ਕਪੂਰਥਲਾ, (ਭੂਸ਼ਣ)- ਕਪੂਰਥਲਾ ਪੁਲਸ ਵੱਲੋਂ ਚੰਡੀਗਡ਼੍ਹ ਦੇ ਕਸਬੇ ਹੱਲੋਮਾਜਰਾ ਵਿਚ ਇਕ ਆਪ੍ਰੇਸ਼ਨ ਦੌਰਾਨ ਸ਼ਨੀਵਾਰ ਨੂੰ 3 ਹੋਰ ਸਾਥੀਆਂ ਨਾਲ ਗ੍ਰਿਫਤਾਰ ਕੀਤੇ ਗਏ ਸੂਬੇ ਦੇ ਖਤਰਨਾਕ ਗੈਂਗਸਟਰ ਗੁਰਭੇਜ ਸਿੰਘ ਉਰਫ ਭੇਜਾ ਨੇ ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਸ ਵੱਲੋਂ ਕੀਤੀ ਗਈ ਸਖਤ ਪੁੱਛਗਿਛ ਦੌਰਾਨ ਅਹਿੰਮ ਖੁਲਾਸੇ ਕੀਤੇ ਹਨ। ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਦੱਸਿਆ ਕਿ 7 ਮਈ 2019 ਨੂੰ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ’ਚ ਬੰਦ ਗੈਂਗਸਟਰ ਗੁਰਭੇਜ ਸਿੰਘ ਉਰਫ ਭੇਜਾ ਪੁੱਤਰ ਸਲਿੰਦਰ ਸਿੰਘ ਨਿਵਾਸੀ ਪੱਤੀ ਬੈਨੀਪਾਲ ਸੁਲਤਾਨ ਵਿੰਡ ਅੰਮ੍ਰਿਤਸਰ ਨੂੰ ਕੁਝ ਮੋਟਰਸਾਈਕਲ ਸਵਾਰ ਮੁਲਜ਼ਮ ਉਸ ਸਮੇਂ ਜੇਲ ਪੁਲਸ ਦੀ ਹਿਰਾਸਤ ਤੋਂ ਸਿਵਲ ਹਸਪਤਾਲ ਕਪੂਰਥਲਾ ’ਚ ਹਵਾ ’ਚ ਫਾਇਰਿੰਗ ਕਰਦੇ ਹੋਏ ਛੁਡਵਾ ਲੈ ਗਏ ਸਨ, ਜਦੋਂ ਗੈਂਗਸਟਰ ਭੇਜਾ ਨੂੰ ਮੈਡੀਕਲ ਚੈੱਕਅਪ ਲਈ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ ਸੀ । ਜਿਸ ਨੂੰ ਲੈ ਕੇ ਕਪੂਰਥਲਾ ਪੁਲਸ ਨੇ ਪਿੱਛਾ ਕਰ ਕੇ 2 ਗੈਂਗਸਟਰਾਂ ਨੂੰ ਕਾਬੂ ਕਰ ਲਿਆ ਸੀ ਪਰ ਬਾਕੀ ਗੈਂਗਸਟਰ ਭੇਜਾ ਨੂੰ ਆਪਣੇ ਨਾਲ ਲੈ ਕੇ ਫਰਾਰ ਹੋ ਗਏ ਸਨ। ਜਿਸ ਸਬੰਧੀ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਭੇਜਾ ਸਮੇਤ ਸਾਰੇ ਮੁਲਜ਼ਮਾਂ ਖਿਲਾਫ ਕਤਲ ਦੀ ਕੋਸ਼ਿਸ਼ ਸਮੇਤ ਕਈ ਧਾਰਾਵਾਂ ’ਚ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ’ਚ ਛਾਪਾਮਾਰੀ ਦਾ ਦੌਰ ਤੇਜ਼ ਕਰ ਦਿੱਤਾ ਸੀ ।
