ਪਟਿਆਲਾ (ਬਲਜਿੰਦਰ) - ਕੇਂਦਰ ਅਤੇ ਸੂਬਾ ਸਰਕਾਰ 'ਸਵੱਛ ਭਾਰਤ ਮੁਹਿੰਮ' ਨੂੰ ਲਾਗੂ ਕਰਨ ਲਈ ਭਾਵੇਂ ਅਰਬਾਂ ਰੁਪਏ ਖਰਚ ਕੇ ਵੀ ਸਫਲ ਨਾ ਹੋਈ ਹੋਵੇ ਪਰ ਪਟਿਆਲਾ ਵਿਚ ਇਕ ਅਜਿਹੀ ਕਾਲੋਨੀ ਹੈ, ਜੋ ਪੁਰਨ ਰੂਪ ਵਿਚ ਸਵੱਛ ਹੈ। ਮਹਾਰਾਜਾ ਯਾਦਵਿੰਦਰ ਇਨਕਲੇਵ ਜ਼ਿਲੇ ਦੀ ਪਹਿਲੀ ਕੂੜਾ-ਮੁਕਤ ਕਾਲੋਨੀ ਬਣ ਗਈ ਹੈ। ਘਰਾਂ ਦੇ ਕੁੜੇ ਨਾਲ ਜਿੱਥੇ ਜ਼ਮੀਨ ਨੂੰ ਉਪਜਾਊ ਬਣਾਉਣ ਵਾਲੀ ਖਾਦ ਬਣਾਈ ਜਾਂਦੀ ਹੈ, ਉਥੇ ਇਨ੍ਹਾਂ ਦੀ ਰੋਜ਼ੀ-ਰੋਟੀ ਵੀ ਚਲਦੀ ਹੈ। ਇਸ ਪੂਰੇ ਪ੍ਰਾਜੈਕਟ ਦਾ ਇਕ ਹੀ ਸੁਤਰਧਾਰ ਹੈ, ਨਗਰ ਨਿਗਮ ਦੇ ਐਕਸੀਅਨ ਅਤੇ ਮਹਾਰਾਜਾ ਯਾਦਵਿੰਦਰ ਇਨਕਲੇਵ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਦਲੀਪ ਕੁਮਾਰ। ਉਸ ਨੇ ਜਦੋਂ ਇਸ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਤਾਂ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅੱਜ 4 ਮਹੀਨੇ ਦੀ ਮਿਹਨਤ ਤੋਂ ਬਾਅਦ ਜਦੋਂ ਇਹ ਪ੍ਰਾਜੈਕਟ ਸਫਲ ਹੋ ਚੁੱਕਾ ਹੈ ਤਾਂ ਇਸ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਤੇ ਨਗਰ ਨਿਗਮ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਤੇ ਮੇਅਰ ਸੰਜੀਵ ਬਿੱਟੂ ਵੱਲੋਂ ਇਕ ਪਾਇਲਟ ਪ੍ਰਾਜੈਕਟ ਐਲਾਨਿਆ ਗਿਆ ਹੈ। ਬਕਾਇਦਾ ਉਕਤ ਅਧਿਕਾਰੀਆਂ ਵੱਲੋਂ ਇਸ ਦਾ ਅਧਿਕਾਰਤ ਤੌਰ 'ਤੇ ਦੌਰਾ ਕੀਤਾ ਅਤੇ ਇਸ ਦਾ ਜਾਇਜ਼ਾ ਵੀ ਲਿਆ ਗਿਆ।
ਕਾਲੋਨੀ 'ਚ ਹਨ 190 ਮਕਾਨ
