ਫਿਲੌਰ (ਭਾਖੜੀ) : ਆਖਿਰਕਾਰ ਇਕ ਮਹੀਨਾ ਚਾਰ ਦਿਨ ਬਾਅਦ 'ਜਗ ਬਾਣੀ' 'ਚ ਛਪੀ ਖ਼ਬਰ ਦੀ ਬਦੌਲਤ ਗਿਰੋਹ ਦੇ ਲੋਕਾਂ ਦੇ ਹੱਥੋਂ ਸੁਰੱਖਿਅਤ ਨਿਕਲ ਕੇ 10 ਸਾਲਾ ਮਾਸੂਮ ਬੱਚੀ ਆਪਣੇ ਮਾਤਾ-ਪਿਤਾ ਦੇ ਕੋਲ ਘਰ ਪੁੱਜ ਗਈ। ਬੱਚੀ ਨੂੰ ਸਹੀ ਸਲਾਮਤ ਪਾ ਕੇ ਪਰਿਵਾਰ ਵਾਲਿਆਂ ਨੇ 'ਜਗ ਬਾਣੀ' ਤੇ ਪੁਲਸ ਵਾਲਿਆਂ ਦਾ ਧੰਨਵਾਦ ਕੀਤਾ। ਪਹਿਲਾਂ ਵੀ 'ਜਗ ਬਾਣੀ' ਨੇ ਇਕ ਸਾਲ ਦੇ ਮਾਸੂਮ ਬੱਚੇ ਨੂੰ ਗਿਰੋਹ ਦੇ ਲੋਕਾਂ ਤੋਂ ਛੁਡਵਾ ਕੇ ਉਸ ਨੂੰ ਉਸ ਦੀ ਮਾਂ ਦੇ ਕੋਲ ਪਹੁੰਚਾਇਆ ਸੀ, ਜਿਸ ਦਾ 4 ਲੱਖ 'ਚ ਅੱਗੇ ਸੌਦਾ ਹੋ ਚੁੱਕਾ ਸੀ।
ਗਿਰੋਹ ਨੇ ਕਿਵੇਂ ਚੁੱਕਿਆ ਸੀ ਬੱਚੀ ਨੂੰ
ਗਿਰੋਹ ਦੇ ਹੱਥੋਂ ਸਹੀ ਸਲਾਮਤ ਬਚ ਕੇ ਆਪਣੇ ਮਾਪਿਆਂ ਕੋਲ ਪੁੱਜੀ ਨੀਤੂ ਨੇ ਦੱਸਿਆ ਕਿ ਬੀਤੇ ਮਹੀਨੇ 18 ਫਰਵਰੀ ਨੂੰ ਉਹ ਧਾਰਮਕ ਸ਼ੋਭਾ ਯਾਤਰਾ ਦੇਖਣ ਲਈ ਬਾਅਦ ਦੁਪਹਿਰ 3 ਵਜੇ ਜਿਉਂ ਹੀ ਘਰੋਂ ਬਾਹਰ ਨਿਕਲੀ ਤਾਂ ਰਸਤੇ 'ਚ ਉਸ ਨੂੰ ਗੁਆਂਢ 'ਚ ਰਹਿਣ ਵਾਲੇ ਧਰਮ ਤੇ ਉਸ ਦੀ ਪਤਨੀ ਮਿਲੇ, ਜਿਨ੍ਹਾਂ ਨੇ ਉਸ ਨੂੰ ਕੁਝ ਖਾਣ ਲਈ ਦਿੱਤਾ, ਜਿਸ ਨੂੰ ਖਾਣ ਤੋਂ ਬਾਅਦ ਉਹ ਬੇਹੋਸ਼ ਹੋ ਗਈ। ਉਸ ਨੂੰ ਨਹੀਂ ਪਤਾ ਕਿ ਉਸ ਨੂੰ ਕਿੰਨੇ ਦਿਨਾਂ ਬਾਅਦ ਹੋਸ਼ ਆਈ। ਉਸ ਨੂੰ ਬਸ ਇੰਨਾ ਪਤਾ ਹੈ ਕਿ ਜਦੋਂ ਉਸ ਨੂੰ ਹੋਸ਼ ਆਈ ਤਾਂ ਉਹ ਅੰਮ੍ਰਿਤਸਰ 'ਚ ਸੀ।
ਗਿਰੋਹ ਦੇ ਲੋਕ ਰੇਲਵੇ ਲਾਈਨਾਂ ਦੇ ਕੋਲ ਰੱਖਦੇ ਹਨ ਡੇਰਾ
