ਨਵਾਂਸ਼ਹਿਰ (ਤ੍ਰਿਪਾਠੀ) - ਲੁੱਟ ਦੀ ਨੀਅਤ ਨਾਲ ਗੈਸ ਸਿਲੰਡਰ ਡਿਲੀਵਰੀ ਬੁਆਏ ਦੇ ਕਤਲ ਦੇ 2 ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ ਲੁੱਟੀ ਗਈ ਰਕਮ, ਵਾਰਦਾਤ ’ਚ ਵਰਤੇ ਤੇਜ਼ਦਾਰ ਹੱਥਿਆਰ, ਬਾਈਕ ਅਤੇ ਮੋਬਾਇਲ ਫੋਨ ਬਰਾਮਦ ਕੀਤਾ ਹੈ। ਮਾਮਲੇ ਸਬੰਧੀ ਆਯੋਜਿਤ ਪ੍ਰੈੱਸ ਕਾਨਫ਼ਰੰਸ ’ਚ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਰੇਂਜ਼ ਦੇ ਆਈ. ਜੀ. ਕੋਸ਼ਤੁਭ ਸ਼ਰਮਾ ਅਤੇ ਐੱਸ. ਐੱਸ. ਪੀ. ਭਗੀਰਥ ਸਿੰਘ ਮੀਣਾ ਨੇ ਦੱਸਿਆ ਕਿ ਬੀਤੀ 2 ਜਨਵਰੀ ਦੀ ਸ਼ਾਮ ਨੂੰ ਬੰਗਾ ਸਥਿਤ ਜੱਖੂ ਗੈਸ ਏਜੰਸੀ ’ਤੇ ਗੈਸ ਸਿਲੰਡਰ ਡਿਲੀਵਰੀ ਕਰਨ ਵਾਲੇ ਵਿਨੈ ਕੁਮਾਰ ਵਰਮਾ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿਚ ਦੋਸ਼ੀਆਂ ਵੱਲੋਂ ਮ੍ਰਿਤਕ ਦਾ ਤੇਜ਼ਦਾਰ ਹੱਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰਕੇ ਮਿਰਤਕ ਦਾ ਕੈਸ਼ ਬੈਗ ਜਿਸ ਵਿਚ ਕਰੀਬ 27 ਹਜ਼ਾਰ ਰੁਪਏ ਦੀ ਰਕਮ ਸੀ, ਨੂੰ ਲੁੱਟ ਲਿਆ ਸੀ।
ਆਈ. ਜੀ. ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਐੱਸ. ਪੀ. ਜਾਂਚ ਮੁਕੇਸ਼ ਸ਼ਰਮਾ, ਐੱਸ. ਪੀ. ਹਰਸ਼ਪ੍ਰੀਤ ਸਿੰਘ, ਡੀ. ਐੱਸ. ਪੀ. ਸੁਰਿੰਦਰ ਚੰਦ ਅਤੇ ਸਵਰਨ ਸਿੰਘ ਬੱਲ੍ਹ ਵੀ ਸੀ. ਆਈ. ਏ. ਸਟਾਫ਼ ’ਤੇ ਆਧਾਰਿਤ ਪੁਲਸ ਟੀਮ ਨੇ ਉਕਤ ਮਾਮਲੇ ’ਤੇ ਤੇਜ਼ੀ ਨਾਲ ਜਾਂਚ ਸ਼ੁਰੂ ਕਰਦੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗੋਲਣ ਦੇ ਨਾਲ ਨਾਲ ਸ਼ੱਕੀ ਲੋਕਾਂ ਨਾਲ ਪੁੱਛ ਪੜਤਾਲ ਸ਼ੁਰੂ ਕੀਤੀ ਸੀ, ਜਿਸ ਦੇ ਨਤੀਜੇ ਜਲਦ ਸਾਹਮਣੇ ਆ ਗਏ ਅਤੇ ਪੁਲਸ ਨੇ ਉਕਤ ਕਤਲ ਮਾਮਲੇ ਵਿਚ ਰਣਜੀਤ ਕੁਮਾਰ ਉਰਫ਼ ਘੋਗਾ ਪੁੱਤਰ ਬਲਿਹਾਰ ਚੰਦ ਵਾਸੀ ਪਿੰਡ ਜੀਂਦੋਵਾਲ ਅਤੇ ਹਰੀਚੰਦ ਉਰਫ਼ ਹੈਰੀ ਪੁੱਤਰ ਨਾਰਾਇਣ ਦਾਸ ਵਾਸੀ ਪਿੰਡ ਬਘੌਰਾਂ ਥਾਣਾ ਸਦਰ ਨਵਾਂਸ਼ਹਿਰ ਹਾਲ ਵਾਸੀ ਬੰਗਾ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ ਲੁੱਟੀ ਗਈ ਰਕਮ ਵਿੱਚੋਂ 16,620 ਰੁਪਏ, ਵਾਰਦਾਤ ’ਚ ਵਰਤੀ ਗਈ ਬਾਈਕ ਅਤੇ ਤੇਜ਼ਦਾਰ ਹੱਥਿਆਰ ਅਤੇ ਮੋਬਾਇਲ ਫੋਨ ਬਰਾਮਦ ਕੀਤਾ ਹੈ।
ਇਹ ਵੀ ਪੜ੍ਹੋ : ਗੋਰਾਇਆ ਵਿਖੇ ਪੁੱਤ ਦੇ ਵਿਆਹ ਦੇ ਕਾਰਡ ਵੰਡ ਕੇ ਪਰਤ ਰਹੇ ਪਿਤਾ ਨਾਲ ਵਾਪਰੀ ਅਣਹੋਣੀ
ਆਈ. ਜੀ. ਸ਼ਰਮਾ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਦੋਸ਼ੀ ਹਰੀਚੰਦ ਉਰਫ਼ ਹੈਰੀ ਪਹਿਲਾਂ ਵੀ ਮ੍ਰਿਤਕ ਨਾਲ ਇਕ ਹੀ ਗੈਸ ਏਜੰਸੀ ’ਚ ਕੰਮ ਕਰਦਾ ਸੀ ਅਤੇ ਉਸ ਨੂੰ ਪਤਾ ਸੀ ਕਿ ਮ੍ਰਿਤਕ ਕੋਲ ਕੈਸ਼ ਬੈਗ ਹੁੰਦਾ ਹੈ। ਜਿਸ ਦੇ ਚਲਦੇ ਹੀ ਉਸ ਨੇ ਆਪਣੇ ਹੋਰ ਸਾਥੀਆਂ ਰਣਜੀਤ ਸਿੰਘ ਘੋਗਾ ਨਾਲ ਮਿਲ ਕੇ ਮ੍ਰਿਤਕ ਨੂੰ 3 ਗੈਸ ਸਿਲੰਡਰਾਂ ਦੀ ਡਿਲੀਵਰੀ ਲਈ ਬੁਲਾਇਆ ਸੀ ਅਤੇ ਇਸ ਦੌਰਾਨ ਹੀ ਪਿੰਡ ਖਟਕੜ ਕਲਾਂ ਤੋਂ ਝਿੱਕਾਂ ਦੇ ਮਾਰਗ ’ਤੇ ਮੋਟਰ ਰੇਹੜੀ ਚਲਾ ਰਹੇ ਮ੍ਰਿਤਕ ਦੇ ਸਿਰ ’ਤੇ ਤੇਜ਼ਦਾਰ ਹੱਥਿਆਰ ਨਾਰ ਹਮਲਾ ਕਰਕੇ ਬੈਗ ਅਤੇ ਮੋਬਾਇਲ ਫੋਨ ਲੁੱਟ ਕੇ ਫਰਾਰ ਹੋ ਗਏ ਸਨ। ਐੱਸ. ਐੱਸ. ਪੀ. ਭਗੀਰਥ ਸਿੰਘ ਮੀਣਾ ਨੇ ਦੱਸਿਆ ਕਿ ਦੋਸ਼ੀਆਂ ’ਤੇ ਦਰਜ 302 ਦੇ ਮਾਮਲੇ ’ਚ ਧਾਰਾ 397, 34 ਆਈ. ਪੀ. ਸੀ. ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਐੱਸ. ਪੀ. ਡਾ.ਮੁਕੇਸ਼ ਸ਼ਰਮਾ, ਡੀ. ਐੱਸ. ਪੀ. ਹਰਸ਼ਪ੍ਰੀਤ ਸਿੰਘ, ਸੁਰਿੰਦਰ ਚੰਦ, ਸਰਵਣ ਸਿੰਘ ਬੱਲ੍ਹ, ਅਤੇ ਸੀ. ਆਈ. ਏ. ਇੰਚਾਰਜ ਇੰਸਪੈਕਟਰ ਅਵਤਾਰ ਸਿੰਘ ਤੋਂ ਇਲਾਵਾ ਹੋਰ ਪੁਲਸ ਅਫ਼ਸਰ ਅਤੇ ਮੁਲਾਜ਼ਮ ਮੌਜੂਦ ਸਨ।
