ ਜਾਣਾ ਚਾਹੀਦਾ ਹੈ ਕਿ ਭਾਰਤ ਇਸ ਮਾਮਲੇ 'ਚ ਕੋਈ ਵੀ ਕਮਜ਼ੋਰੀ ਨਹੀਂ ਦਿਖਾਏਗਾ।
ਸ਼ਹੀਦ ਹੋਏ 20 ਫੌਜੀ ਮੇਰੇ ਬੱਚਿਆਂ ਦੇ ਬਰਾਬਰ ਸਨ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚੀਨ ਨਾਲ ਹੋਈ ਝੜਪ 'ਚ ਸ਼ਹੀਦ ਹੋਏ 20 ਭਾਰਤੀ ਫੌਜੀਆਂ ਨੂੰ ਉਹ ਆਪਣੇ ਬੱਚਿਆਂ ਵਾਂਗ ਮੰਨਦੇ ਹਨ। ਉਨ੍ਹਾਂ ਕਿਹਾ ਕਿ ਜੇ ਚੀਨ ਵਿਸ਼ਵ ਸ਼ਕਤੀ ਹੈ ਤਾਂ ਕੀ ਹੋਇਆ? 60 ਸਾਲਾਂ ਦੇ ਸਿਆਸੀ ਸਬੰਧਾਂ ਨੇ ਕੁਝ ਨਹੀਂ ਕੀਤਾ ਅਤੇ ਹੁਣ ਉਨ੍ਹਾਂ ਨੂੰ ਇਹ ਦੱਸਣ ਦਾ ਸਮਾਂ ਆ ਗਿਆ ਹੈ ਕਿ ਹੁਣ ਬਹੁਤ ਕੁਝ ਬਦਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਐੱਲ. ਏ. ਸੀ. 'ਤੇ ਹਥਿਆਰਾਂ, ਪੱਥਰਾਂ ਜਾਂ ਲੋਹੇ ਦੀਆਂ ਰਾਡਾਂ ਨਾਲ ਹੋਣ ਵਾਲੇ ਕਿਸੇ ਵੀ ਹਮਲੇ ਦਾ ਜਵਾਬ ਦੇਣ 'ਚ ਪੂਰੀ ਤਰ੍ਹਾਂ ਸਮਰੱਥ ਹੈ।
ਗੁਰਪਤਵੰਤ ਪੰਨੂ ਦੀ ਟੀਮ ਖਿਲਾਫ ਅਮਰੀਕਾ ਜ਼ਰੀਏ ਕਾਰਵਾਈ ਕਰਵਾਵੇ ਕੇਂਦਰ ਸਰਕਾਰ : ਬਿੱਟੂ
NEXT STORY