ਬੱਚੀ ਨੀਤੂ ਨੇ ਦੱਸਿਆ ਕਿ ਉਸ ਨੂੰ ਪਹਿਲਾਂ ਅੰਮ੍ਰਿਤਸਰ ਸ਼ਹਿਰ ਦੀਆਂ ਰੇਲਵੇ ਲਾਈਨਾਂ ਨੇੜੇ ਰੱਖਿਆ ਗਿਆ। ਗਿਰੋਹ ਦਾ ਸਰਗਣਾ ਧਰਮ ਤੇ ਉਸ ਦਾ ਭਰਾ ਗੱਬਰ ਬੱਚਿਆਂ ਨੂੰ ਨਾਲ ਲਿਜਾ ਕੇ ਰੇਲਵੇ ਸਟੇਸ਼ਨ ਤੇ ਭੀੜ ਵਾਲੇ ਇਲਾਕਿਆਂ 'ਚ ਲੋਕਾਂ ਦੀਆਂ ਜੇਬਾਂ ਸਾਫ ਕਰਦੇ ਹਨ। ਉਸ ਤੋਂ ਬਾਅਦ ਉਹ ਉਸ ਨੂੰ ਆਪਣੇ ਨਾਲ ਹਰਿਦੁਆਰ ਲੈ ਗਏ, ਉਥੇ ਵੀ ਉਹ ਰੇਲਵੇ ਲਾਈਨਾਂ ਨੇੜੇ ਰਹਿੰਦੇ ਰਹੇ।
ਕਿਵੇਂ ਆਜ਼ਾਦ ਹੋਈ ਨੀਤੂ ਗਿਰੋਹ ਦੇ ਚੁੰਗਲ 'ਚੋਂ
ਨੀਤੂ ਨੇ ਦੱਸਿਆ ਕਿ ਗਿਰੋਹ ਦੇ ਲੋਕ ਜਿਸ 'ਚ ਔਰਤਾਂ ਵੀ ਸ਼ਾਮਲ ਹਨ, ਉਸ ਨੂੰ ਰੱਸੀ ਨਾਲ ਬੰਨ੍ਹ ਕੇ ਰੱਖਦੇ ਸਨ ਅਤੇ ਪੂਰੇ ਦਿਨ 'ਚ ਇਕ ਸਮੇਂ ਹੀ ਖਾਣਾ ਦਿੰਦੇ ਸਨ। ਜੇਕਰ ਉਹ ਮਾਤਾ-ਪਿਤਾ ਨੂੰ ਮਿਲਣ ਦੀ ਜ਼ਿੱਦ ਕਰਦੀ ਤਾਂ ਉਨ੍ਹਾਂ ਨੂੰ ਨਸ਼ੇ ਵਾਲੀ ਚੀਜ਼ ਖੁਆ ਦਿੱਤੀ ਜਾਂਦੀ ਸੀ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਜਾਂਦੀ। ਉਹ ਉਸ ਨੂੰ ਬਿਹਾਰ ਲੈ ਜਾਣ ਹੀ ਵਾਲੇ ਸਨ, ਉਸੇ ਸਮੇਂ ਉਨ੍ਹਾਂ ਨੂੰ ਕਿਸੇ ਨੇ ਫੋਨ 'ਤੇ ਦੱਸਿਆ ਕਿ ਨੀਤੂ ਅਤੇ ਗੰਗੋਤਰੀ ਦੇ ਅਗਵਾ ਦੀ ਫੋਟੋ ਅਖ਼ਬਾਰ 'ਚ ਛਪ ਗਈ ਹੈ। ਪੁਲਸ ਬਿਹਾਰ ਲਈ ਰਵਾਨਾ ਹੋ ਚੁੱਕੀ ਹੈ, ਜਿਸ ਕਾਰਨ ਉਹ ਘਬਰਾ ਗਏ ਕਿ ਕਿਤੇ ਇਨ੍ਹਾਂ ਨੂੰ ਟਰੇਨ 'ਚ ਕੋਈ ਪਛਾਣ ਨਾ ਲਵੇ। ਇਸ ਲਈ ਉਹ ਜਦੋਂ ਵੀ ਬਾਹਰ ਜਾਂਦੇ ਤਾਂ ਉਨ੍ਹਾਂ ਨੂੰ ਰੱਸੀਆਂ ਨਾਲ ਬੰਨ੍ਹ ਕੇ ਝੌਂਪੜੀ 'ਚ ਹੀ ਰੱਖਦੇ। ਬੀਤੀ ਰਾਤ ਜਦੋਂ ਸਾਰੇ ਸੌਂ ਰਹੇ ਸਨ ਤਾਂ ਉਹ ਕਿਸੇ ਤਰ੍ਹਾਂ ਬੰਨ੍ਹੀ ਰੱਸੀ ਖੋਲ੍ਹਣ 'ਚ ਕਾਮਯਾਬ ਹੋ ਗਈ ਅਤੇ ਝੌਂਪੜੀ ਤੋਂ ਬਾਹਰ ਨਿਕਲ ਕੇ ਦਿੱਲੀ ਦੇ ਰੇਲਵੇ ਸਟੇਸ਼ਨ 'ਤੇ ਪੁੱਜ ਗਈ। ਉੱਥੇ ਕੁਝ ਲੋਕਾਂ ਤੋਂ ਪੁੱਛ ਕੇ ਰਾਜਪੁਰਾ ਆਉਣ ਵਾਲੀ ਟਰੇਨ 'ਚ ਚੜ੍ਹ ਗਈ। ਰਾਜਪੁਰਾ ਸਟੇਸ਼ਨ 'ਤੇ ਉੱਤਰ ਕੇ ਉਹ ਉੱਥੇ ਆਪਣੀ ਭੂਆ ਦੇ ਘਰ ਚਲੀ ਗਈ। ਉਸ ਦੀ ਭੂਆ ਉਸ ਨੂੰ ਆਪਣੇ ਨਾਲ ਲੈ ਕੇ ਉਨ੍ਹ੍ਹਾਂ ਦੇ ਮੁਹੱਲੇ ਦੇ ਕੌਂਸਲਰ ਯਸ਼ਪਾਲ ਗਿੰਡਾ ਦੇ ਘਰ ਲੈ ਆਈ। ਜਿੱਥੋਂ ਉਹ ਸਿੱਧਾ ਪੁਲਸ ਥਾਣੇ ਪੁੱਜੀ, ਜਿੱਥੇ ਪੁਲਸ ਨੇ ਉਸ ਦੇ ਮਾਤਾ-ਪਿਤਾ ਤੇ ਭੈਣ-ਭਰਾ ਨਾਲ ਮਿਲਵਾ ਦਿੱਤਾ। ਨੀਤੂ ਨੇ ਦੱਸਿਆ ਕਿ ਬਚੇ ਚੋਰੀ ਕਰਨ ਵਾਲੇ ਗਿਰੋਹ ਕੋਲ ਉਸੇ ਦੇ ਮੁਹੱਲੇ ਦੀ ਰਹਿਣ ਵਾਲੀ ਉਸ ਦੀ ਸਹੇਲੀ ਗੰਗੋਤਰੀ ਵੀ ਹੈ, ਜਿਸ ਨੂੰ ਉਨ੍ਹਾਂ ਨੇ ਡੇਢ ਮਹੀਨਾ ਪਹਿਲਾਂ ਚੁੱਕਿਆ ਸੀ।
ਪੁਲਸ ਗਿਰੋਹ ਨੂੰ ਫੜਨ ਲਈ ਦਿੱਲੀ ਹੋਈ ਰਵਾਨਾ
ਨੀਤੂ ਨੂੰ ਸਹੀ ਸਲਾਮਤ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਹਵਾਲੇ ਕਰਦੇ ਹੋਏ ਥਾਣਾ ਮੁਖੀ ਇੰਸ. ਪ੍ਰੇਮ ਸਿੰਘ ਨੇ ਦੱਸਿਆ ਕਿ ਅਖਬਾਰਾਂ 'ਚ ਖਬਰਾਂ ਛਪਣ ਤੇ ਪੁਲਸ ਦੀ ਘੇਰਾਬੰਦੀ ਕਾਰਨ ਗਿਰੋਹ ਦੇ ਲੋਕ ਆਪਣੀ ਮੰਜ਼ਿਲ ਬਿਹਾਰ ਤੱਕ ਨਹੀਂ ਪੁੱਜ ਸਕੇ। ਨੀਤੂ ਵਲੋਂ ਦਿੱਲੀ ਦੇ ਦੱਸੇ ਪਤੇ 'ਤੇ ਗਿਰੋਹ ਦੇ ਲੋਕਾਂ ਨੂੰ ਫੜਨ ਤੇ ਦੂਜੀ ਬੱਚੀ ਗੰਗੋਤਰੀ ਨੂੰ ਛੁਡਵਾਉਣ ਲਈ ਪੁਲਸ ਦੀ ਇਕ ਟੀਮ ਦਿੱਲੀ ਲਈ ਰਵਾਨਾ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਉਸ ਬੱਚੀ ਨੂੰ ਸਹੀ ਸਲਾਮਤ ਛੁਡਾ ਕੇ ਪਰਿਵਾਰ ਵਾਲਿਆਂ ਦੇ ਸਪੁਰਦ ਕਰ ਦਿੱਤਾ ਜਾਵੇਗਾ।
ਸੁਖਬੀਰ ਵਲੋਂ ਫਤਿਹਗੜ੍ਹ ਸਾਹਿਬ ਦੇ ਅਹੁਦਾ ਅਧਿਕਾਰੀਆਂ ਨਾਲ ਮੀਟਿੰਗ
NEXT STORY