ਲੁਧਿਆਣਾ (ਪੰਕਜ) - ਵਿਦਿਆਰਥੀ ਜੀਵਨ ਤੋਂ ਅਪਰਾਧ ਦੀ ਦੁਨੀਆ ਦੀ ਦਲਦਲ 'ਚ ਸਿਰ ਤੋਂ ਪੈਰ ਤੱਕ ਫਸੇ ਅਤੇ ਜੇਲ 'ਚ ਬੰਦ ਹੋਣ ਦੇ ਬਾਵਜੂਦ ਵਿਦੇਸ਼ੀ ਅੱਤਵਾਦੀਆਂ ਨਾਲ ਸਬੰਧ ਸਥਾਪਤ ਕਰ ਕੇ ਪੰਜਾਬ ਵਿਚ ਲੜੀਵਾਰ ਹੋਏ ਹਾਈਪ੍ਰੋਫਾਈਲ ਕਤਲਾਂ ਨੂੰ ਅੰਜਾਮ ਦੇਣ ਵਾਲੇ ਕਾਤਲਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਵਾਲੇ ਘੱਟ ਉਮਰ ਦੇ ਗੈਂਗਸਟਰ ਧਰਮਿੰਦਰ ਗੁਗਨੀ ਖਿਲਾਫ ਦਰਜ ਦਰਜਨਾਂ ਕੇਸਾਂ 'ਚੋਂ ਇਕ ਕੇਸ ਵਿਚ ਅਦਾਲਤ ਤੋਂ ਉਮਰ ਕੈਦ ਦੀ ਸਜ਼ਾ ਮਿਲਣ ਦੀ ਖ਼ਬਰ ਤੋਂ ਪੀੜਤ ਪਰਿਵਾਰਾਂ ਨੂੰ ਸਕੂਨ ਮਿਲਿਆ ਹੈ। ਕਤਲ ਦੇ ਇਕ ਕੇਸ ਵਿਚ ਉਮਰ ਕੈਦ ਦੀ ਸਜ਼ਾ ਪਾਉਣ ਵਾਲੇ ਗੁਗਨੀ ਖਿਲਾਫ ਕਈ ਕੇਸ ਅਦਾਲਤੀ ਪ੍ਰਕਿਰਿਆ ਦੇ ਅੰਤਿਮ ਪੜਾਅ ਵਿਚ ਦੱਸੇ ਜਾਂਦੇ ਹਨ।
27 ਫਰਵਰੀ 2013 ਨੂੰ ਮੋਹਾਲੀ ਵਿਚ ਘਰ ਦੇ ਬਾਹਰ ਪਾਰਕਿੰਗ ਨੂੰ ਲੈ ਕੇ ਵਕੀਲ ਅਮਰਪ੍ਰੀਤ ਸਿੰਘ, ਉਸ ਦੇ ਚਾਚਾ ਅਤੇ ਭਰਾ 'ਤੇ ਗੁਗਨੀ ਅਤੇ ਉਸ ਦੇ ਸਾਥੀਆਂ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ ਸੀ, ਜਿਸ ਵਿਚ ਅਮਰਪ੍ਰੀਤ ਦੀ ਮੌਤ ਹੋਣ ਤੋਂ ਬਾਅਦ ਚੱਲੀ ਅਦਾਲਤੀ ਪ੍ਰਕਿਰਿਆ ਦੌਰਾਨ ਜ਼ਿਲਾ ਅਦਾਲਤ ਨੇ ਗੁਗਨੀ ਸਮੇਤ ਹੋਰਨਾਂ ਦੋਸ਼ੀਆਂ ਨੂੰ ਕਤਲ ਦਾ ਦੋਸ਼ੀ ਮੰਨ ਕੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਪਹਿਲਾਂ ਅਜਿਹਾ ਵੱਡਾ ਕੇਸ ਹੈ, ਜਿਸ ਵਿਚ ਗੁਗਨੀ ਨੂੰ ਇੰਨੀ ਸਖਤ ਸਜ਼ਾ ਹੋਈ ਹੈ।
ਵਕੀਲ ਕਤਲਕਾਂਡ ਤੋਂ ਬਾਅਦ ਫਰਾਰ ਗੁਗਨੀ ਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਨ ਵਾਲੇ ਅਧਿਕਾਰੀਆਂ ਵਿਚ ਸ਼ਾਮਲ ਇਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਜੇਲ 'ਚ ਰਹਿਣ ਦੇ ਬਾਵਜੂਦ ਗੁਗਨੀ ਨਾ ਸਿਰਫ ਆਪਣਾ ਗੈਂਗ ਚਲਾਉਂਦਾ ਰਿਹਾ, ਬਲਕਿ ਆਪਣੇ ਦੁਸ਼ਮਣਾਂ ਨੂੰ ਵੀ ਟਿਕਾਣੇ ਲਾਉਣ ਵਿਚ ਸਫਲ ਸਾਜ਼ਿਸ਼ ਰਚਦਾ ਰਿਹਾ। ਕਾਂਗਰਸੀ ਸਰਪੰਚ ਰਵੀ ਖਵਾਜਕੇ ਦਾ ਕਤਲ ਵੀ ਗੁਗਨੀ ਨੇ ਹੀ ਆਪਣੇ ਖਾਸ ਦੋਸਤ ਗੈਂਗਸਟਰ ਦਵਿੰਦਰ ਬੰਬੀਹਾ ਦੇ ਹੱਥੋਂ ਕਰਵਾਇਆ ਸੀ।