ਮੁਲਜ਼ਮਾਂ ਨੇ ਨਸ਼ੇ ਦੀ ਪੂਰਤੀ ਲਈ ਗੈਸ ਸਿਲੰਡਰ ਡਲਿਵਰੀ ਬੁਆਏ ਦੀ ਜਾਨ
ਕਾਬੂ ਕੀਤੇ 2 ਨੌਜਵਾਨਾਂ ਵੱਲੋਂ ਕੀਤੇ ਗਏ ਖੁਲਾਸੇ ਤੋਂ ਮੁੜ ਨਸ਼ਿਆਂ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ’ਤੇ ਪੈ ਰਹੇ ਅਸਰ ਦਾ ਖ਼ੁਲਾਸਾ ਕੀਤਾ ਹੈ। ਪੁਲਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਕਤਲ ਦੇ ਦੋਸ਼ ’ਚ ਗ੍ਰਿਫ਼ਤਾਰ ਹਰੀਚੰਦ ਉਰਫ਼ ਹੈਰੀ ਜੋ ਕਿ ਕਿਸੇ ਹੋਰ ਗੈਸ ਏਜੰਸੀ ’ਚ ਕੰਮ ਕਰਦਾ ਹੈ ਅਤੇ ਰਣਜੀਤ ਕੁਮਾਰ ਉਰਫ਼ ਘੋਗਾ ਜੋ ਮਜ਼ਦੂਰੀ ਕਰਦਾ ਹੈ ਅਤੇ ਦੋਵੇਂ ਨਸ਼ੇ ’ਚ ਲਿਪਤ ਸਨ ਅਤੇ ਨਸ਼ੇ ਦੀ ਪੂਰਤੀ ਲਈ ਹੀ ਉਨ੍ਹਾਂ ਸਿਲੰਡਰ ਡਿਲਿਵਰ ਕਰਨ ਵਾਲੇ ਨੌਜਵਾਨ ਦਾ ਕਤਲ ਲੁੱਟ-ਖਸੁੱਟ ਦੀ ਨੀਅਤ ਨਾਲ ਕੀਤਾ ਸੀ।
ਇਹ ਵੀ ਪੜ੍ਹੋ : ਬਿਜਲੀ ਮੰਤਰੀ ਹਰਭਜਨ ਸਿੰਘ ETO ਦਾ ਵੱਡਾ ਬਿਆਨ, ਪੰਜਾਬ ਦੇ 90 ਫ਼ੀਸਦੀ ਪਰਿਵਾਰਾਂ ਦਾ ਬਿਜਲੀ ਬਿੱਲ ਆ ਰਿਹੈ 'ਜ਼ੀਰੋ'
ਨਸ਼ੇ ਦੀ ਆਦਤ ਨੇ ਨੌਜਵਾਨਾਂ ਨੂੰ ਬਣਾਇਆ ਕਾਤਲ
ਪੁਲਸ ਜਾਂਚ ’ਚ ਪਤਾ ਲੱਗਾ ਕਿ ਮ੍ਰਿਤਕ ਵਿਨੈ ਕੁਮਾਰ ਵਰਮਾ ਨਾਲ ਹਰੀਚੰਦ ਉਰਫ਼ ਹੈਰੀ (21) ਕਈ ਸਾਲਾਂ ਤੱਕ ਕੰਮ ਕਰਦਾ ਰਿਹਾ ਹੈ। ਇਸ ਉਪਰੰਤ ਉਹ ਉਕਤ ਗੈਸ ਏਜੰਸੀ ਛੱਡ ਕੇ ਹੋਰ ਗੈਰ ਏਜੰਸੀ ’ਚ ਕੰਮ ਕਰਨ ਲਈ ਚਲਾ ਗਿਆ। ਹੈਰੀ ਦੀ ਦੋਸਤੀ ਕਤਰ ਵਿਚ ਮਜ਼ਦੂਰੀ ਕਰਕੇ ਵਾਪਸ ਪਰਤੇ ਰਣਜੀਤ ਸਿੰਘ ਘੋਗਾ (23) ਨਾਲ ਹੋ ਗਈ ਸੀ। ਦੋਵੇਂ ਨਸ਼ੇ ਦੇ ਆਦੀ ਸਨ ਅਤੇ ਭੰਗ-ਚਰਸ ਦਾ ਨਸ਼ਾ ਕਰਦੇ ਸਨ। ਨਸ਼ੇ ਦੀ ਡੋਜ਼ ਨੂੰ ਪੂਰਾ ਕਰਨ ਲਈ ਉਨ੍ਹਾਂ ਲੁੱਟ-ਖਸੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਫ਼ੈਸਲਾ ਕੀਤਾ ਸੀ। ਮ੍ਰਿਤਕ ਵਿਨੈ ਕੁਮਾਰ ਵਰਮਾ ਕੋਲ ਕੈਸ਼ ਹੋਣ ਅਤੇ ਆਸਾਨ ਸ਼ਿਕਾਰ ਹੋਣ ਕਾਰਨ ਉਨ੍ਹਾਂ ਵਿਨੈ ਕੁਮਾਰ ਨੂੰ 3 ਸਿਲੰਡਰਾਂ ਦੀ ਡਲਿਵਰੀ ਕਰਨ ਲਈ ਅਜਿਹੇ ਸਮੇਂ ਆਪਣੇ ਕੋਲ ਬੁਲਾਇਆ ਸੀ, ਜਦੋਂ ਉਸ ਨੇ ਕਾਫ਼ੀ ਰਕਮ ਇਕੱਠੀ ਹੋਈ ਸੀ। ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਕਤ ਮੁਲਜ਼ਮਾਂ ਨੂੰ ਆਪਣੀ ਪਛਾਣ ਉਜਾਗਰ ਹੋਣ ਦਾ ਡਰ ਸੀ, ਜਿਸ ਕਾਰਨ ਉਨ੍ਹਾਂ ਡਿਲਿਵਰੀ ਬੁਆਏ ਦਾ ਕਤਲ ਕਰ ਦੇਣ ਦੀ ਸਲਾਹ ਬਣਾਈ।
ਮੁਲਜ਼ਮ ਦੇ ਮੋਬਾਇਲ ਲੋਕੇਸ਼ਨ ਤੋਂ ਪੁਲਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ
ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਾਂਚ ਵਿਚ ਜੁਟੀ ਪੁਲਸ ਦੇ ਇਕ ਮੁਖਬਰ ਖ਼ਾਸ ਨੇ ਮਹੱਤਵਪੂਰਨ ਜਾਣਕਾਰੀ ਦਿੱਤੀਆਂ ਸਨ। ਸ਼ੱਕ ਦੇ ਅਧੀਨ ਆਏ ਉਕਤ ਮੁਲਜ਼ਮ ’ਚੋਂ ਇਕ ਦੋਸ਼ੀ ਦਾ ਫੋਨ ਚੱਲ ਰਿਹਾ ਸੀ, ਜਿਸ ਦੀ ਲੋਕੇਸ਼ਨ ਦੀ ਜਾਣਕਾਰੀ ਪੁਲਸ ਨੇ ਜੁਟਾ ਕੇ ਬੀਤੀ ਦੇਰ ਰਾਤ ਤਕ ਉਕਤ ਲੋਕੇਸ਼ਨ ’ਤੇ ਨਜ਼ਰ ਰੱਖੀ ਸੀ, ਜਿਸ ਨਾਲ ਦੋਵੇਂ ਦੀ ਦੋਸ਼ੀ ਪੁਲਸ ਹੱਥੀਂ ਚੜ੍ਹੇ।
ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਹੁਸ਼ਿਆਰਪੁਰ ਦੇ ਵਿਅਕਤੀ ਦਾ ਐਡਮਿੰਟਨ 'ਚ ਗੋਲੀਆਂ ਮਾਰ ਕੇ ਕਤਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਚਾਈਨਾ ਡੋਰ ਵੇਚਣ ਤੇ ਸਟੋਰ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ
NEXT STORY