ਮਹਾਰਾਜਾ ਯਾਦਵਿੰਦਰ ਇਨਕਲੇਵ ਪੁੱਡਾ ਵੱਲੋਂ ਕੱਟੀ ਗਈ ਸੀ। ਇਸ ਕਾਲੋਨੀ ਵਿਚ ਲਗਭਗ 190 ਘਰ ਹਨ। ਇਥੋਂ 1.25 ਕੁਇੰਟਲ ਗਿੱਲਾ ਅਤੇ 70-80 ਕਿਲੋਗ੍ਰਾਮ ਸੁੱਕਾ ਕੂੜਾ ਨਿਕਲਦਾ ਹੈ। ਇਸ ਨੂੰ ਇਕੱਠਾ ਕਰਨ ਲਈ ਕਾਲੋਨੀ ਨਿਵਾਸੀਆਂ ਵੱਲੋਂ ਮੰਗਲ ਰਾਮ ਨਾਂ ਦੇ ਵਿਅਕਤੀ ਨੂੰ ਹਾਇਰ ਕੀਤਾ ਹੋਇਆ ਹੈ। ਇਹ ਕਾਲੋਨੀ ਲਗਭਗ 8 ਸਾਲ ਪਹਿਲਾਂ ਬਣਨੀ ਸ਼ੁਰੂ ਹੋਈ, ਉਦੋਂ ਤੋਂ ਹੀ ਮੰਗਲ ਰਾਮ ਘਰ-ਘਰ ਤੋਂ ਕੂੜਾ ਇਕੱਠਾ ਕਰਦਾ ਹੈ। ਹਰੇਕ ਘਰੋਂ ਮੰਗਲ ਰਾਮ ਲਗਭਗ 90 ਰੁਪਏ ਔਸਤਨ ਪੈਸੇ ਲੈ ਰਿਹਾ ਹੈ, ਜਿਸ ਤੋਂ ਉਸ ਨੂੰ 15 ਹਜ਼ਾਰ ਦੇ ਲਗਭਗ ਕਮਾਈ ਹੋ ਜਾਂਦੀ ਹੈ। ਇਸ ਤੋਂ ਬਾਅਦ ਸੁੱਕੇ ਕੂੜੇ ਤੋਂ ਜਿਹੜੀ ਆਮਦਨ ਹੁੰਦੀ ਹੈ, ਉਹ ਲਗਭਗ 13 ਹਜ਼ਾਰ ਰੁਪਏ ਮਹੀਨੇ 'ਤੇ ਪਹੁੰਚ ਗਈ ਹੈ। ਅੱਜ ਇਕ ਕੂੜਾ ਚੁੱਕਣ ਵਾਲਾ ਵਿਅਕਤੀ 28 ਹਜ਼ਾਰ ਰੁਪਏ ਤੋਂ ਵੱਧ ਦੀ ਆਮਦਨ ਇੱਥੋਂ ਹੀ ਕਰ ਰਿਹਾ ਹੈ।
ਕੂੜੇ ਤੋਂ ਖਾਦ ਬਣਾਉਣ ਦੀ ਪ੍ਰਕਿਰਿਆ
ਐਕਸੀਅਨ ਦਲੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਾਲੋਨੀ ਵਿਚ ਨਿਰਧਾਰਿਤ ਕੂੜਾ ਸੁੱਟਣ ਦੀ ਥਾਂ ਨੂੰ ਸਭ ਤੋਂ ਪਹਿਲਾਂ ਡਿਵੈੱਲਪ ਕੀਤਾ ਗਿਆ। ਇਸ ਨੂੰ ਸਾਫ-ਸੁਥਰਾ ਕਰ ਕੇ ਇਥੇ 3 ਕੰਪੋਸਟ ਪਿਟ ਬਣਾਏ ਗਏ, ਜਿਨ੍ਹਾਂ ਦੀ ਡੂੰਘਾਈ ਡੇਢ ਮੀਟਰ ਇਕ ਮੀਟਰ ਚੌੜਾ ਤੇ ਤਿੰਨ ਮੀਟਰ ਲੰਬਾ ਹੈ। ਇਸ ਵਿਚ ਇਕ ਵਾਰ ਵਿਚ 5 ਟਨ ਕੂੜਾ ਆ ਜਾਂਦਾ ਹੈ। ਇਸ ਪਿਟ ਵਿਚ ਗਿੱਲਾ ਕੂੜਾ ਹੀ ਪਾਇਆ ਜਾਂਦਾ ਹੈ, ਜਿਸ ਵਿਚ ਕਿਚਨ ਦਾ ਵੇਸਟ, ਫਰੂਟ, ਅੰਡੇ ਆਦਿ ਦੇ ਵੇਸਟ ਨੂੰ ਪਾ ਕੇ ਇਸ ਨੂੰ ਨਿਰਧਾਰਿਤ ਵਿਧੀ ਅਨੁਸਾਰ ਪਿਟ ਨੂੰ ਕਵਰ ਕਰ ਦਿੱਤਾ ਜਾਂਦਾ ਹੈ। ਕੂੜੇ ਤੋਂ ਖਾਦ ਜਲਦੀ ਬਣੇ, ਇਸ ਲਈ ਡੀ-ਕੰਪੋਜ਼ਰ ਤੋਂ ਲੈ ਕੇ ਗੋਬਰ ਆਦਿ ਸਮੁੱਚੀਆਂ ਵਿਧੀਆਂ ਨੂੰ ਅਪਣਾਇਆ ਗਿਆ ਹੈ। ਐਕਸੀਅਨ ਦਲੀਪ ਕੁਮਾਰ ਨੇ ਦੱਸਿਆ ਕਿ ਕੂੜੇ ਤੋਂ ਕੰਪੋਸਟ ਖਾਦ 90 ਤੋਂ 120 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਇਕ ਪਿਟ ਤਿਆਰ ਕਰਨ ਲਈ 650 ਇੱਟਾਂ, ਦੋ ਸੀਮੈਂਟ ਦੇ ਬੈਗ, 15 ਥੈਲੇ ਰੇਤਾ, ਇਕ ਮਿਸਤਰੀ, ਦੋ ਮਜ਼ਦੂਰ 2 ਦਿਨਾਂ ਵਿਚ ਤਿਆਰ ਕਰ ਦਿੰਦੇ ਹਨ। ਅਜਿਹੇ ਵਿਚ ਇਹ ਕੋਈ ਬਹੁਤ ਜ਼ਿਆਦਾ ਖਰਚ ਵਾਲੀ ਵਿਧੀ ਨਹੀਂ ਹੈ। ਸਾਡੇ ਵੱਲੋਂ ਪੀ. ਐੈੱਮ. ਆਈ. ਡੀ. ਸੀ. ਦੀ ਗਾਈਡ ਲਾਈਨ ਅਨੁਸਾਰ ਹੀ ਕੰਪੋਸਟ ਖਾਦ ਤਿਆਰ ਕੀਤੀ ਜਾਂਦੀ ਹੈ।
ਕਿਵੇਂ ਸੰਭਾਲਿਆ ਜਾਂਦੈ ਕੂੜਾ
ਐਕਸੀਅਨ ਦਲੀਪ ਕੁਮਾਰ ਨੇ ਦੱਸਿਆ ਕਿ ਕਾਲੋਨੀ ਦਾ ਪ੍ਰਧਾਨ ਹੋਣ ਦੇ ਨਾਤੇ ਉਨ੍ਹਾਂ ਵੱਲੋਂ ਥਾਂ-ਥਾਂ 'ਤੇ 2 ਤਰ੍ਹਾਂ ਦੇ ਕੂੜਾਦਾਨ ਲਾਏ ਗਏ ਹਨ। ਇਨ੍ਹਾਂ ਵਿਚ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਪਾਇਆ ਜਾਂਦਾ ਹੈ। ਬਾਇਓ-ਮੈਡੀਕਲ ਵੇਸਟ ਅਤੇ ਡਾਈਪਰ ਆਦਿ ਨੂੰ ਅਲੱਗ ਰੱਖਿਆ ਜਾਂਦਾ ਹੈ। ਨਿਰਧਾਰਿਤ ਥਾਂ 'ਤੇ ਲਿਆ ਕੇ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ ਕਰ ਲਿਆ ਜਾਂਦਾ ਹੈ। ਸੁੱਕੇ ਕੂੜੇ ਵਿਚ ਰੈਪਰ, ਸਵੀਟ ਬਾਕਸ, ਪੀ. ਬੀ. ਸੀ. ਬੋਤਲਾਂ, ਗਿਲਾਸ, ਟਿਨ ਪੇਂਟ ਬਾਕਸ, ਬਲੈਕ ਪਲਾਸਟਿਕ, ਅਲੂਮੀਨੀਅਮ ਲਿਟ, ਕਾਪਰ ਵੇਸਟ, ਬਰਾਸ, ਪੁਰਾਣੇ ਅਖਬਾਰ ਅਤੇ ਹੋਰ ਰੱਦੀ ਆਦਿ ਨੂੰ ਇਕ ਪਾਸੇ ਅਲੱਗ ਕਰ ਲਿਆ ਜਾਂਦਾ ਹੈ। ਰੋਜ਼ਾਨਾ ਕਾਲੋਨੀ ਵਿਚੋਂ 1 ਕੁਇੰਟਲ 25 ਕਿਲੋ ਗਿੱਲਾ ਅਤੇ ਕੂੜਾ ਅਤੇ 60 ਤੋਂ 70 ਕਿਲੋ ਸੁੱਕਾ ਕੂੜਾ ਨਿਕਲ ਰਿਹਾ ਹੈ। ਇਸ ਦਾ ਬਕਾਇਦਾ ਵਜ਼ਨ ਕਰ ਕੇ ਰੋਜ਼ਾਨਾ ਰਿਕਾਰਡ ਬਣਾ ਕੇ ਨਿਰਧਾਰਿਤ ਵਿਧੀ ਨਾਲ ਪਿਟ ਵਿਚ ਪਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਗਾਰਡਨ ਵੇਸਟ ਜਿਸ ਵਿਚ ਪੱਤੇ, ਘਾਹ ਆਦਿ ਲਈ ਅਲੱਗ ਤੋਂ ਪਿਟ ਬਣਾਇਆ ਗਿਆ ਹੈ। ਇਸ ਵਿਚ ਸਿਰਫ ਘਾਹ ਤੇ ਪੱਤਿਆਂ ਤੋਂ ਹੀ ਕੰਪੋਸਟ ਖਾਦ ਤਿਆਰ ਕੀਤੀ ਜਾਂਦੀ ਹੈ।
ਕੰਪੋਸਟ ਖਾਦ ਦੀ ਮਾਰਕੀਟ 'ਚ ਕਾਫੀ ਮੰਗ
ਐਕਸੀਅਨ ਦਲੀਪ ਕੁਮਾਰ ਨੇ ਦੱਸਿਆ ਕਿ ਕੰਪੋਸਟ ਖਾਦ ਦੀ ਮਾਰਕੀਟ ਵਿਚ ਬਹੁਤ ਵੱਡੀ ਮੰਗ ਹੈ। 1 ਪਿਟ ਵਿਚ ਡੇਢ ਤੋਂ 2 ਕੁਇੰਟਲ ਕੰਪੋਸਟ ਖਾਦ ਤਿਆਰ ਹੋ ਜਾਂਦੀ ਹੈ, ਜਿਸ ਨੂੰ ਮਾਰਕੀਟ ਵਿਚ ਬੜੀ ਆਸਾਨੀ ਨਾਲ ਵੇਚਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸੁੱਕੇ ਕੂੜੇ ਦੀ ਤਾਂ ਪਹਿਲਾਂ ਹੀ ਵੱਡੀ ਮਾਰਕੀਟ ਹੈ। ਇਸ ਲਈ ਨਾ ਤਾਂ ਉਨ੍ਹਾਂ ਨੂੰ ਕੰਪੋਸਟ ਖਾਦ ਵੇਚਣ ਵਿਚ ਕੋਈ ਦਿੱਕਤ ਆਉਂਦੀ ਹੈ ਤੇ ਨਾ ਹੀ ਸੁੱਕੇ ਕੂੜੇ ਨੂੰ ਵੇਚਣ 'ਚ।
ਹਜ਼ਾਰਾਂ ਲੋਕਾਂ ਨੇ ਮੁੱਖ ਮੰਤਰੀ ਦੇ ਜ਼ਿਲੇ 'ਚ ਕੈਪਟਨ ਖਿਲਾਫ ਕੱਢਿਆ ਗੁੱਸਾ
NEXT STORY