ਅਪਰਾਧ ਜਗਤ 'ਚ ਆਪਣੇ ਪੈਰ ਪਸਾਰ ਚੁੱਕੇ ਗੁਗਨੀ ਨੂੰ ਇਨ੍ਹੀਂ ਦਿਨੀਂ ਵੱਖ-ਵੱਖ ਜੇਲਾਂ ਦੀ ਪੁਲਸ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਰਾਜ 'ਚ ਹੋਏ ਹਿੰਦੂ ਆਗੂਆਂ ਦੇ ਕਤਲਾਂ ਸਬੰਧੀ ਕੇਸਾਂ ਵਿਚ ਪੁੱਛ-ਪੜਤਾਲ ਕਰ ਰਹੀ ਹੈ। ਗੁਗਨੀ 'ਤੇ ਜੇਲ ਵਿਚ ਅੱਤਵਾਦੀ ਹਰਮਿੰਦਰ ਸਿੰਘ ਮਿੰਟੂ ਦੇ ਨਾਲ ਮਿਲ ਕੇ ਇਨ੍ਹਾਂ ਕਤਲਾਂ ਵਿਚ ਕਾਤਲਾਂ ਵੱਲੋਂ ਵਰਤੇ ਗਏ ਹਥਿਆਰ ਮੁਹੱਈਆ ਕਰਵਾਉਣ ਵਰਗੇ ਸੰਗੀਨ ਦੋਸ਼ ਹਨ। ਸਿਰਫ ਪੰਜਾਬ ਪੁਲਸ ਹੀ ਨਹੀਂ ਬਲਕਿ ਗੁਗਨੀ ਐੱਨ. ਆਈ. ਏ. ਅਤੇ ਸੀ. ਬੀ. ਆਈ. ਟੀਮਾਂ ਦੀ ਰਾਡਾਰ 'ਤੇ ਵੀ ਹੈ। ਪੰਜਾਬ ਵਿਚ ਪਿਛਲੇ ਕਈ ਦਿਨਾਂ ਤੋਂ ਸਰਗਰਮ ਕੇਂਦਰੀ ਏਜੰਸੀਆਂ ਦੇ ਅਧਿਕਾਰੀ ਗੁਗਨੀ ਦੇ ਵਿਦੇਸ਼ੀ ਸੰਪਰਕਾਂ ਨੂੰ ਵੀ ਗੰਭੀਰਤਾ ਨਾਲ ਜਾਂਚ ਰਹੀਆਂ ਹਨ।
ਓਧਰ ਮੋਗਾ ਪੁਲਸ ਨੇ ਕੁੱਝ ਦਿਨ ਪਹਿਲਾਂ ਹੀ ਲੁਧਿਆਣਾ ਸਥਿਤ ਉਸ ਦੇ ਪੈਟਰੋਲ ਪੰਪ ਤੋਂ ਮੈਨੇਜਰ ਨੂੰ ਗ੍ਰਿਫਤਾਰ ਕੀਤਾ ਸੀ, ਜਿਥੋਂ ਪੁਲਸ ਨੂੰ ਨਾਜਾਇਜ਼ ਹਥਿਆਰ ਵੀ ਮਿਲੇ ਸਨ। ਓਧਰ ਹਾਈਪ੍ਰੋਫਾਈਲ ਕਤਲਾਂ ਨੂੰ ਅੰਜਾਮ ਦੇਣ ਵਾਲੇ ਮੁੱਖ ਦੋਸ਼ੀਆਂ 'ਚ ਇਕ ਲੁਧਿਆਣਾ ਦਾ ਰਮਨਦੀਪ ਸਿੰਘ ਵੀ ਗੁਗਨੀ ਦਾ ਸਹਿਪਾਠੀ ਦੱਸਿਆ ਜਾਂਦਾ ਹੈ। ਕਈ ਕਤਲਾਂ ਤੇ ਹੋਰ ਅਪਰਾਧਕ ਕੇਸਾਂ 'ਚ ਸ਼ਾਮਲ ਗੁਗਨੀ ਨੂੰ ਅਦਾਲਤ ਵੱਲੋਂ ਦਿੱਤੀ ਗਈ ਉਮਰ ਕੈਦ ਦੀ ਸਜ਼ਾ ਪਹਿਲਾ ਕੇਸ ਹੈ, ਜਦੋਂਕਿ ਬਾਕੀ ਕੇਸਾਂ 'ਚ ਪੁਲਸ ਦੋਸ਼ੀ ਖਿਲਾਫ ਪੁਖਤਾ ਸਬੂਤ ਹੋਣ ਦਾ ਦਾਅਵਾ ਕਰ ਰਹੀ ਹੈ।
ਪੁਲਸ ਨੇ 66 ਕਿਲੋ ਭੁੱਕੀ ਸਣੇ 3 ਨੂੰ ਕੀਤਾ ਕਾਬੂ, 1 ਫਰਾਰ
NEXT STORY