ਇਸ ਦੌਰਾਨ ਕਪੂਰਥਲਾ ਪਲਸ ਨੂੰ ਸੂਚਨਾ ਮਿਲੀ ਕਿ ਗੈਂਗਸਟਰ ਗੁਰਭੇਜ ਸਿੰਘ ਉਰਫ ਭੇਜਾ ਆਪਣੇ ਸਾਥੀ ਗੈਂਗਸਟਰ ਵਿਨੋਦ ਕੁਮਾਰ ਉਰਫ ਰੰਗੀਲਾ ਪੁੱਤਰ ਜਸਬੀਰ ਸਿੰਘ ਵਾਸੀ ਪੁਤਲੀਘਰ ਅੰਮ੍ਰਿਤਸਰ, ਵਿਸ਼ਾਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਵਾਰਡ ਨੰਬਰ 6 ਪੰਡੋਰਾ ਸੁਲਤਾਨਵਿੰਡ ਅੰਮ੍ਰਿਤਸਰ ਅਤੇ ਮਨਪ੍ਰੀਤ ਕੌਰ ਉਰਫ ਡੋਲੀ ਪੁਤਰੀ ਹੀਰਾ ਸਿੰਘ ਵਾਸੀ ਸੁਲਤਾਨ ਵਿੰਡ ਅੰਮ੍ਰਿਤਸਰ ਨਾਲ ਕਸਬਾ ਹਲੋਮਜਰਾ ਚੰਡੀਗਡ਼੍ਹ ਵਿਚ ਕਿਰਾਏ ਦੇ ਕਮਰੇ ਵਿਚ ਰਹਿ ਰਿਹਾ ਹੈ, ਜਿਸ ’ਤੇ ਚੰਡੀਗਡ਼੍ਹ ਪਹੁੰਚੀ ਕਪੂਰਥਲਾ ਪੁਲਸ ਦੀ ਟੀਮ ਨੇ ਜਦੋਂ ਥਾਣਾ ਸੈਕਟਰ 31 ਚੰਡੀਗਡ਼੍ਹ ਦੇ ਐੱਸ. ਐੱਚ. ਓ. ਰਾਜਦੀਪ ਸਿੰਘ ਨੂੰ ਨਾਲ ਲੈ ਕੇ ਐੱਸ. ਪੀ. ਨਾਰਕੋਟਿਕਸ ਮਨਪ੍ਰੀਤ ਸਿੰਘ ਢਿੱਲੋਂ ਦੀ ਅਗਵਾਈ ’ਚ ਉਕਤ ਘਰ ਦੀ ਘੇਰਾਬੰਦੀ ਕੀਤੀ ਤਾਂ ਪੁਲਸ ਨੇ ਛਾਪਾਮਾਰੀ ਕਰਕੇ ਗੈਂਗਸਟਰ ਗੁਰਭੇਜ ਸਿੰਘ ਉਰਫ ਭੇਜਾ, ਗੈਂਗਸਟਰ ਵਿਨੋਦ ਕੁਮਾਰ ਉਰਫ ਰੰਗੀਲਾ, ਵਿਸ਼ਾਲ ਸਿੰਘ ਉਰਫ ਸੁਖਦੇਵ ਸਿੰਘ ਅਤੇ ਮਨਪ੍ਰੀਤ ਸਿੰਘ ਉਰਫ ਡੋਲੀ ਨੂੰ ਗ੍ਰਿਫਤਾਰ ਕਰ ਲਿਆ। ਜਿਸ ਦੌਰਾਨ ਪੁਲਸ ਟੀਮ ਨੇ ਗੁਰਭੇਜ ਸਿੰਘ ਉਰਫ ਭੇਜਾ ਤੋਂ ਇਕ 1.65 ਐੱਮ. ਐੱਮ. ਦਾ ਪਿਸਤੌਲ ਅਤੇ 6 ਜਿੰਦਾ ਰਾਊਂਡ ਬਰਾਮਦ ਕੀਤੇ।
ਪੁਲਸ ਵੱਲੋਂ ਕੀਤੀ ਗਈ ਪੁੱਛਗਿਛ ਦੌਰਾਨ ਗੁਰਭੇਜ ਸਿੰਘ ਉਰਫ ਭੇਜਾ ਨੇ ਖੁਲਾਸਾ ਕੀਤਾ ਕਿ ਉਹ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਵਿਚ ਆਪਣੀ ਬੰਦੀ ਦੌਰਾਨ ਆਪਣੇ ਸਾਲੇ ਸਰਵਨ ਸਿੰਘ ਉਰਫ ਸੰਨੀ ਅਤੇ ਗੈਂਗਸਟਰ ਵਿਨੋਦ ਕੁਮਾਰ ਰੰਗੀਲਾ ਦੇ ਸੰਪਰਕ ਵਿਚ ਸੀ ਤਾਂਕਿ ਉਸ ਨੂੰ ਮੈਡੀਕਲ ਕਰਵਾਉਣ ਦੀ ਹਾਲਤ ਵਿਚ ਕਪੂਰਥਲਾ ਸਿਵਲ ਹਸਪਤਾਲ ਵਿਚ ਆਉਣ ’ਤੇ ਛੁਡਵਾਇਆ ਜਾ ਸਕੇ। ਜਦੋਂ ਜੇਲ ਦੇ ਗਾਰਡ ਬਿਨਾਂ ਹਥਿਆਰਾਂ ਦੇ ਸਿਵਲ ਹਸਪਤਾਲ ਕਪੂਰਥਲਾ ਵਿਚ ਮੈਡੀਕਲ ਚੈੱਕਅਪ ਲਈ ਲਿਆਏ ਤਾਂ ਪਹਿਲਾਂ ਤੋਂ ਹੀ ਸਿਵਲ ਹਸਪਤਾਲ ਕਪੂਰਥਲਾ ਵਿਚ ਖਡ਼੍ਹੇ ਸਰਵਨ ਸਿੰਘ ਉਰਫ ਸੰਨੀ, ਅਕਾਸ਼ ਦੀਪ, ਯਾਦਵਿੰਦਰ ਸਿੰਘ ਉਰਫ ਯਾਦੀ, ਮਨਪ੍ਰੀਤ ਸਿੰਘ ਉਰਫ ਰੋਹਿਤ ਅਤੇ ਭਰਤ ਚੌਹਾਨ ਉਰਫ ਮਿੱਠੂ ਉਥੇ ਮੌਜੂਦ ਸਨ। ਜਿਸ ਦੌਰਾਨ ਮਿਠੂ ਅਤੇ ਸੰਨੀ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਉਹ ਪੁਲਸ ਟੀਮ ਦੀ ਹਿਰਾਸਤ ਤੋਂ ਛੁਟ ਕੇ ਅਕਾਸ਼ ਦੇ ਮੋਟਰਸਾਈਕਲ ’ਤੇ ਬੈਠ ਗਿਆ ਪਰ ਇਸ ਦੌਰਾਨ ਅਕਾਸ਼ ਤੋਂ ਮੋਟਰਸਾਈਕਲ ਡਿੱਗ ਪਿਆ ਅਤੇ ਇਸ ਦੇ ਦੌਰਾਨ ਉਹ ਯਾਦਵਿੰਦਰ ਸਿੰਘ ਉਰਫ ਯਾਦੀ ਦੇ ਮੋਟਰਸਾਈਕਲ ’ਤੇ ਬੈਠ ਕੇ ਫਰਾਰ ਹੋ ਗਿਆ। ਫਿਰ ਉਸ ਨੇ ਗੈਂਗਸਟਰ ਵਿਨੋਦ ਕੁਮਾਰ ਉਰਫ ਰੰਗੀਲਾ ਨਾਲ ਸੰਪਰਕ ਕੀਤਾ ਅਤੇ ਚੰਡੀਗਡ਼੍ਹ ਵਿਚ ਚਲਾ ਗਿਆ। ਜਿਥੇ ਰੰਗੀਲਾ ਨੇ ਉਸਨੂੰ ਹੱਲੋਮਾਜਰਾ ਵਿਚ ਕਿਰਾਏ ’ਤੇ ਕਮਰਾ ਲੈ ਕੇ ਦਿੱਤਾ।
ਉਸਨੇ ਦੱਸਿਆ ਕਿ 4- 5 ਦਿਨ ਕਮਰੇ ਵਿਚ ਰਹਿਣ ਦੇ ਬਾਅਦ ਉਸ ਨੇ ਰੰੰਗੀਲਾ ਅਤੇ ਵਿਸ਼ਾਲ ਸਿੰਘ ਨੂੰ ਨਾਲ ਲੈ ਕੇ ਪੁਰਾਣੀ ਰੰਜਿਸ਼ ਦੇ ਤਹਿਤ ਸੁਲਤਾਨਵਿੰਡ ਅੰਮ੍ਰ੍ਰਿਤਸਰ ਵਿਚ ਲੱਲੇ ਪਹਿਲਵਾਨ ਦੇ ਘਰ ਦੇ ਬਾਹਰ ਰਾਤ ਦੇ ਸਮੇਂ 7-8 ਫਾਇਰ ਕੀਤੇ ਅਤੇ ਉਸ ਦੇ ਨਾਲ ਉਹ ਆਪਣੇ ਸਾਥੀਆਂ ਨਾਲ ਹਲੋਮਾਜਰਾ ਵਿਚ ਰਹਿਣ ਲੱਗਾ। ਐੱਸ. ਐੱਸ. ਪੀ. ਨੇ ਦੱਸਿਆ ਕਿ ਗੁਰਭੇਜ ਸਿੰਘ ਉਰਫ ਭੇਜਾ ਦੇ ਖਿਲਾਫ 14 ਅਤੇ ਵਿਨੋਦ ਕੁਮਾਰ ਉਰਫ ਰੰਗੀਲਾ ਦੇ ਖਿਲਾਫ 13 ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਪੁਛਗਿੱਛ ਦੌਰਾਨ ਮੁਲਜ਼ਮ ਗੈਂਗਸਟਰ ਗੁਰਭੇਜ ਸਿੰਘ ਭੇਜਾ ਨੇ ਖੁਲਾਸਾ ਕੀਤਾ ਹੈ ਕਿ ਉਸ ਦੀ ਸਾਜ਼ਿਸ਼ ਆਉਣ ਵਾਲੇ ਦਿਨਾਂ ਵਿਚ ਸੂਬੇ ਵਿਚ ਇਕ ਵੱਡਾ ਅਪਰਾਧਿਕ ਗੈਂਗ ਤਿਆਰ ਕਰ ਕੇ ਕਈ ਖਤਰਨਾਕ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਸੀ।
ਰਾਹਗੀਰ ਨੂੰ ਲਿਫਟ ਲੈਣ ਬਹਾਨੇ ਬਣਾਇਆ ਸ਼ਿਕਾਰ, ਵੀਡੀਓ ਬਣਾ ਕੀਤੀ ਪੰਜ ਲੱਖ ਦੀ ਮੰਗ (ਵੀਡੀਓ)
NEXT STORY